ਇਰਾਨ ਦੇ ਮਾੜੇ ਮਾਲੀ ਹਾਲਾਤ ਵਿਰੁਧ ਮੁਜ਼ਾਹਰਿਆਂ ਉੱਤੇ ਪੁਲੀਸ ਤਸ਼ੱਦਦ ਦੌਰਾਨ ਝੜਪਾਂ ‘ਚ 12 ਲੋਕ ਮਾਰੇ ਗਏ

ਇਰਾਨ ਦੇ ਮਾੜੇ ਮਾਲੀ ਹਾਲਾਤ ਵਿਰੁਧ ਮੁਜ਼ਾਹਰਿਆਂ ਉੱਤੇ ਪੁਲੀਸ ਤਸ਼ੱਦਦ ਦੌਰਾਨ ਝੜਪਾਂ ‘ਚ 12 ਲੋਕ ਮਾਰੇ ਗਏ

ਤਹਿਰਾਨ/ਬਿਊਰੋ ਨਿਊਜ਼:
ਇਰਾਨ ਵਿੱਚ ਮਾੜੇ ਆਰਥਿਕ ਹਾਲਾਤ ਖ਼ਿਲਾਫ਼ ਜਾਰੀ ਪ੍ਰਦਰਸ਼ਨਾਂ ਤੇ ਰਾਸ਼ਟਰਪਤੀ ਹਸਨ ਰੂਹਾਨੀ ਵੱਲੋਂ ਅਮਨ ਬਣਾਏ ਰੱਖਣ ਦੇ ਦਿੱਤੇ ਸੱਦੇ ਦੇ ਬਾਵਜੂਦ 12 ਲੋਕਾਂ ਦੀ ਮੌਤ ਹੋ ਗਈ ਹੈ। ਹਥਿਆਰਬੰਦ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਸਟੇਸ਼ਨਾਂ ਤੇ ਫ਼ੌਜੀ ਅੱਡਿਆਂ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਸਰਕਾਰੀ ਟੀਵੀ ਮੁਤਾਬਕ 10 ਲੋਕਾਂ ਦੀ ਬੀਤੀ ਰਾਤ ਝੜਪਾਂ ਦੌਰਾਨ ਮੌਤ ਹੋ ਗਈ ਜਦਕਿ ਦੋ ਜਣੇ ਪੱਛਮੀ ਇਰਾਨ ਵਿੱਚ ਪ੍ਰਦਰਸ਼ਨਾਂ ਮੌਕੇ ਮਾਰੇ ਗਏ। ਪ੍ਰਦਰਸ਼ਨ ਲੰਘੇ ਵੀਰਵਾਰ ਤੋਂ ਮਸ਼ਾਦ ਸ਼ਹਿਰ ਵਿੱਚ ਸ਼ੁਰੂ ਹੋਏ ਸਨ, ਪਰ ਜਲਦੀ ਹੀ ਮੁਲਕ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਲੋਕ ਸੜਕਾਂ ‘ਤੇ ਉੱਤਰ ਆਏ। ਉਧਰ ਰੂਹਾਨੀ ਨੇ ਅਮਨ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਆਲੋਚਨਾ ਤੇ ਹਿੰਸਾ ਵਿੱਚ ਫਰਕ ਹੁੰਦਾ ਹੈ।
ਇਸ ਤੋਂ ਪਹਿਲਾਂ ਮੁਕਾਮੀ ਸੰਸਦ ਮੈਂਬਰ ਹਿਦਾਏਤੁੱਲ੍ਹਾ ਖਾਦੇਮੀ ਨੇ ਖ਼ਬਰ ਏਜੰਸੀ ਇਲਨਾ ਨੂੰ ਦੱਸਿਆ ਕਿ ਇਜ਼ੇਹ ਦੇ ਲੋਕ ਹੋਰਨਾਂ ਸ਼ਹਿਰਾਂ ਵਾਂਗ ਮੁਲਕ ਦੇ ਮਾੜੇ ਆਰਥਿਕ ਹਾਲਾਤ ਖ਼ਿਲਾਫ਼ ਰੋਸ ਮੁਜ਼ਾਹਰਾ ਕਰ ਰਹੇ ਸਨ ਕਿ ਇਸ ਦੌਰਾਨ ਦੋ ਲੋਕ ਫ਼ੌਤ ਅਤੇ ਕਈ ਹੋਰ ਜ਼ਖ਼ਮੀ ਹੋ ਗਏ।’ ਸਰਕਾਰੀ ਟੈਲੀਵਿਜ਼ਨ ਨੇ ਕਿਹਾ ਕਿ ਦੋ ਜਣੇ ਛੋਟੇ ਪੱਛਮੀ ਕਸਬੇ ਦੋਰੁਦ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਚੋਰੀ ਕੀਤੇ ਫਾਇਰ ਇੰਜਣ ਦੀ ਫ਼ੇਟ ਵੱਜਣ ਕਰਕੇ ਹਲਾਕ ਹੋ ਗਏ। ਤਾਕਿਸਤਾਨ ਦੇ ਉੱਤਰ ਪੱਛਮੀ ਕਸਬੇ ਵਿੱਚ ਮੌਲਵੀਆਂ ਦੇ ਇਕ ਸਕੂਲ ਤੇ ਸਰਕਾਰੀ ਇਮਾਰਤਾਂ ਨੂੰ ਅੱਗ ਲਾ ਦਿੱਤੀ ਗਈ। ਪੁਲੀਸ ਨੇ ਤਹਿਰਾਨ ਦੇ ਇੰਗਹੈਲਬ ਚੌਕ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਹਟਾਉਣ ਲਈ ਅਥਰੂ ਗੈਸ ਤੇ ਜਲ ਤੋਪਾਂ ਦੀ ਵਰਤੋਂ ਕੀਤੀ। ਪਿਛਲੇ ਚਾਰ ਦਿਨਾਂ ਤੋਂ ਮੁਲਕ ਭਰ ਵਿੱਚ ਜਾਰੀ ਪ੍ਰਦਰਸ਼ਨਾਂ ਦੌਰਾਨ ਹੁਣ ਤਕ ਚਾਰ ਸੌ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਉਧਰ ਰਾਸ਼ਟਰਪਤੀ ਰੂਹਾਨੀ ਨੇ ਸਾਲ 2009 ਤੋਂ ਹੋ ਰਹੇ ਪ੍ਰਦਰਸ਼ਨਾਂ, ਜੋ ਕਿ ਸਰਕਾਰ ਲਈ ਵੱਡੀ ਚੁਣੌਤੀ ਹਨ, ਖ਼ਿਲਾਫ਼ ਬੀਤੀ ਰਾਤ ਚੁੱਪੀ ਤੋੜਦਿਆਂ ਕਿਹਾ ਕਿ ਲੋਕਾਂ ਨੂੰ ਆਪਣਾ ਵਿਰੋਧ ਦਰਜ ਕਰਾਉਣ ਤੇ ਮੁਜ਼ਾਹਰੇ ਕਰਨ ਦੀ ਪੂਰੀ ਖੁੱਲ੍ਹ ਹੈ। ਉਨ੍ਹਾਂ ਕਿਹਾ, ‘ਆਲੋਚਨਾ ਅਤੇ ਹਿੰਸਾ ਤੇ ਸਰਕਾਰੀ ਜਾਇਦਾਦ ਦਾ ਨੁਕਸਾਨ ਕਰਨ ਵਿੱਚ ਫ਼ਰਕ ਹੁੰਦਾ ਹੈ।
ਮੁਜ਼ਾਹਰੇ ਲੋਕਾਂ ਦੇ ਸਿਆਣੇ ਹੋਣ ਦਾ ਸੰਕੇਤ: ਟਰੰਪ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਤੇ ਤਹਿਰਾਨ ਦੇ ਸਭ ਤੋਂ ਵੱਡੇ ਆਲੋਚਕ ਡੋਨਲਡ ਟਰੰਪ ਨੇ ਕਿਹਾ ਕਿ ਮੁਜ਼ਾਹਰੇ ਇਸ ਗੱਲ ਦਾ ਸੰਕੇਤ ਹਨ ਕਿ ਲੋਕ ਹੁਣ ਸਿਆਣੇ ਹੋ ਗਏ ਹਨ ਤੇ ਉਨ੍ਹਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਪੈਸੇ ਤੇ ਸੰਪਤੀ ਦੀ ਚੋਰੀ ਕਰਕੇ ਇਸ ਨੂੰ ਅਤਿਵਾਦ ‘ਤੇ ਲੁਟਾਇਆ ਜਾ ਰਿਹਾ। ਇਸ ਦੌਰਾਨ ਟਰੰਪ ਨੇ ਆਪਣੇ ਕਾਰਜਕਾਲ ਦਾ ਪਹਿਲਾ ਸਾਲ ਮੁਕੰਮਲ ਹੋਣ ਮਗਰੋਂ ਕਿਹਾ ਕਿ ਆਉਣ ਵਾਲਾ ਸਾਲ ਸ਼ਾਨਦਾਰ ਰਹੇਗਾ।