ਨੀਰਵ ਮੋਦੀ ਨੇ ਪੰਜਾਬ ਨੈਸ਼ਨਲ ਬੈਂਕ ਨਾਲ ਮਾਰੀ 11400 ਕਰੋੜ ਰੁਪਏ ਦੀ ਠੱਗੀ

ਨੀਰਵ ਮੋਦੀ ਨੇ ਪੰਜਾਬ ਨੈਸ਼ਨਲ ਬੈਂਕ ਨਾਲ ਮਾਰੀ 11400 ਕਰੋੜ ਰੁਪਏ ਦੀ ਠੱਗੀ

ਨਵੀਂ ਦਿੱਲੀ ਦੇ ਡਿਫੈਂਸ ਕਲੋਨੀ ਇਲਾਕੇ ਵਿੱਚ ਸਥਿਤ ਨੀਰਵ ਮੋਦੀ ਦਾ ਗਹਿਣਿਆਂ ਦਾ ਸ਼ੋਅਰੂਮ ਜਿਥੇ ਈਡੀ ਵੱਲੋਂ ਛਾਪਾ ਮਾਰਿਆ ਗਿਆ।
ਨਵੀਂ ਦਿੱਲੀ/ਬਿਊਰੋ ਨਿਊਜ਼:
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਨੈਸ਼ਨਲ ਬੈਂਕ ‘ਚ 11400 ਕਰੋੜ ਰੁਪਏ ਦੇ ਘੁਟਾਲੇ ਦੇ ਮੁੱਖ ਮੁਲਜ਼ਮ ਨੀਰਵ ਮੋਦੀ ਦੇ 17 ਟਿਕਾਣਿਆਂ ‘ਤੇ ਛਾਪੇ ਮਾਰ ਕੇ 5100 ਕਰੋੜ ਰਪਏ ਦੇ ਹੀਰੇ, ਸੋਨਾ ਅਤੇ ਜ਼ੇਵਰਾਤ ਜ਼ਬਤ ਕੀਤੇ ਹਨ। ਹੀਰਾ ਕਾਰੋਬਾਰੀ ਨੀਰਵ, ਉਸ ਦੀ ਪਤੀ ਐਮੀ, ਭਰਾ ਨਿਸ਼ਾਲ ਅਤੇ ਕਾਰੋਬਾਰੀ ਭਾਈਵਾਲ ਮੇਹੁਲ ਚੌਕਸੀ ਖ਼ਿਲਾਫ਼ ਈਡੀ ਨੇ ਪੀਐਨਬੀ ਦੀ ਸ਼ਿਕਾਇਤ ‘ਤੇ ਬੁੱਧਵਾਰ ਨੂੰ ਕੇਸ ਦਰਜ ਕੀਤਾ ਸੀ। ਵੀਰਵਾਰ ਨੂੰ ਮੁੰਬਈ, ਦਿੱਲੀ ਅਤੇ ਗੁਜਰਾਤ ‘ਚ ਛਾਪੇ ਮਾਰੇ ਗਏ। ਏਜੰਸੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨੀਰਵ ਅਤੇ ਹੋਰ ਮੁਲਜ਼ਮਾਂ ਦੀਆਂ ਮੁੰਬਈ ‘ਚ 5 ਸੰਪਤੀਆਂ ਨੂੰ ਸੀਲ ਕੀਤਾ ਗਿਆ ਹੈ। ਈਡੀ ਨੇ ਵਿਦੇਸ਼ ਮੰਤਰਾਲੇ ਨੂੰ ਕਿਹਾ ਹੈ ਕਿ ਉਹ ਮੋਦੀ ਅਤੇ ਮੇਹੁਲ ਚੌਕਸੀ ਦੇ ਪਾਸਪੋਰਟ ਰੱਦ ਕਰਨ ਦੀ ਕਾਰਵਾਈ ਆਰੰਭੇ। ਪੰਜਾਬ ਨੈਸ਼ਨਲ ਬੈਂਕ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸੁਨੀਲ ਮਹਿਤਾ ਨੇ ਦੱਸਿਆ ਕਿ ਨੀਰਵ ਮੋਦੀ ਵੱਲੋਂ ਪੈਸੇ ਮੋੜਨ ਦੀਆਂ ਅਸਪੱਸ਼ਟ ਰਿਪੋਰਟਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨੀਰਵ ਖੁਦ ਆ ਕੇ ਬੈਂਕ ਨੂੰ ਆਪਣੀ ਸਫ਼ਾਈ ਦੇਵੇ ਤਾਂ ਹੀ ਕੁਝ ਵਿਚਾਰਿਆ ਜਾਵੇਗਾ। ਵਿੱਤ ਸੇਵਾਵਾਂ ਬਾਰੇ ਸਕੱਤਰ ਰਾਜੀਵ ਕੁਮਾਰ ਨੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਇਸ ਮਾਮਲੇ ਦੀ ਸਾਰੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਬੈਂਕਿੰਗ ਪ੍ਰਣਾਲੀ ‘ਚ ਸਫ਼ਾਈ ਦੌਰਾਨ ਸਰਕਾਰ ਵੱਲੋਂ ਬਣਾਏ ਦਬਾਅ ‘ਤੇ ਇਸ ਘੁਟਾਲੇ ਦਾ ਪਰਦਾਫਾਸ਼ ਹੋਇਆ ਹੈ। ਉਧਰ ਇਹ ਵੀ ਖ਼ੁਲਾਸਾ ਹੋ ਗਿਆ ਹੈ ਕਿ ਚਾਰੇ ਮੁਲਜ਼ਮ ਜਨਵਰੀ ਦੇ ਪਹਿਲੇ ਹਫ਼ਤੇ ‘ਚ ਹੀ ਮੁਲਕ ਤੋਂ ਬਾਹਰ ਚਲੇ ਗਏ ਸਨ ਜਦਕਿ ਪੀਐਨਬੀ ਨੇ ਸੀਬੀਆਈ ਨੂੰ 29 ਜਨਵਰੀ ਨੂੰ ਸ਼ਿਕਾਇਤ ਦਿੱਤੀ ਸੀ। ਮੰਨਿਆ ਜਾ ਰਿਹਾ ਹੈ ਕਿ ਨੀਰਵ ਸਵਿਟਜ਼ਰਲੈਂਡ ‘ਚ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਾਵੋਸ ਦੌਰੇ ਮੌਕੇ ਭਾਰਤੀ ਕੰਪਨੀਆਂ ਦੇ ਸੀਈਓ ਦੇ ਗਰੁੱਪ ‘ਚ ਸ਼ਾਮਲ ਨੀਰਵ ਨੇ ਉਨ੍ਹਾਂ ਨਾਲ ਤਸਵੀਰ ਵੀ ਖਿਚਵਾਈ ਸੀ।
ਪ੍ਰਧਾਨ ਮੰਤਰੀ ਮੋਦੀ ਦੀ ਨੱਕ ਹੇਠ
ਹੋਇਆ ਵੱਡਾ ਘੁਟਾਲਾ: ਕਾਂਗਰਸ
ਕਾਂਗਰਸ ਨੇ ਇਸ ਨੂੰ ਮੁਲਕ ਦਾ ਸਭ ਤੋਂ ਵੱਡਾ ਘੁਟਾਲਾ ਕਰਾਰ ਦਿੱਤਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ,”ਪ੍ਰਧਾਨ ਮੰਤਰੀ ਨੂੰ ਗਲੇ ਲਗਾਉ, ਦਾਵੋਸ ‘ਚ ਉਨ੍ਹਾਂ ਨਾਲ ਨਜ਼ਰ ਆਉ। ਇਸ ਦੇ ਸਹਾਰੇ 12 ਹਜ਼ਾਰ ਕਰੋੜ ਚੋਰੀ ਕਰੋ ਅਤੇ ਵਿਜੈ ਮਾਲਿਆ ਵਾਂਗ ਭੱਜ ਜਾਉ।” ਕਾਂਗਰਸ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਘੁਟਾਲੇ ਨੂੰ ਲੈ ਕੇ ਸਰਕਾਰ ‘ਤੇ ਕਈ ਸਵਾਲ ਦਾਗੇ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਦੀ ਨੱਕ ਹੇਠਾਂ ਇਹ ਵੱਡਾ ਘੁਟਾਲਾ ਹੋਇਆ ਹੈ। ਬਾਅਦ ‘ਚ ਟਵੀਟ ਕਰਕੇ ਉਨ੍ਹਾਂ ਕਿਹਾ ਕਿ ਲਲਿਤ ਮੋਦੀ ਯਾਨੀ ‘ਛੋਟੇ ਮੋਦੀ’ ਅਤੇ ਵਿਜੈ ਮਾਲਿਆ ਮਗਰੋਂ ਇਕ ਹੋਰ ‘ਮੋਦੀ ਸਕੈਮ’ ਨੇ ਬੈਂਕਿੰਗ ਸੈਕਟਰ ‘ਤੇ ਹਮਲਾ ਕੀਤਾ।
ਕਾਂਗਰਸ ਨੂੰ ਤਸਵੀਰ ਦੀ ਸਿਆਸਤ ਨਾ ਕਰਨ ਦੀ ਚੇਤਾਵਨੀ: ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਦੱਸਿਆ ਕਿ ਨੀਰਵ ਦੇ ਪਾਸਪੋਰਟ ਨੂੰ ਰੱਦ ਕਰਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਲੁੱਕ ਆਊਟ ਨੋਟਿਸ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਹੋਵੇਗੀ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਕਾਂਗਰਸ ‘ਤੇ ਜਵਾਬੀ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਤਸਵੀਰ ਦੀ ਸਿਆਸਤ ਬੰਦ ਕਰੇ, ਨਹੀਂ ਤਾਂ ਉਨ੍ਹਾਂ ਕੋਲ ਵੀ ਵੱਡੇ-ਵੱਡੇ ਆਗੂਆਂ ਨਾਲ ਮੇਹੁਲ ਚੌਕਸੀ ਦੀਆਂ ਤਸਵੀਰਾਂ ਵੀ ਹਨ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਹ ਘੁਟਾਲਾ ਪਿਛਲੀ ਯੂਪੀਏ ਸਰਕਾਰ ਦੇ ਕਾਰਜਕਾਲ ਦਾ ਨਤੀਜਾ ਹੈ।
ਬਾਜ਼ਾਰ ਪੂੰਜੀਕਰਨ 8 ਹਜ਼ਾਰ ਕਰੋੜ ਘਟਿਆ: ਘੁਟਾਲਾ ਉਜਾਗਰ ਹੋਣ ਦੇ ਦੋ ਦਿਨਾਂ ਦੌਰਾਨ ਪੀਐਨਬੀ ਦਾ ਬਾਜ਼ਾਰ ਪੂੰਜੀਕਰਨ 8 ਹਜ਼ਾਰ ਕਰੋੜ ਰੁਪਏ ਘੱਟ ਗਿਆ ਹੈ। ਇਹ ਬੈਂਕ ਦੇ ਪੂਰੇ ਸਾਲ ਦੇ ਮੁਨਾਫ਼ੇ ਦਾ ਛੇ ਗੁਣਾ ਹੈ। ਵੀਰਵਾਰ ਨੂੰ ਬੈਂਕ ਦਾ ਸ਼ੇਅਰ ਵੀ 12 ਫ਼ੀਸਦੀ ਡਿੱਗ ਗਿਆ।