ਸਈਦ ਖ਼ਿਲਾਫ਼ ਕਾਰਵਾਈ ਨਾ ਕੀਤੇ ਤੋਂ ਖਫ਼ਾ ਅਮਰੀਕਾ ਨੇ ਪਾਕਿ ਲਈ 1.15 ਅਰਬ ਡਾਲਰ ਦੀ ਸਹਾਇਤਾ ਰੋਕ ਲਈ

ਸਈਦ ਖ਼ਿਲਾਫ਼ ਕਾਰਵਾਈ ਨਾ ਕੀਤੇ ਤੋਂ ਖਫ਼ਾ ਅਮਰੀਕਾ ਨੇ ਪਾਕਿ ਲਈ 1.15 ਅਰਬ ਡਾਲਰ ਦੀ ਸਹਾਇਤਾ ਰੋਕ ਲਈ

ਅਮਰੀਕਾ ਵੱਲੋਂ ਪਾਕਿਸਤਾਨ ਦੀ ਵਿੱਤੀ ਮਦਦ ਰੋਕੇ ਜਾਣ ਤੋਂ ਬਾਅਦ ਲਾਹੌਰ ਵਿੱਚ ਮੁਜ਼ਾਹਰਾ ਕਰਦੇ ਲੋਕ।
ਵਾਸ਼ਿੰਗਟਨ/ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਅਤਿਵਾਦੀ ਜਥੇਬੰਦੀਆਂ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਨੂੰ ਨੱਥ ਪਾਉਣ ਅਤੇ ਉਨ੍ਹਾਂ ਦੀਆਂ ਸੁਰੱਖਿਅਤ ਠਾਹਰਾਂ ਨੂੰ ਢਹਿ-ਢੇਰੀ ਕਰਨ ‘ਚ ਨਾਕਾਮ ਰਹਿਣ ਤੋਂ ਖ਼ਫਾ ਅਮਰੀਕਾ ਨੇ ਇਸ ਮੁਲਕ ਨੂੰ 1.15 ਅਰਬ ਅਮਰੀਕੀ ਡਾਲਰ ਦੀ ਸੁਰੱਖਿਆ ਸਹਾਇਤਾ ਤੇ ਫ਼ੌਜੀ ਸਾਜ਼ੋ-ਸਾਮਾਨ ਦੀ ਡਲਿਵਰੀ ਰੋਕ ਦਿੱਤੀ ਹੈ। ਵਿਦੇਸ਼ ਵਿਭਾਗ ਦੇ ਤਰਜਮਾਨ ਹੀਥਰ ਨੌਰਟ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਦੀ ਇਸ ਕਾਰਵਾਈ ਦਾ ਪਾਕਿਸਤਾਨ ਵੱਲੋਂ ਮੁੰਬਈ ਹਮਲਿਆਂ ਦੇ ਸਾਜ਼ਿਸ਼ਘਾੜੇ ਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੇ ਜਾਣ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਦੱਸਣਯੋਗ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਵੇਂ ਵਰ੍ਹੇ ਮੌਕੇ ਟਵੀਟ ‘ਚ ਪਾਕਿਸਤਾਨ ‘ਤੇ ਦੋਸ਼ ਲਾਇਆ ਸੀ ਕਿ ਪਿਛਲੇ 15 ਸਾਲਾਂ ਦੌਰਾਨ 33 ਅਰਬ ਡਾਲਰ ਦੀ ਸਹਾਇਤਾ ਦੇ ਬਦਲੇ ‘ਚ ਉਸ ਨੇ ਅਮਰੀਕਾ ਨੂੰ ‘ਝੂਠ ਤੇ ਧੋਖਾ’ ਅਤੇ ਅਤਿਵਾਦੀਆਂ ਨੂੰ ‘ਸੁਰੱਖਿਅਤ ਠਾਹਰਾਂ’ ਮੁਹੱਈਆ ਕਰਾਉਣ ਬਿਨਾਂ ਹੋਰ ਕੱਖ ਨਹੀਂ ਕੀਤਾ। ਰੋਕੀ ਗਈ ਰਾਸ਼ੀ ‘ਚ ਵਿੱਤੀ ਵਰ੍ਹੇ 2016 ਲਈ ਵਿਦੇਸ਼ੀ ਫ਼ੌਜੀ ਫੰਡ (ਐਫਐਮਐਫ) ਦੇ 25.5 ਕਰੋੜ ਵੀ ਸ਼ਾਮਲ ਹਨ। ਰੱਖਿਆ ਵਿਭਾਗ ਨੇ ਪਾਕਿਸਤਾਨ ਨੂੰ ਵਿੱਤੀ ਵਰ੍ਹੇ 2017 ਲਈ ਗੱਠਜੋੜ ਸਮਰਥਨ ਫੰਡ (ਸੀਐਸਐਫ) ਦੇ ਕੁੱਲ 90 ਕਰੋੜ ਰੁਪਏ ਅਤੇ ਪਿਛਲੇ ਵਿੱਤੀ ਵਰ੍ਹੇ ‘ਚ ਖਰਚਣ ਖੁਣੋਂ ਰਹੀ ਹੋਰ ਰਾਸ਼ੀ ਵੀ ਰੋਕ ਲਈ ਹੈ।
ਹੀਥਰ ਨੌਰਟ ਨੇ ਕਿਹਾ, ‘ਅੱਜ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਜਦੋਂ ਤਕ ਉਹ ਅਫ਼ਗਾਨ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਸਮੇਤ ਅਤਿਵਾਦੀ ਜਥੇਬੰਦੀਆਂ ਖ਼ਿਲਾਫ਼ ਫ਼ੈਸਲਾਕੁਨ ਕਾਰਵਾਈ ਨਹੀਂ ਕਰਦਾ ਉਦੋਂ ਤਕ ਅਸੀਂ ਪਾਕਿਸਤਾਨ ਨੂੰ ਕੇਵਲ ਕੌਮੀ ਸੁਰੱਖਿਆ ਸਹਾਇਤਾ ਰੋਕ ਰਹੇ ਹਾਂ। ਜਦੋਂ ਤਕ ਕਾਨੂੰਨੀ ਤੌਰ ‘ਤੇ ਜ਼ਰੂਰੀ ਨਹੀਂ ਹੋਵੇਗਾ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਫ਼ੌਜੀ ਸਾਜ਼ੋ-ਸਾਮਾਨ ਜਾਂ ਸੁਰੱਖਿਆ ਸਬੰਧੀ ਫੰਡ ਜਾਰੀ ਨਹੀਂ ਕੀਤੇ ਜਾਣਗੇ।’ ਰਾਸ਼ਟਰਪਤੀ ਦੀ ਨਵੀਂ ਰਣਨੀਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਟਰੰਪ ਪ੍ਰਸ਼ਾਸਨ ਦੇ ਪਾਕਿ ਸਰਕਾਰ ਨਾਲ ਉਚ-ਪੱਧਰੀ ਤਾਲਮੇਲ ਦੇ ਬਾਵਜੂਦ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਪਾਕਿਸਤਾਨ ‘ਚ ਸੁਰੱਖਿਅਤ ਹਨ, ਜੋ ਅਫ਼ਗ਼ਾਨਿਸਤਾਨ ਵਿੱਚ ਗੜਬੜ ਅਤੇ ਅਮਰੀਕਾ ਤੋਂ ਇਲਾਵਾ ਉਸ ਦੇ ਸਹਿਯੋਗੀਆਂ ‘ਤੇ ਹਮਲੇ ਕਰ ਰਹੇ ਹਨ।
