ਪਤੰਜਲੀ ਦਾ ਸੀ.ਈ.ਓ. ਆਚਾਰੀਆ ਬਾਲਕ੍ਰਿਸ਼ਨ ਭਾਰਤ ਦਾ 8ਵਾਂ ਸਭ ਤੋਂ ਅਮੀਰ ਆਦਮੀ

ਪਤੰਜਲੀ ਦਾ ਸੀ.ਈ.ਓ. ਆਚਾਰੀਆ ਬਾਲਕ੍ਰਿਸ਼ਨ ਭਾਰਤ ਦਾ 8ਵਾਂ ਸਭ ਤੋਂ ਅਮੀਰ ਆਦਮੀ

ਬਾਲਕ੍ਰਿਸ਼ਨ ਦੀ ਜਾਇਦਾਦ 70 ਹਜ਼ਾਰ ਕਰੋੜ ਰੁਪਏ ਕਿਸ ਤਰ੍ਹਾਂ ਹੋਈ?
ਇਹ ਭਾਰਤੀ ਯੋਗ ਪਰੰਪਰਾ ਦੀ ਨਵੀਂ ਕਹਾਣੀ ਹੈ। ਚੀਨੀ ਸੰਸਥਾ ‘ਹੁਰੂਨ’ ਨੇ ਭਾਰਤ ‘ਚ 2017 ਦੇ ਅਮੀਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ‘ਚ ਪਤੰਜਲੀ ਦਾ ਸੀ.ਈ.ਓ. ਆਚਾਰੀਆ ਬਾਲਕ੍ਰਿਸ਼ਨ ਭਾਰਤ ਦੇ 8ਵਾਂ ਸਭ ਤੋਂ ਅਮੀਰ ਆਦਮੀ ਹੈ। ਪਿਛਲੇ ਸਾਲ ਇਸ ਸੂਚੀ ‘ਚ ਬਾਲਕ੍ਰਿਸ਼ਨ 25ਵੇਂ ਨੰਬਰ ‘ਤੇ ਸੀ। ਇਸ ਸਾਲ ਉਸ ਦੀ ਜਾਇਦਾਦ 173 ਫ਼ੀ ਸਦੀ ਵੱਧ ਕੇ 70 ਹਜ਼ਾਰ ਕਰੋੜ ਰੁਪਏ ‘ਤੇ ਪਹੁੰਚ ਗਈ ਹੈ।
‘ਹੁਰੂਨ’ ਦਾ ਕਹਿਣਾ ਹੈ ਕਿ ਬਾਲਕ੍ਰਿਸ਼ਨ ਦੀ ਜਾਇਦਾਦ ਵਧਣ ‘ਚ ਨੋਟਬੰਦੀ ਅਤੇ ਜੀ.ਐਸ.ਟੀ. ਨਾਲ ਮਦਦ ਮਿਲੀ ਹੈ। ਸੰਸਥਾ ਮੁਤਾਬਕ ਨੋਟਬੰਦੀ ਦਾ ਸੰਗਠਤ ਖੇਤਰਾਂ ‘ਤੇ ਚੰਗਾ ਅਸਰ ਪਿਆ ਹੈ।
ਤਕੜੀ ਚੁਣੌਤੀ
44 ਸਾਲਾਂ ਦਾ ਬਾਲਕ੍ਰਿਸ਼ਨ ਮਾਰਚ ‘ਚ ‘ਫ਼ੋਰਬਸ’ ਰਸਾਲੇ ਦੀ ਦੁਨੀਆ ਭਰ ਦੇ ਅਰਬਪਤੀਆਂ ਦੀ ਸੂਚੀ ‘ਚ 814ਵੇਂ ਨੰਬਰ ‘ਤੇ ਸੀ। ਬਾਲਕ੍ਰਿਸ਼ਨ ਉਦੋਂ ਦੁਨੀਆ ਦੇ 2043 ਅਮੀਰਾਂ ‘ਚੋਂ 814ਵੇਂ ਨੰਬਰ ‘ਤੇ ਸੀ। ਪਿਛਲੇ ਸਾਲ ਬਾਲਕ੍ਰਿਸ਼ਨ ‘ਫ਼ੋਰਬਸ’ ਦੀ ਸਾਲਾਨਾ ਸੂਚੀ ‘ਚ ਭਾਰਤ ਦੇ 100 ਅਮੀਰਾਂ ‘ਚੋਂ 2.5 ਅਰਬ ਡਾਲਰ ਦੀ ਜਾਇਦਾਦ ਦੇ ਨਾਲ 48ਵੇਂ ਨੰਬਰ ‘ਤੇ ਸੀ। ਪਿਛਲੇ ਵਿੱਤੀ ਵਰ੍ਹੇ ‘ਚ ਪਤੰਜਲੀ ਦਾ ਟਰਨਓਵਰ 10,561 ਰੁਪਏ ਸੀ। ਪਤੰਜਲੀ ਕੌਮਾਂਤਰੀ ਕੰਪਨੀਆਂ ਨੂੰ ਤਕੜੀ ਚੁਣੌਤੀ ਦੇ ਰਹੀ ਹੈ। ਪਤੰਜਲੀ ਫ਼ਾਸਟ ਮੂਵਿੰਗ ਗੁੱਡ (ਐਫ਼.ਐਮ.ਸੀ.ਜੀ.) ਕੰਪਨੀ ਦੇ ਮਾਮਲੇ ‘ਚ ਹਿੰਦੁਸਤਾਨ ਯੂਨੀਲੀਵਰ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਕੰਪਨੀ ਹੈ।
ਕਿੱਥੇ-ਕਿੱਥੇ ਹੈ ਰਾਮਦੇਵ ਦੀ ਜ਼ਮੀਨ?
‘ਇਕੋਨਾਮਿਕ ਟਾਇਮਜ਼’ ਮੁਤਾਬਕ ਪਿਛਲੇ ਵਿੱਤੀ ਵਰ੍ਹੇ ‘ਚ ‘ਹਿੰਦੁਸਤਾਨ ਯੂਨੀਲੀਵਰ’ ਦਾ ਟਰਨਓਵਰ 30,783 ਕਰੋੜ ਰੁਪਏ ਸੀ। ਪਤੰਜਲੀ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ‘ਚ ਛੇਤੀ ਹੀ ਉਹ ਹਿੰਦੁਸਤਾਨ ਯੂਨੀਲੀਵਰ ਨੂੰ ਪਿੱਛੇ ਛੱਡ ਦੇਵੇਗੀ। ਵੈਸੇ ਬਾਲਕ੍ਰਿਸ਼ਨ ਦਾ ਅਰਬਪਤੀ ਬਣਨਾ ਰਾਤੋ-ਰਾਤ ਨਹੀਂ ਹੋਇਆ ਹੈ ਅਰਬਪਤੀਆਂ ਦਾ ਅਕਸ ਜੋ ਲੋਕਾਂ ‘ਚ ਬਣਿਆ ਹੋਇਆ ਹੈ ਉਸ ਆਧਾਰ ‘ਤੇ ਵੇਖੀਏ ਤਾਂ ਬਾਲਕ੍ਰਿਸ਼ਨ ਕਿਤੋਂ ਵੀ ਅਰਬਪਤੀ ਨਹੀਂ ਦਿਸਦਾ। ਮੀਡੀਆ ਰਿਪੋਰਟਾਂ ਅਨੁਸਾਰ ਪਤੰਜਲੀ ਆਯੁਰਵੇਦ ‘ਚ 94 ਫ਼ੀ ਸਦੀ ਹਿੱਸਾ ਬਾਲਕ੍ਰਿਸ਼ਨ ਦਾ ਹੈ ਪਰ ਉਹ ਕੋਈ ਤਨਖ਼ਾਹ ਨਹੀਂ ਲੈਂਦਾ।
‘ਪਤੰਜਲੀ ਆਯੁਰਵੇਦ’
ਬਾਲਕ੍ਰਿਸ਼ਨ ਦਾ ਜਨਮ ਨੇਪਾਲ ‘ਚ ਹੋਇਆ ਸੀ ਅਤੇ ਉਸ ਨੇ ਹਰਿਆਣਾ ਦੇ ਇਕ ਗੁਰੂਕੁਲ ‘ਚ ਯੋਗ ਗੁਰੂ ਰਾਮਦੇਵ ਨਾਲ ਪੜ੍ਹਾਈ ਕੀਤੀ ਸੀ। ਸੰਨ 1995 ‘ਚ ਦੋਹਾਂ ਨੇ ਮਿਲ ਕੇ ‘ਦਿਵਯ ਫ਼ਾਰਮੇਸੀ’ ਦੀ ਸਥਾਪਨਾ ਕੀਤੀ ਸੀ। ਸੰਨ 2006 ‘ਚ ਇਨ੍ਹਾਂ ਨੇ ‘ਪਤੰਜਲੀ ਆਯੁਰਵੇਦ’ ਦੀ ਸਥਾਪਨਾ ਕੀਤੀ। ਬਾਲਕ੍ਰਿਸ਼ਨ ਦੇ ਨਾਂ ਸਿਰਫ਼ ਸ਼ੌਹਰਤ ਹੀ ਨਹੀਂ ਹੈ। ਸੰਨ 2011 ‘ਚ ਸੀ.ਬੀ.ਆਈ. ਨੇ ਇਸ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ। ਹਾਲਾਂਕਿ ਬਾਅਦ ‘ਚ ਉਸ ਨੂੰ ਕਲੀਨ ਚਿੱਟ ਦੇ ਦਿਤੀ ਗਈ। ਅੱਜ ਦੀ ਤਰੀਕ ‘ਚ ਪਤੰਜਲੀ ਕੰਪਨੀ ਸ਼ੈਂਪੂ ਤੋਂ ਲੈ ਕੇ ਅਨਾਜ ਅਤੇ ਸਾਬਣ ਤੋਂ ਲੈ ਕੇ ਨੂਡਲਸ ਤਕ, ਹਰ ਚੀਜ਼ ਵੇਚਦੀ ਹੈ।
ਆਚਾਰੀਆ ਬਾਲਕ੍ਰਿਸ਼ਨ ਆਮ ਜਿਹੀ ਜ਼ਿੰਦਗੀ ਜਿਉਂਦਾ ਹੈ ਅਤੇ ਪਤੰਜਲੀ ਆਯੁਰਵੇਦ ਦਾ ਰੋਜ਼ਾਨਾ ਦਾ ਕੰਮਕਾਜ ਉਸ ਦੇ ਜ਼ਿੰਮੇ ਹੈ।
ਰਾਮਦੇਵ ਅਤੇ ਬਾਲਕ੍ਰਿਸ਼ਨ ਦੀ ਜੋੜੀ
ਹਰਿਦਵਾਰ ਦੇ ਆਪਣੇ ਦਫ਼ਤਰ ‘ਚ ਬੀ.ਬੀ.ਸੀ. ਨੇਪਾਲੀ ਸੇਵਾ ਨੂੰ ਦਿੱਤੇ ਇਕ ਇੰਟਰਵਿਊ ‘ਚ ਉਸ ਨੇ ਕਿਹਾ ਸੀ ਕਿ ਕੰਪਨੀ ਦੀ ਜਾਇਦਾਦ ਉਸ ਦੀ ਨਿੱਜੀ ਨਹੀਂ ਹੈ, ਬਲਕਿ ਉਸ ਬਰਾਂਡ ਦੀ ਹੈ ਜੋ ਸਮਾਜ ਦੇ ਵੱਖੋ-ਵੱਖ ਖੇਤਰਾਂ ‘ਚ ਸੇਵਾ ਦਿੰਦੀ ਹੈ।
ਰਾਮਦੇਵ ਇਸ ਕੰਪਨੀ ‘ਚ ਨਿੱਜੀ ਹੈਸੀਅਤ ਨਾਲ ਕੋਈ ਮਾਲਿਕਾਨਾ ਹੱਕ ਨਹੀਂ ਰੱਖਦਾ, ਪਰ ਹਾਈ ਪ੍ਰੋਫ਼ਾਈਲ ਯੋਗ ਗੁਰੂ ਪਤੰਜਲੀ ਆਯੁਰਵੇਦ ਦਾ ਚੇਹਰਾ ਵੀ ਹੈ।
ਕੰਪਨੀ ਦੇ ਬਰਾਂਡ ਅੰਬੈਸਡਰ ਵਜੋਂ ਰਾਮਦੇਵ ਇਨ੍ਹਾਂ ਦੇ ਉਤਪਾਦਾਂ ਦਾ ਪ੍ਰਮੋਸ਼ਨ ਅਤੇ ਇਸ਼ਤਿਹਾਰ ਕਰਦਾ ਹੈ।
ਬਾਲਕ੍ਰਿਸ਼ਨ ਦਾ ਕਹਿਣਾ ਹੈ ਕਿ ਅਰਬਪਤੀਆਂ ਦੀ ਸੂਚੀ ‘ਚ ਉਸ ਦਾ ਨਾਂ ਆਉਣਾ, ਪਤੰਜਲੀ ‘ਚ ਭਾਰਤੀ ਖਪਤਕਾਰਾਂ ਦੇ ਵਧਦੇ ਭਰੋਸੇ ਦਾ ਸਬੂਤ ਹੈ, ਜੋ ਬਾਜ਼ਾਰ ‘ਚ ਲਗਭਗ ਸਾਢੇ ਤਿੰਨ ਸੌ ਉਤਪਾਦ ਵੇਚਦੀ ਹੈ।
ਉਸ ਨੇ ਕਿਹਾ, ”ਕੰਪਨੀ ਦੀ ਜਾਇਦਾਦ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ। ਇਹ ਸਮਾਜ ਅਤੇ ਸਮਾਜ ਸੇਵਾ ਲਈ ਹੈ।”
ਪਤੰਜਲੀ ਕਲੀਨਿਕ
ਆਚਾਰੀਆ ਬਾਲਕ੍ਰਿਸ਼ਨ ਪਤੰਜਲੀ ਯੋਗਪੀਠ ਟਰੱਸਟ ਦਾ ਜਨਰਲ ਸਕੱਤਰ ਵੀ ਹੈ, ਜੋ ਕਰੀਬ 5000 ਪਤੰਜਲੀ ਕਲੀਨਿਕ ਦੀ ਦੇਖਭਾਲ ਕਰਦੀ ਹੈ ਅਤੇ ਇਕ ਲੱਖ ਤੋਂ ਜ਼ਿਆਦਾ ਯੋਗ ਜਮਾਤਾਂ ਦਾ ਸੰਚਾਲਨ ਕਰਦੀ ਹੈ।
ਬਾਲਕ੍ਰਿਸ਼ਨ ਪਤੰਜਲੀ ਯੂਨੀਵਰਸਟੀ ਦਾ ਵਾਇਸ ਚਾਂਸਲਰ ਵੀ ਹੈ, ਜਿਸ ਦੀ ਯੋਜਨਾ ਜੜੀਆਂ-ਬੂਟੀਆਂ ‘ਤੇ ਆਧਾਰਤ ਦਵਾਈਆਂ ਦੀ ਸਿੱਖਿਆ ਦਾ ਵਿਸਤਾਰ ਕਰਨ ਦੀ ਹੈ।
ਉਹ ਪਤੰਜਲੀ ਯੋਗਪੀਠ ਦੇ ਹੈੱਡਕੁਆਰਟਰ ਦੀ ਮੁੱਖ ਇਮਾਰਤ ‘ਚ ਬਣੇ ਹਸਪਤਾਲ ਦੀ ਪਹਿਲੀ ਮੰਜ਼ਿਲ ਉਤੇ ਸਥਿਤ ਸਾਧਾਰਨ ਜਿਹੇ ਦਫ਼ਤਰ ‘ਚ ਕੰਮ ਕਰਦਾ ਹੈ।
ਉਸ ਦੇ ਦਫ਼ਤਰ ਦਾ ਵਾਤਾਵਰਣ ਰਾਮਦੇਵ ਦੀਆਂ ਤਸਵੀਰਾਂ, ਇਕ ਬੁੱਧ ਦੀ ਪੇਟਿੰਗ, ਕੁੱਝ ਕਿਤਾਬਾਂ ਅਤੇ ਤਸਵੀਰਾਂ ਕਰ ਕੇ ਅਧਿਆਤਮਕ ਜਿਹਾ ਲਗਦਾ ਹੈ।
ਆਚਾਰੀਆ ਬਾਲਕ੍ਰਿਸ਼ਨ ਦੇ ਦਫ਼ਤਰ ‘ਚ ਕੋਈ ਕੰਪਿਊਟਰ ਜਾਂ ਲੈਪਟੌਪ ਨਹੀਂ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਸ ਕੋਲ ਵੀ ਇਹ ਚੀਜ਼ਾਂ ਨਹੀਂ ਹਨ।
