ਅਮਰੀਕੀ ਅਦਾਲਤ ਵੱਲੋਂ ਖਾੜਕੂ ਬਲਵਿੰਦਰ ਸਿੰਘ ਨੂੰ 15 ਸਾਲ ਕੈਦ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਖਾੜਕੂ ਬਲਵਿੰਦਰ ਸਿੰਘ ਨੂੰ 15 ਸਾਲ ਕੈਦ ਦੀ ਸਜ਼ਾ

ਨਿਊਯਾਰਕ/ਬਿਊਰੋ ਨਿਊਜ਼ :
ਭਾਰਤ ਵਿੱਚ ਖਾੜਕੂ ਹਮਲਿਆਂ ਲਈ ਖਾਲਿਸਤਾਨ ਲਹਿਰ ਦੀ ਮਦਦ ਕਰਨ ਦੇ ਦੋਸ਼ ਹੇਠ ਅਮਰੀਕਾ ਵਿੱਚ 42 ਸਾਲਾ ਭਾਰਤੀ ਨੂੰ 15 ਸਾਲਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਨੇਵਾਡਾ ਸੂਬੇ ਦੇ ਅਟਾਰਨੀ ਡੇਨੀਅਲ ਬੋਗਡੇਨ ਅਤੇ ਐਫਬੀਆਈ ਦੀ ਲਾਸ ਵੈਗਸ ਡਿਵੀਜ਼ਨ ਦੇ ਵਿਸ਼ੇਸ਼ ਏਜੰਟ ਇੰਚਾਰਜ ਐਰੋਨ ਸੀ ਰਾਊਜ਼ ਨੇ ਕਿਹਾ ਕਿ ਬਲਵਿੰਦਰ ਸਿੰਘ ਦੋ ਖਾੜਕੂ ਜਥੇਬੰਦੀਆਂ ਦਾ ਮੈਂਬਰ ਸੀ ਅਤੇ ਉਸ ਨੇ ਭਾਰਤ ਸਰਕਾਰ ਨੂੰ ਡਰਾਉਣ ਤੇ ਇਨ੍ਹਾਂ ਜਥੇਬੰਦੀਆਂ ਦੀ ਹਮਾਇਤ ਨਾ ਕਰਨ ਵਾਲਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਸਮੱਗਰੀ ਮੁਹੱਈਆ ਕੀਤੀ। ਅਮਰੀਕਾ ਦੇ ਜ਼ਿਲ੍ਹਾ ਜੱਜ ਲੈਰੀ ਹਿੱਕਜ਼ ਨੇ ਉਸ ਨੂੰ 180 ਮਹੀਨਿਆਂ (15 ਸਾਲ) ਦੀ ਸਜ਼ਾ ਸੁਣਾਈ। ਬੋਗਡੇਨ ਨੇ ਕਿਹਾ ਕਿ ਇਹ ਕੇਸ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੂੰ ਅਤਿਵਾਦੀ ਹਮਲੇ ਤੋਂ ਬਚਾਉਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਕਈ ਏਜੰਸੀਆਂ ਦੇ ਤਾਲਮੇਲ ਦੀ ਮਿਸਾਲ ਹੈ। ਬਲਵਿੰਦਰ ਸਿੰਘ ਭਾਰਤ ਦਾ ਨਾਗਰਿਕ ਹੈ ਅਤੇ ਉਹ ਅਮਰੀਕਾ ਦਾ ਸਥਾਈ ਵਾਸੀ ਹੈ। ਉਸ ਨੂੰ ਪਿਛਲੇ ਸਾਲ ਨਵੰਬਰ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਸਤੰਬਰ ਤੇ ਦਸੰਬਰ 2013 ਵਿਚਾਲੇ ਉਸ ਨੇ ਹੋਰਾਂ ਨਾਲ ਮਿਲ ਕੇ ਭਾਰਤ ਵਿੱਚ ਅਤਿਵਾਦੀ ਹਮਲਿਆਂ ਦੀ ਸਾਜ਼ਿਸ਼ ਘੜੀ ਅਤੇ ਇਸ ਲਈ ਸਹਾਇਤਾ ਵੀ ਕੀਤੀ। ਦਸਤਾਵੇਜ਼ਾਂ ਵਿੱਚ ਕਿਹਾ ਗਿਆ ਕਿ ਬਲਵਿੰਦਰ ਸਿੰਘ ਨੇ ਮੰਨਿਆ ਕਿ ਉਸ ਨੇ ਸਹਿ-ਸਾਜ਼ਿਸ਼ਕਰਤਾ ਦੇ ਦੱਖਣੀ ਏਸ਼ੀਆ ਵਿਚਲੇ ਸਫ਼ਰ ਦਾ ਪ੍ਰਬੰਧ ਕੀਤਾ ਅਤੇ ਹਮਲੇ ਨੂੰ ਨੇਪਰੇ ਚਾੜ੍ਹਨ ਲਈ ਲੋੜੀਂਦਾ ਸਾਮਾਨ ਤੇ ਪੈਸਾ ਮੁਹੱਈਆ ਕੀਤਾ। ਉਹ ਕਈ ਮੌਕਿਆਂ ਉਤੇ ਸਹਿ-ਸਾਜ਼ਿਸ਼ਕਰਤਾ ਨੂੰ ਮਿਲਣ ਲਈ ਰੀਨੋ ਤੋਂ ਕੈਲੀਫੋਰਨੀਆ ਵੀ ਗਿਆ।
ਅਕਤੂਬਰ 2013 ਵਿੱਚ ਬਲਵਿੰਦਰ ਸਿੰਘ ਤੇ ਸਹਿ-ਸਾਜ਼ਿਸ਼ਕਾਰ ਇਸ ਗੱਲ ਉਤੇ ਸਹਿਮਤ ਹੋਏ ਕਿ ਉਨ੍ਹਾਂ ਵਿਚੋਂ ਕੋਈ ਇਕ ਭਾਰਤ ਜਾਵੇਗਾ ਅਤੇ ਕਿਸੇ ਭਾਰਤੀ ਅਧਿਕਾਰੀ ਉਤੇ ਹਮਲੇ ਨੂੰ ਅੰਜ਼ਾਮ ਦੇਵੇਗਾ। ਨਿਸ਼ਾਨੇ ਦੀ ਚੋਣ ਇਸ ਸਹਿ-ਸਾਜ਼ਿਸ਼ਕਰਤਾ ਦੇ ਦੱਖਣੀ ਏਸ਼ੀਆ ਪਹੁੰਚਣ ਮਗਰੋਂ ਹੋਣੀ ਸੀ। ਨਵੰਬਰ 2013 ਵਿੱਚ ਬਲਵਿੰਦਰ ਸਿੰਘ ਨੇ ਰਾਤ ਨੂੰ ਦੇਖਣ ਵਾਲੀਆਂ ਦੋ ਐਨਕਾਂ ਤੇ ਇਕ ਲੈਪਟਾਪ ਖਰੀਦਿਆ ਸੀ ਅਤੇ ਇਹ ਚੀਜ਼ਾਂ ਇਕ ਸਹਿ-ਸਾਜ਼ਿਸ਼ਕਰਤਾ ਨੂੰ ਮੁਹੱਈਆ ਕਰਵਾਈਆਂ, ਜੋ ਇਸ ਹਮਲੇ ਨੂੰ ਅੰਜ਼ਾਮ ਦੇਣ ਜਾ ਰਿਹਾ ਸੀ।