ਸ਼ਿਕਾਗੋ ‘ਚ ਗੋਲੀਬਾਰੀ , 11 ਦੀ ਮੌਤ, 59 ਜ਼ਖਮੀ

ਸ਼ਿਕਾਗੋ ‘ਚ ਗੋਲੀਬਾਰੀ , 11 ਦੀ ਮੌਤ, 59 ਜ਼ਖਮੀ

ਵਾਸ਼ਿੰਗਟਨ/ਬਿਊਰੋ ਨਿਊਜ਼ :
ਮੱਧਪੱਛਮੀ ਸ਼ਹਿਰ ਸ਼ਿਕਾਗੋ ਵਿਚ ਗੋਲੀਬਾਰੀ ਦੀਆਂ ਵਾਪਰੀਆਂ ਵੱਖ ਵੱਖ ਘਟਨਾਵਾਂ ਵਿੱਚ ਗਿਆਰਾਂ ਜਣੇ ਹਲਾਕ ਅਤੇ ੫੯ ਲੋਕ ਜ਼ਖ਼ਮੀ ਹੋ ਗਏ ਹਨ। ਪੁਲੀਸ ਮੁਤਾਬਕ ਗੋਲੀਬਾਰੀ ਦੀਆਂ ਇਨ੍ਹਾਂ ਘਟਨਾਵਾਂ ‘ਚੋਂ ਕੁਝ ਨੂੰ ‘ਨਿਸ਼ਾਨਾ’ ਬਣਾ ਕੇ ਅੰਜਾਮ ਦਿੱਤਾ ਗਿਆ ਜਦੋਂਕਿ ਕੁਝ ਗਰੋਹਾਂ ਦੀ ਆਪਸੀ ਤਕਰਾਰ ਦਾ ਨਤੀਜਾ ਸਨ। ਸ਼ਿਕਾਗੋ ਪੁਲੀਸ ਦੀ ਗਸ਼ਤੀ ਟੁਕੜੀ ਦੇ ਮੁਖੀ ਫਰੈੱਡ ਵਾਲਰ ਨੇ ਮਗਰੋਂ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸ਼ਿਕਾਗੋ ਲਈ ਇਹ ‘ਹਿੰਸਾ ਦੀ ਰਾਤ’ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸੜਕਾਂ ‘ਤੇ ਗੋਲੀਬਾਰੀ ਦੀਆਂ ਇਨ੍ਹਾਂ ਘਟਨਾਵਾਂ ਨੂੰ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸੀਐਨਐਨ ਦੀ ਰਿਪੋਰਟ ਮੁਤਾਬਕ ਸੜਕਾਂ ‘ਤੇ ਗੋਲੀਬਾਰੀ ਦਾ ਇਹ ਸਿਲਸਿਲਾ ਅੱਧੀ ਰਾਤ ਤੋਂ ਬਾਅਦ ਸ਼ੁਰੂ ਹੋਇਆ। ਤੜਕੇ ਡੇਢ ਵਜੇ ਤੋਂ ਤਿੰਨ ਘੰਟਿਆਂ ਦੇ ਅਰਸੇ ਦੌਰਾਨ ਦਸ ਥਾਈਂ ਗੋਲੀਆਂ ਚੱਲੀਆਂ। ਬੰਦੂਕਧਾਰੀਆਂ ਨੇ ਅੰਤਿਮ ਰਸਮਾਂ ਲਈ ਜੁੜੇ ਲੋਕਾਂ ਸਮੇਤ ਕਈ ਸਮੂਹਾਂ ਨੂੰ ਨਿਸ਼ਾਨਾ ਬਣਾਇਆ। ਰਿਪੋਰਟਾਂ ਮੁਤਾਬਕ ਜ਼ਖ਼ਮੀਆਂ ‘ਚ ਇਕ ਗਿਆਰਾ ਸਾਲ ਦਾ ਲੜਕਾ ਵੀ ਸ਼ਾਮਲ ਹੈ। ਯਾਦ ਰਹੇ ਕਿ ਸ਼ਿਕਾਗੋ ਵਿੱਚ ਸਾਲ 2016 ਵਿੱਚ ਰਿਕਾਰਡ 20 ਕਤਲਾਂ ਮਗਰੋਂ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਸ ਸ਼ਹਿਰ ਨੂੰ ਨਿਯਮਤ ਆਪਣੀ ਆਲੋਚਨਾ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਉਧਰ ਪੁਲੀਸ ਮੁਖੀ ਵਾਲਰ ਨੇ ਕਿਹਾ ਕਿ ਇਸ ਸਾਲ ਸ਼ਿਕਾਗੋ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ 30 ਫ਼ੀਸਦ ਜਦੋਂਕਿ ਕਤਲਾਂ ‘ਚ 25 ਫੀਸਦ ਦੀ ਕਮੀ ਆਈ ਹੈ।