ਨੇਪਾਲ ‘ਚ ਬਚਪਨ ਬੀਤਿਆ
ਅਰਬਪਤੀ ਬਾਲਕ੍ਰਿਸ਼ਨ ਨੇ ਦਸਿਆ ਕਿ ਉਸ ਦੇ ਸਹਿਯੋਗੀ ਉਸ ਲਈ ਕੰਪਿਊਟਰ ਦਾ ਜ਼ਰੂਰੀ ਕੰਮ ਕਰਦੇ ਹਨ ਅਤੇ ਸੰਵਾਦ ਲਈ ਉਹ ਇਕ ਆਈਫ਼ੋਨ ਪ੍ਰਯੋਗ ਕਰਦਾ ਹੈ।
ਬੀ.ਬੀ.ਸੀ. ਨੇਪਾਲੀ ਸੇਵਾ ਨੂੰ ਦਿੱਤੇ ਇੰਟਰਵਿਊ ‘ਚ ਬਾਲਕ੍ਰਿਸ਼ਨ ਨੇ ਇਹ ਵੀ ਦਸਿਆ ਸੀ ਕਿ ਉਸ ਨੇ ਅਪਣੇ ਕੰਮ ਤੋਂ ਇਕ ਦਿਨ ਲਈ ਵੀ ਛੁੱਟੀ ਨਹੀਂ ਲਈ ਹੈ।
ਬਾਲਕ੍ਰਿਸ਼ਨ ਨੇ ਕਿਹਾ, ”ਮੇਰੀ ਆਪਣੇ ਲਈ ਕੋਈ ਯੋਜਨਾ ਨਹੀਂ ਹੈ। ਇਸ ਲਈ ਜੇ ਮੈਂ ਛੁੱਟੀ ਲੈ ਵੀ ਲਵਾਂ ਤਾਂ ਕੀ ਕਰਾਂਗਾ? ਮੈਂ ਹਰ ਦਿਨ ਸਵੇਰੇ ਤੋਂ ਦੇਰ ਸ਼ਾਮ ਤਕ ਕੰਮ ਕਰਦਾ ਹਾਂ ਅਤੇ ਆਪਣੀ ਊਰਜਾ ਅਤੇ ਸਮੇਂ ਦਾ ਸੌ ਫ਼ੀਸਦੀ ਆਪਣੇ ਕੰਮ ਨੂੰ ਦੇਂਦਾ ਹਾਂ।”
ਆਚਾਰੀਆ ਬਾਲਕ੍ਰਿਸ਼ਨ ਨੇ ਆਪਣਾ ਬਚਪਨ ਪੱਛਮੀ ਨੇਪਾਲ ਦੇ ਸਿਆਂਗਜਾ ਜ਼ਿਲ੍ਹੇ ‘ਚ ਬਿਤਾਇਆ, ਜਿੱਥੇ ਉਸ ਨੇ ਪੰਜਵੀਂ ਜਮਾਤ ਤਕ ਪੜ੍ਹਾਈ ਕੀਤੀ।
ਬਾਲਕ੍ਰਿਸ਼ਨ ਖਿਲਾਫ਼ ਕੇਸ
ਬਾਲਕ੍ਰਿਸ਼ਨ ਨੇ ਦਸਿਆ ਕਿ ਉਹ ਭਾਰਤ ਦੇ ਹਰਿਦਵਾਰ ‘ਚ ਪੈਦਾ ਹੋਇਆ, ਜਦੋਂ ਉਸ ਦੇ ਪਿਤਾ ਉਥੇ ਇਕ ਚੌਕੀਦਾਰ ਵਜੋਂ ਕੰਮ ਕਰਦੇ ਸਨ।
ਉਨ੍ਹਾਂ ਦੇ ਮਾਤਾ-ਪਿਤਾ ਅਜੇ ਵੀ ਨੇਪਾਲ ਦੇ ਪੁਸ਼ਤੈਨੀ ਘਰ ‘ਚ ਰਹਿੰਦੇ ਹਨ।
ਭਾਰਤ ਪਰਤਣ ਤੋਂ ਬਾਅਦ ਹਰਿਆਣਾ ‘ਚ ਖ਼ਾਨਪੁਰ ਦੇ ਇਕ ਗੁਰੂਕੁਲ ‘ਚ ਪੜ੍ਹਾਈ ਕਰਨ ਦੌਰਾਨ ਉਹ ਸੰਨ 1988 ‘ਚ ਬਾਬਾ ਰਾਮਦੇਵ ਦਾ ਮਿੱਤਰ ਬਣ ਗਿਆ। ਉਸ ਤੋਂ ਬਾਅਦ ਦੋਵੇਂ ਇਕੱਠੇ ਕੰਮ ਕਰ ਰਹੇ ਹਨ।
