ਇੰਦੌਰ ਤੋਂ ਪਟਨਾ ਜਾ ਰਹੀ ਰੇਲ ਦੇ 14 ਡੱਬੇ ਲੀਹੋਂ ਲੱਥੇ, 142 ਮੌਤਾਂ

ਇੰਦੌਰ ਤੋਂ ਪਟਨਾ ਜਾ ਰਹੀ ਰੇਲ ਦੇ 14 ਡੱਬੇ ਲੀਹੋਂ ਲੱਥੇ, 142 ਮੌਤਾਂ

ਕੈਪਸ਼ਨ-ਕਾਨਪੁਰ ਨੇੜੇ ਹੋਏ ਹਾਦਸੇ ਵਿੱਚ ਡੱਬੇ ਵਿਚ ਫਸੇ ਯਾਤਰੀ ਤੇ ਜ਼ਖ਼ਮੀਆਂ ਦੀ ਮਦਦ ਕਰਦਾ ਹੋਇਆ ਸਿੱਖ ਵਲੰਟੀਅਰ।
ਪੁਖਰਾਈਆਂ (ਯੂਪੀ)/ਬਿਊਰੋ ਨਿਊਜ਼ :
ਕਾਨਪੁਰ ਦਿਹਾਤੀ ਇਲਾਕੇ ਵਿਚ ਵਾਪਰੇ ਭਿਆਨਕ ਰੇਲ ਹਾਦਸੇ ਵਿਚ 142 ਮੁਸਾਫ਼ਰ ਮਾਰੇ ਗਏ ਜਦੋਂ ਕਿ 200 ਤੋਂ ਵੱਧ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚੋਂ ਅੱਧਿਆਂ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ। ਪਟਨਾ ਜਾ ਰਹੀ ਇੰਦੌਰ-ਪਟਨਾ ਐਕਸਪ੍ਰੈਸ ਦੇ 14 ਡੱਬੇ ਲੀਹੋਂ ਲੱਥ ਗਏ ਜਿਨ੍ਹਾਂ ਵਿਚੋਂ ਚਾਰ ਸਲੀਪਰ ਡੱਬੇ ਬੁਰੀ ਤਰ੍ਹਾਂ ਨੁਕਸਾਨੇ ਗਏ। ਇਨ੍ਹਾਂ ਚਾਰ ਡੱਬਿਆਂ ਵਿਚੋਂ ਐਸ1 ਅਤੇ ਐਸ2 ਡੱਬੇ ਇਕ-ਦੂਜੇ ‘ਤੇ ਚੜ੍ਹ ਗਏ ਅਤੇ ਜ਼ਿਆਦਾਤਰ ਮੌਤਾਂ ਇਨ੍ਹਾਂ ਡੱਬਿਆਂ ਵਿਚ ਹੀ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ। ਐਸ3 ਅਤੇ ਐਸ4 ਡੱਬਿਆਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਇਨ੍ਹਾਂ ਡੱਬਿਆਂ ਵਿਚ ਲੋਕ ਜ਼ੋਰਦਾਰ ਝਟਕਾ ਲੱਗਣ ਅਤੇ ਹਨੇਰਾ ਹੋਣ ਕਾਰਨ ਇਕ-ਦੂਜੇ ਉਪਰ ਡਿੱਗ ਪਏ ਅਤੇ ਡੱਬਿਆਂ ਅੰਦਰ ਹੀ ਫਸ ਗਏ। ਏਸੀ 3 ਟਿਅਰ ਡੱਬੇ ‘ਤੇ ਵੀ ਅਸਰ ਪਿਆ ਪਰ ਇਨ੍ਹਾਂ ਵਿਚ ਜਾਨੀ ਨੁਕਸਾਨ ਘੱਟ ਹੋਇਆ ਹੈ। ਫ਼ੌਜ, ਐਨਡੀਆਰਐਫ ਅਤੇ ਪੁਲੀਸ ਦੇ ਜਵਾਨ ਤੁਰੰਤ ਰਾਹਤ ਅਤੇ ਬਚਾਅ ਕਾਰਜਾਂ ਵਿਚ ਜੁਟ ਗਏ। ਰੇਲਵੇ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਆਈਜੀ (ਕਾਨਪੁਰ ਰੇਂਜ) ਜ਼ਕੀ ਅਹਿਮਦ ਮੁਤਾਬਕ 116 ਲਾਸ਼ਾਂ ਵਿਚੋਂ ਜ਼ਿਆਦਾਤਰ ਨੂੰ ਕਾਨਪੁਰ ਦਿਹਾਤੀ ਦੇ ਮਾਟੀ ਮੁਰਦਾਘਾਟ ਵਿਚ ਰੱਖਿਆ ਗਿਆ ਹੈ। ਡੱਬਿਆਂ ਵਿਚਕਾਰ ਫਸ ਗਏ ਛੇ ਮੁਸਾਫ਼ਰਾਂ ਦੀ ਮੌਤ ਦਾ ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਹੈ। ਮ੍ਰਿਤਕਾਂ ਵਿਚੋਂ 43 ਦੀ ਸ਼ਨਾਖ਼ਤ ਕੀਤੀ ਜਾ ਚੁੱਕੀ ਸੀ ਜਿਨ੍ਹਾਂ ਵਿਚੋਂ 20 ਉੱਤਰ ਪ੍ਰਦੇਸ਼, 15 ਮੱਧ ਪ੍ਰਦੇਸ਼, ਛੇ ਬਿਹਾਰ ਅਤੇ ਇਕ-ਇਕ ਮਹਾਰਾਸ਼ਟਰ ਤੇ ਗੁਜਰਾਤ ਦੇ ਹਨ। ਇਨ੍ਹਾਂ ਵਿਚੋਂ 27 ਦਾ ਪੋਸਟਮਾਰਟਮ ਕਰਨ ਮਗਰੋਂ ਲਾਸ਼ਾਂ ਵਾਰਿਸਾਂ ਹਵਾਲੇ ਕਰ ਦਿੱਤੀਆਂ ਗਈਆਂ। ਅਧਿਕਾਰੀਆਂ ਨੇ ਕਿਹਾ ਕਿ ਲਾਸ਼ਾਂ ਲਿਜਾਣ ਲਈ ਪਰਿਵਾਰਾਂ ਨੂੰ ਐਂਬੂਲੈਂਸਾਂ ਮੁਹੱਈਆ ਕਰਾਈਆਂ ਗਈਆਂ ਹਨ।
ਮ੍ਰਿਤਕਾਂ ਵਿਚ ਫ਼ੌਜੀ ਪ੍ਰਭੂ ਨਰਾਇਣ ਸਿੰਘ, ਰੋਹਤਾਸ ਦਾ ਬੀਐਸਐਫ਼ ਜਵਾਨ ਅਨਿਲ ਕਿਸ਼ੋਰ ਅਤੇ ਝਾਂਸੀ ਦਾ ਪੁਲੀਸ ਸਿਪਾਹੀ ਲਖਣ ਸਿੰਘ ਸ਼ਾਮਲ ਹਨ। ਸ੍ਰੀ ਅਹਿਮਦ ਨੇ ਦੱਸਿਆ ਕਿ ਹਾਦਸੇ ਵਿਚ 76 ਮੁਸਾਫ਼ਰ ਗੰਭੀਰ ਜ਼ਖ਼ਮੀ ਹੋਏ ਹਨ ਜਦਕਿ 150 ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਹਾਦਸੇ ਮਗਰੋਂ ਰੇਲ ਰਾਜ ਮੰਤਰੀ ਮਨੋਜ ਸਿਨਹਾ ਮੌਕੇ ‘ਤੇ ਪਹੁੰਚ ਗਏ ਜਿਨ੍ਹਾਂ ਖ਼ਦਸ਼ਾ ਜਤਾਇਆ ਕਿ ਪਟੜੀ ਟੁੱਟੀ ਹੋਣ ਕਾਰਨ ਡੱਬੇ ਲੀਹੋਂ ਲੱਥੇ। ਉਨ੍ਹਾਂ ਹਾਦਸੇ ਦੇ ਕਾਰਨਾਂ ਦੀ ਜਾਂਚ ਦੇ ਹੁਕਮ ਦਿੱਤੇ ਅਤੇ ਚਿਤਾਵਨੀ ਦਿੱਤੀ ਕਿ ਜਿਹੜਾ ਵੀ ਕੋਤਾਹੀ ਲਈ ਜ਼ਿੰਮੇਵਾਰ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਰੇਲਵੇ ਬੋਰਡ ਦੇ ਮੈਂਬਰ (ਇੰਜਨੀਅਰਿੰਗ) ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨਗੇ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮ੍ਰਿਤਕਾਂ ਦੇ ਵਾਰਿਸਾਂ ਨੂੰ ਦੋ-ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ।