ਪੰਜਾਬ ਵਿਧਾਨ ਸਭਾ : ਆਬਕਾਰੀ ਸੋਧ ਬਿਲ ਸਮੇਤ 12 ਬਿਲ ਪਾਸ

ਪੰਜਾਬ ਵਿਧਾਨ ਸਭਾ : ਆਬਕਾਰੀ ਸੋਧ ਬਿਲ ਸਮੇਤ 12 ਬਿਲ ਪਾਸ

ਕੈਪਸ਼ਨ-ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਤੇ ਹੋਰ ਵਿਧਾਇਕਾਂ ਨਾਲ ਵਿਧਾਨ ਸਭਾ ਪਹੁੰਚਦੇ ਹੋਏ। 

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਨੇ ਆਬਕਾਰੀ ਕਾਨੂੰਨ ਸੋਧ ਬਿਲ ‘ਤੇ ਆਪਣੀ ਪ੍ਰਵਾਨਗੀ ਦੀ ਮੋਹਰ ਲਾਉਂਦਿਆਂ ਸੂਬੇ ਵਿਚਲੇ ਕੌਮੀ ਸ਼ਾਹਰਾਹਾਂ ਤੇ ਰਾਜ ਮਾਰਗਾਂ ‘ਤੇ ਸਥਿਤ ਹੋਟਲਾਂ, ਰੈਸਤਰਾਵਾਂ ਅਤੇ ਮੈਰਿਜ ਪੈਲਿਸਾਂ ਵਿਚ ਸ਼ਰਾਬ ਪਰੋਸਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਵਿਧਾਨ ਸਭਾ ਵਲੋਂ 12 ਬਿਲ ਪਾਸ ਕੀਤੇ ਗਏ, ਜਿਨ੍ਹਾਂ ਵਿਚ ਖਾਲਸਾ ਯੂਨੀਵਰਸਿਟੀ ਦੀ ਸਥਾਪਨਾ ਵਾਲਾ ਕਾਨੂੰਨ ਵਾਪਸ ਲੈਣ ਵਾਲਾ ਬਿਲ ਵੀ ਸ਼ਾਮਲ ਹੈ, ਜਿਸ ਨੇ ਇਸ ਸਬੰਧੀ ਪਹਿਲਾਂ ਜਾਰੀ ਆਰਡੀਨੈਂਸ ਦੀ ਥਾਂ ਲਈ ਹੈ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੈਰਮੌਜੂਦਗੀ ਵਿਚ ਆਬਕਾਰੀ ਸੋਧ ਬਿਲ ਪੇਸ਼ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਵਲੋਂ ਕੌਮੀ ਤੇ ਰਾਜ ਮਾਰਗਾਂ ਦੇ 500 ਮੀਟਰ ਦੇ ਘੇਰੇ ਵਿਚ ਸ਼ਰਾਬ ਵੇਚਣ ‘ਤੇ ਲਾਈ ਪਾਬੰਦੀ ਤੋਂ ਪੈਦਾ ਹੋਏ ਹਾਲਾਤ ਕਾਰਨ ਇਸ ਸੋਧ ਦੀ ਜ਼ਰੂਰਤ ਪਈ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਨਾਲ ਰਾਜ ਦਾ ਮਾਲੀਆ ਹੀ ਪ੍ਰਭਾਵਤ ਨਹੀਂ ਹੋ ਰਿਹਾ, ਸਗੋਂ ਰੁਜ਼ਗਾਰ ‘ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਸਦਨ ਨੇ ਖਾਲਸਾ ਯੂਨੀਵਰਸਿਟੀ ਐਕਟ 2016 ਨੂੰ ਮਨਸੂਖ ਕਰਨ ਦਾ ਬਿਲ ਵੀ ਪਾਸ ਕਰ ਦਿੱਤਾ, ਜੋ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਪੇਸ਼ ਕੀਤਾ। ਕਾਂਗਰਸ ਦੇ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਬਿਲ ‘ਤੇ ਬਹਿਸ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਖਾਲਸਾ ਕਾਲਜ ਨਾਲ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹਨ ਪਰ ਮਜੀਠੀਆ ਪਰਿਵਾਰ ਨੇ ਇਸ ‘ਤੇ ਕਬਜ਼ਾ ਕਰਨ ਦੀ ਮਨਸ਼ਾ ਨਾਲ ਨਿੱਜੀ ਯੂਨੀਵਰਸਿਟੀ ਬਣਾਈ ਸੀ। ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਨਿੱਜੀ ਯੂਨੀਵਰਸਿਟੀਆਂ ਦੀ ਕਾਰਗੁਜ਼ਾਰੀ ‘ਤੇ ਵਾਲ ਖੜ੍ਹੇ ਕਰਦਿਆਂ ਸੂਬੇ ਵਿਚਲੀਆਂ ਨਿੱਜੀ ਯੂਨੀਵਰਸਿਟੀਆਂ ਦੀ ਪੜਤਾਲ ਕਰਾਉਣ ਦੀ ਮੰਗ ਕੀਤੀ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਮਿਉਂਸਿਪਲ ਬੁਨਿਆਦੀ ਢਾਂਚਾ ਵਿਕਾਸ ਫੰਡ ਸੋਧ ਬਿਲ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਵੈਟ ਦੀ ਥਾਂ ਜੀਐਸਟੀ ਲਾਗੂ ਹੋਣ ਨਾਲ ਮਿਉਂਸਿਪਲ ਕਮੇਟੀਆਂ ਨੂੰ ਸਾਲ 2015-16 ਦੌਰਾਨ ਦਿੱਤੇ ਮਾਲੀਏ ਵਿਚ 14 ਫੀਸਦੀ ਦਾ ਵਾਧਾ ਕਰਕੇ ਦਿੱਤਾ ਜਾਵੇਗਾ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸ਼ਹਿਰੀ ਲੋਕਾਂ ਨੂੰ   ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਪੰਜਾਬ ‘ਚ ਕਾਂਗਰਸ ਦੀ ਸਰਕਾਰ ਬਣਨ ‘ਚ ਸ਼ਹਿਰੀਆਂ ਦਾ ਵੱਡਾ ਯੋਗਦਾਨ ਰਿਹਾ ਹੈ।
ਵਿਧਾਨ ਸਭਾ ਨੇ ਪੰਜਾਬ ਪੰਚਾਇਤੀ ਰਾਜ ਸੋਧ ਬਿਲ, ਮਿਉਂਸਿਪਲ ਸੋਧ ਬਿਲ ਅਤੇ ਮਿਉਂਸਿਪਲ ਕਾਰਪੋਰੇਸ਼ਨ ਸੋਧ ਬਿਲ ਵੀ ਪਾਸ ਕਰ ਦਿੱਤਾ, ਜਿਸ ਨਾਲ ਪੰਚਾਇਤੀ ਅਤੇ ਸ਼ਹਿਰੀ ਸੰਸਥਾਵਾਂ ਵਿਚ ਔਰਤਾਂ ਦਾ ਰਾਖਵਾਂਕਰਨ 33 ਫੀਸਦੀ ਤੋਂ ਵਧਾ ਕੇ 50 ਫੀਸਦੀ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਬਠਿੰਡਾ ਅਤੇ ਇੰਦਰ ਕੁਮਾਰ ਗੁਜਰਾਲ ਯੂਨੀਵਰਸਿਟੀ ਜਲੰਧਰ ਦੇ ਪ੍ਰਬੰਧਕੀ ਬੋਰਡ ਵਿਚ ਤਕਨੀਕੀ ਖੇਤਰ ਨਾਲ ਜੁੜੀ ਸ਼ਖ਼ਸੀਅਤ ਨੂੰ ਚੇਅਰਮੈਨ ਲਾਉਣ ਦਾ ਰਾਹ ਪੱਧਰਾ ਕਰਦਿਆਂ ਦੋਹਾਂ ਯੂਨੀਵਰਸਿਟੀਆਂ ਦੇ ਸੋਧ ਬਿਲ ਵੀ ਸਦਨ ਨੇ ਪਾਸ ਕੀਤੇ। ਪੀਆਈਡੀਬੀ ਐਕਟ ਸੋਧ ਬਿਲ ਪਾਸ ਕਰਦਿਆਂ ਇਸ ਬੋਰਡ ਦੀ ਆਮਦਨ ਨੂੰ ਬਜਟ ਦਾ ਹਿੱਸਾ ਬਣਾਉਣ ਲਈ ਹਰੀ ਝੰਡੀ ਦਿੱਤੀ ਗਈ। ਬਿਲ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੇਸ਼ ਕੀਤਾ। ਮਾਰਕੀਟ ਕਮੇਟੀਆਂ ਨੂੰ ਭੰਗ ਕਰਨ ਦਾ ਬਿਲ ਅਤੇ ਮੰਡੀ ਬੋਰਡ ਸੋਧ ਬਿਲ ਪਾਸ ਕਰਕੇ ਮੰਡੀਆਂ ਵਿਚ ਈ-ਮਾਰਕੀਟਿੰਗ ਨੂੰ ਉਤਸ਼ਾਹਤ ਕੀਤਾ ਜਾਵੇਗਾ।

ਸੁਖਬੀਰ, ਅਕਾਲੀ ਦਲ ਤੇ ‘ਆਪ’ ਖ਼ਿਲਾਫ਼ ਨਿੰਦਾ ਮਤੇ ਪਾਸ
ਪੰਜਾਬ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਸਦਨ ਦੀ ਮਰਿਆਦਾ ਭੰਗ ਕਰਨ ਦੇ ਦੋਸ਼ ਲਾਉਂਦਿਆਂਂ ਨਿੰਦਾ ਮਤਾ ਪੇਸ਼ ਕੀਤਾ ਅਤੇ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਨੇ ਵਿਧਾਨ ਸਭਾ ਸਪੀਕਰ ਖਿਲਾਫ਼ ਅਪਮਾਨਜਨਕ ਸ਼ਬਦ ਸਦਨ ਦੇ ਅੰਦਰ ਅਤੇ ਬਾਹਰ ਬੋਲੇ ਹਨ ਤੇ ਜਾਣ ਬੁੱਝ ਕੇ ਸਦਨ ਤੇ ਸਪੀਕਰ ਦੀ ਹੱਤਕ ਕੀਤੀ ਹੈ। ਸਦਨ ਨੇ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਇਸੇ ਤਰ੍ਹਾਂ ਸ੍ਰੀ ਮਹਿੰਦਰਾ ਨੇ ਸਦਨ ਵਿਚ ‘ਆਪ’ ਅਤੇ ਅਕਾਲੀ ਦਲ ਦੇ ਵਿਧਾਇਕਾਂ ਵਲੋਂ ਵਾਕਆਊਟ ਸਮੇਂ ‘ਫਲੋਰ ਕਰਾਸ’ ਕਰਨ ਨੂੰ ਵੀ ਮਰਿਆਦਾ ਭੰਗ ਕਰਨ ਦੀ ਕਾਰਵਾਈ ਕਰਾਰ ਦਿੰਦਿਆਂ ਨਿੰਦਾ ਮਤਾ ਪੇਸ਼ ਕੀਤਾ, ਜੋ ਸਦਨ ਨੇ ਪਾਸ ਕਰ ਦਿੱਤਾ।
ਕਰਜ਼ਾਈ ਕਿਸਾਨਾਂ ਦੀ ਕੁਰਕੀ ਦੇ ਅਖ਼ਤਿਆਰ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਤੋਂ ਵਾਪਸ ਲੈਣ ਲਈ ਪੰਜਾਬ ਸਹਿਕਾਰੀ ਸਭਾਵਾਂ ਸੋਧ ਬਿਲ ਨੂੰ ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਇਹ ਬਿਲ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਨਾਲ ਕੀਤਾ ਚੋਣ ਵਾਅਦਾ ਪੁਗਾਇਆ ਹੈ।