ਪੈਂਟਾਗਨ ਰਿਪੋਰਟਰਾਂ ਨਾਲ ਗੱਲਬਾਤ ਦੌਰਾਨ ਰੱਖਿਆ ਮੰਤਰੀ ਜਿਮ ਮੈਟਿਜ਼ ਨੇ ਉਸ ਸਵਾਲ ਦਾ ਕੋਈ ਜਵਾਬ ਨਹੀਂ ਕਿ ਉਹ ਪਾਕਿ ਨੂੰ ਮਦਦ ‘ਚ ਕਟੌਤੀ ਦੇ ਪੱਖ ਵਿੱਚ ਸਨ। ਹੀਥਰ ਨੇ ਕਿਹਾ, ‘ਭਵਿੱਖ ‘ਚ ਇਹ ਰਾਸ਼ੀ ਹਾਸਲ ਕਰਨ ਦੀ ਪਾਕਿਸਤਾਨ ਵਿੱਚ ਸਮਰੱਥਾ ਹੈ ਪਰ ਉਸ ਨੂੰ ਫ਼ੈਸਲਾਕੁਨ ਕਾਰਵਾਈ ਕਰਨੀ ਪਵੇਗੀ।’
ਚੀਨ ਦੇ ਸਰਕਾਰੀ ਮੀਡੀਆ ‘ਗਲੋਬਲ ਟਾਈਮਜ਼’ ਦੀ ਰਿਪੋਰਟ ਮੁਤਾਬਕ ਅਮਰੀਕਾ ਦੇ ਇਸ ਕਦਮ ਨਾਲ ਪਾਕਿਸਤਾਨ ਤੇ ਪੇਈਚਿੰਗ ਦਰਮਿਆਨ ਆਰਥਿਕ ਤੇ ਰੱਖਿਆ ਰਿਸ਼ਤਿਆਂ ਨੂੰ ਉਤਸ਼ਾਹ ਮਿਲੇਗਾ। ਚੀਨ ਵੱਲੋਂ ਇਰਾਨ ਦੀ ਚਾਬਹਾਰ ਬੰਦਰਗਾਹ ਨੇੜੇ ਪਾਕਿਸਤਾਨੀ ਮਿਲਟਰੀ ਬੇਸ ਵੀ ਗ੍ਰਹਿਣ ਕੀਤਾ ਜਾ ਰਿਹਾ ਹੈ।

ਇਕਪਾਸੜ ਕਾਰਵਾਈ ਘਾਤਕ ਹੋਣ ਦੀ ਚਿਤਾਵਨੀ
ਇਸਲਾਮਾਬਾਦ: ਅਮਰੀਕਾ ਦੀ ਕਾਰਵਾਈ ਉਤੇ ਤਿੱਖੀ ਪ੍ਰਤੀਕਿਰਿਆ ਕਰਦਿਆਂ ਪਾਕਿਸਤਾਨ ਨੇ ਕਿਹਾ ਕਿ ਸਾਂਝੇ ਖ਼ਤਰਿਆਂ ਦੇ ਹੱਲ ਲਈ ‘ਮਨਮਰਜ਼ੀ ਵਾਲੀਆਂ ਸਮਾਂ ਸੀਮਾਵਾਂ ਤੈਅ ਕਰਨ ਅਤੇ ਇਕਪਾਸੜ ਐਲਾਨਾਂ’ ਦੇ ਉਲਟ ਨਤੀਜੇ ਨਿਕਲਦੇ ਹਨ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਵੱਲੋਂ ਨਾਪ-ਤੋਲ ਕੇ ਜਾਰੀ ਕੀਤੇ ਬਿਆਨ ਮੁਤਾਬਕ, ‘ਅਸੀਂ ਸੁਰੱਖਿਆ ਸਹਿਯੋਗ ਦੇ ਮੁੱਦੇ ‘ਤੇ ਅਮਰੀਕੀ ਪ੍ਰਸ਼ਾਸਨ ਨਾਲ ਤਾਲ-ਮੇਲ ਰੱਖ ਰਹੇ ਹਾਂ ਅਤੇ ਅਗਲੇ ਵੇਰਵਿਆਂ ਦੀ ਉਡੀਕ ਹੈ। ਅਮਰੀਕੀ ਫ਼ੈਸਲੇ ਦਾ ਸਾਂਝੇ ਉਦੇਸ਼ਾਂ ਦੀ ਪ੍ਰਾਪਤੀ ‘ਤੇ ਪੈਣ ਵਾਲੇ ਅਸਰ ਦੇ ਭਵਿੱਖ ਵਿੱਚ ਹੋਰ ਉੱਘੜ ਕੇ ਸਾਹਮਣੇ ਆਉਣ ਦੀ ਸੰਭਾਵਨਾ ਹੈ।’ ਅਮਰੀਕਾ ਦੇ ਇਸ ਫ਼ੈਸਲੇ ਖ਼ਿਲਾਫ਼ ਚਮਨ ਸਮੇਤ ਦੇਸ਼ ਵਿੱਚ ਕੁੱਝ ਹੋਰ ਥਾਈਂ ਰੋਸ ਮੁਜ਼ਾਹਰੇ ਹੋਏ ਹਨ।