ਪੰਚਕੂਲਾ ਹਿੰਸਾ ਦੇ 10 ਵਿੱਚੋਂ ਸਿਰਫ਼ ਦੋ ਕੇਸਾਂ ‘ਚ ਪ੍ਰੇਮੀਆਂ ਵਿਰੁਧ ਲੱਗੇਗੀ ਦੇਸ਼ ਧ੍ਰੋਹ ਦੀ ਧਾਰਾ

ਪੰਚਕੂਲਾ ਹਿੰਸਾ ਦੇ 10 ਵਿੱਚੋਂ ਸਿਰਫ਼ ਦੋ ਕੇਸਾਂ ‘ਚ ਪ੍ਰੇਮੀਆਂ ਵਿਰੁਧ ਲੱਗੇਗੀ ਦੇਸ਼ ਧ੍ਰੋਹ ਦੀ ਧਾਰਾ

ਪੰਚਕੂਲਾ/ਬਿਊਰੋ ਨਿਊਜ਼:
ਪੰਚਕੂਲਾ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਕੀਤੀ ਗਈ ਹਿੰਸਾ ਦੇ ਸਬੰਧ ਵਿੱਚ 53 ਵਿਅਕਤੀਆਂ ਖ਼ਿਲਾਫ਼ ਲਗਾਈ ਗਈ ਦੇਸ਼ ਧ੍ਰੋਹ ਦੀ ਧਾਰਾ ਨੂੰ ਸਥਾਨਕ ਅਦਾਲਤ ਵੱਲੋਂ ਰੱਦ ਕੀਤੇ ਜਾਣ ਤੋਂ ਬਾਅਦ ਆਲੋਚਨਾ ਦਾ ਸਾਹਮਣਾ ਕਰ ਰਹੀ ਹਰਿਆਣਾ ਸਰਕਾਰ ਨੇ ਸਿਰਫ਼ ਦੋ ਕੇਸਾਂ ਵਿੱਚ ਡੇਰਾ ਪ੍ਰੇਮੀਆਂ ‘ਤੇ ਦੇਸ਼ ਧ੍ਰੋਹ ਦੀ ਧਾਰਾ ਲਗਾਉਣ ਦੀ ਮਨਜ਼ੂਰੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਇੱਥੇ ਕੀਤੀ ਗਈ ਹਿੰਸਾ ਵਿੱਚ 36 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦੋਂਕਿ 200 ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਪੰਚਕੂਲਾ ਪੁਲੀਸ ਨੇ ਇਸ ਸਬੰਧ ਵਿੱਚ ਵੱਖ ਵੱਖ ਥਾਣਿਆਂ ਵਿੱਚ ਕੁੱਲ 239 ਕੇਸ ਦਰਜ ਕੀਤੇ ਸਨ। ਇਨ੍ਹਾਂ ਵਿੱਚੋਂ 10 ਕੇਸਾਂ ਵਿੱਚ ਮੁਲਜ਼ਮਾਂ ਵਿਰੁੱਧ ਦੇਸ਼ ਧ੍ਰੋਹ ਦੀ ਧਾਰਾ ਲਗਾਈ ਗਈ ਸੀ। ਹਰਿਆਣਾ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਸੂਬੇ ਦੇ ਗ੍ਰਹਿ ਵਿਭਾਗ ਤੋਂ 10 ਕੇਸਾਂ ਵਿੱਚ ਡੇਰਾ ਪ੍ਰੇਮੀਆਂ ਖ਼ਿਲਾਫ਼ ਦੇਸ਼ ਧ੍ਰੋਹ ਦੀ ਧਾਰਾ ਲਗਾਉਣ ਦੀ ਮਨਜ਼ੂਰੀ ਮੰਗੀ ਸੀ, ਪਰ ਹੈਰਾਨੀ ਦੀ ਗੱਲ ਹੈ ਕਿ ਰਾਜ ਸਰਕਾਰ ਨੇ ਦੋ ਕੇਸਾਂ ਵਿੱਚ ਹੀ ਇਹ ਮਨਜ਼ੂਰੀ ਦਿੱਤੀ ਹੈ ਅਤੇ ਦੋ ਕੇਸਾਂ ਵਿੱਚ ਮਨਜ਼ੂਰੀ ਦੀ ਦਰਖ਼ਾਸਤ ਰੱਦ ਕਰ ਦਿੱਤੀ ਹੈ। ਇਸ ਤੋਂ ਇਲਾਵਾ ਬਾਕੀ ਰਹਿੰਦੇ ਛੇ ਕੇਸਾਂ ਵਿੱਚ ਸਰਕਾਰ ਵੱਲੋਂ ਹਾਲੇ ਵੀ ਮਨਜ਼ੂਰੀ ਦਿੱਤੀ ਜਾਣੀ ਬਾਕੀ ਹੈ। ਇਸ ਸਬੰਧੀ ਇੰਸਪੈਕਟਰ ਜਨਰਲ ਮਮਤਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਦੋ ਕੇਸਾਂ ਵਿੱਚ ਮਨਜ਼ੂਰੀ ਮਿਲੀ ਹੈ ਅਤੇ ਦੋ ਕੇਸਾਂ ਵਿੱਚ ਮਨਜ਼ੂਰੀ ਦੀ ਦਰਖ਼ਾਸਤ ਸਰਕਾਰ ਨੇ ਰੱਦ ਕਰ ਦਿੱਤੀ ਹੈ। ਛੇ ਹੋਰ ਕੇਸਾਂ ਵਿੱਚ ਮਨਜ਼ੂਰੀ ਹਾਲੇ ਵੀ ਸਰਕਾਰ ਵੱਲੋਂ ਦਿੱਤੀ ਜਾਣੀ ਬਾਕੀ ਹੈ। ਪੰਚਕੂਲਾ ਪੁਲੀਸ ਦੇ ਕਮਿਸ਼ਨਰ ਏ.ਐਸ. ਚਾਵਲਾ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਪੰਚਕੂਲਾ ਹਿੰਸਾ ਤੇ ਡੇਰਾ ਮੁਖੀ ਨੂੰ ਭਜਾਉਣ ਦੀ ਸਾਜਿਸ਼ ਸਬੰਧੀ ਦੋ ਕੇਸਾਂ ‘ਤੇ ਸੀ। ਇਨ੍ਹਾਂ ਦੋਵੇਂ ਕੇਸਾਂ ਵਿੱਚ ਦੇਸ਼ ਧ੍ਰੋਹ ਦੀ ਧਾਰਾ ਲਗਾਉਣ ਦੀ ਮਨਜ਼ੂਰੀ ਸਰਕਾਰ ਨੇ ਦੇ ਦਿੱਤੀ ਹੈ। 53 ਮੁਲਜ਼ਮਾਂ ਖ਼ਿਲਾਫ਼ ਲਗਾਈਆਂ ਗਈਆਂ ਦੇਸ਼ ਧ੍ਰੋਹ ਤੇ ਕਤਲ ਦੀਆਂ ਧਾਰਾਵਾਂ ਨੂੰ ਪੰਚਕੂਲਾ ਦੀ ਅਦਾਲਤ ਵੱਲੋਂ ਰੱਦ ਕਰਨ ਸਬੰਧੀ ਜਾਰੀ ਕੀਤੇ ਗਏ ਹੁਕਮਾਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਾਨੂੰਨੀ ਟੀਮ ਹੁਕਮਾਂ ਨੂੰ ਘੋਖ ਰਹੀ ਹੈ ਅਤੇ ਟੀਮ ਦੇ ਕਾਨੂੰਨੀ ਮਸ਼ਵਰੇ ਤੋਂ ਬਾਅਦ ਹੀ ਅਗਲਾ ਫ਼ੈਸਲਾ ਲਿਆ ਜਾਵੇਗਾ।
ਹਨੀਪ੍ਰੀਤ ਖ਼ਿਲਾਫ਼ ਦੇਸ਼ ਧ੍ਰੋਹ ਦੀ ਧਾਰਾ ਲਗਾਉਣ ਦੀ ਮਿਲੀ ਇਜਾਜ਼ਤ
ਸਿੱਟ ਨੂੰ ਸੈਕਟਰ-5 ਥਾਣੇ ਵਿੱਚ ਦਰਜ ਐਫਆਈਆਰ ਨੰਬਰ-345 ਵਿੱਚ ਡੇਰਾ ਮੁਖੀ ਦੀ ਗੋਦ ਲਈ ਧੀ ਹਨੀਪ੍ਰੀਤ ਖ਼ਿਲਾਫ਼ ਦੇਸ਼ ਧ੍ਰੋਹ ਦੀ ਧਾਰਾ ਲਗਾਉਣ ਦੀ ਇਜਾਜ਼ਤ ਸਰਕਾਰ ਤੋਂ ਮਿਲ ਗਈ ਹੈ। ਇਸ ਐਫਆਈਆਰ ਵਿੱਚ ਹਨੀਪ੍ਰੀਤ, ਡੇਰਾ ਮੁਖੀ ਦੇ ਕਰੀਬੀ ਸੁਰਿੰਦਰ ਧੀਮਾਨ, ਚਮਕੌਰ ਸਿੰਘ, ਦਾਨ ਸਿੰਘ, ਦਿਲਾਵਰ ਸਿੰਘ, ਰਾਕੇਸ਼ ਕੁਮਾਰ, ਖ਼ੈਰਾਤੀ ਲਾਲ ਤੇ ਗੋਵਿੰਦ ਰਾਮ ਦੇ ਨਾਂ ਸ਼ਾਮਲ ਹਨ।