ਜੂਨ 2011 ‘ਚ ਸੀ.ਬੀ.ਆਈ. ਨੇ ਬਾਲਕ੍ਰਿਸ਼ਨ ਖ਼ਿਲਾਫ਼ ਇਕ ਮਾਮਲਾ ਦਰਜ ਕੀਤਾ। ਉਸ ਉਤੇ ਦੋਸ਼ ਲਗਿਆ ਕਿ ਉਸ ਦੀਆਂ ਜ਼ਿਆਦਾਤਰ ਡਿਗਰੀਆਂ ਅਤੇ ਕਾਗਜ਼ਾਤ ਜਾਅਲੀ ਹਨ, ਜਿਸ ‘ਚ ਉਸ ਦਾ ਪਾਸਪੋਰਟ ਵੀ ਸ਼ਾਮਲ ਸੀ।
ਬੀ.ਬੀ.ਸੀ. ਨਾਲ ਗੱਲ ਕਰਦਿਆਂ ਉਸ ਨੇ ਇਨ੍ਹਾਂ ਦੋਸ਼ਾਂ ਨੂੰ ਖ਼ਾਰਜ ਕੀਤਾ ਅਤੇ ਕਿਹਾ ਕਿ ਉਸ ਨੇ ਕੁਝ ਵੀ ਗ਼ਲਤ ਨਹੀਂ ਕੀਤਾ।
ਸੀ.ਬੀ.ਆਈ. ਜਾਂਚ
ਬਾਲਕ੍ਰਿਸ਼ਨ ਨੇ ਦਾਅਵਾ ਕੀਤਾ ਸੀ ਕਿ ਉਸ ਵਿਰੁਧ ਲਾਏ ਦੋਸ਼ ਯੂ.ਪੀ.ਏ. ਸਰਕਾਰ ਦੀ ‘ਯੋਜਨਾਬੱਧ ਸਾਜ਼ਿਸ਼’ ਸੀ। ਉਸ ਦਾ ਕਹਿਣਾ ਹੈ ਕਿ ਉਸ ਕੋਲ ਵਾਰਾਣਸੀ ਦੀ ਸੰਪੂਰਨਾਨੰਦ ਯੂਨੀਵਰਸਿਟੀ ਤੋਂ ਮਿਲਿਆ ਸਰਟੀਫ਼ੀਕੇਟ ਹੈ। ਕਾਗਜ਼ਾਤਾਂ ਨੂੰ ਸੰਭਾਲ ਕੇ ਰੱਖਣ ਅਤੇ ਜ਼ਰੂਰਤ ਪੈਣ ‘ਤੇ ਉਨ੍ਹਾਂ ਨੂੰ ਪੇਸ਼ ਕਰਨ ਦੀ ਜ਼ਿੰਮੇਵਾਰੀ ਯੂਨੀਵਰਸਿਟੀ ਦੀ ਹੈ। ਸਾਲ 2012 ‘ਚ ਜਦੋਂ ਸੀ.ਬੀ.ਆਈ. ਨੇ ਧੋਖਾਧੜੀ ਦੇ ਇਕ ਮਾਮਲੇ ‘ਚ ਉਸ ਨੂੰ ਤਲਬ ਕੀਤਾ ਤਾਂ ਬਾਲਕ੍ਰਿਸ਼ਨ ਕਥਿਤ ਤੌਰ ‘ਤੇ ਫ਼ਰਾਰ ਹੋ ਗਿਆ। ਉਸ ਤੋਂ ਬਾਅਦ ਉਸ ਵਿਰੁੱਧ ਗ਼ੈਰ-ਕਾਨੂੰਨੀ ਢੰਗ ਨਾਲ ਪੈਸੇ ਦੀ ਕਥਿਤ ਹੇਰਫ਼ੇਰ ਦਾ ਮਾਮਲਾ ਦਰਜ ਕੀਤਾ ਗਿਆ।
ਭਾਜਪਾ ਸਰਕਾਰ
ਮੀਡੀਆ ਰਿਪੋਰਟਾਂ ਮੁਤਾਬਕ ਸਾਲ 2014 ‘ਚ ਐਨ.ਡੀ.ਏ. ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ ਉਸ ਖ਼ਿਲਾਫ਼ ਦਰਜ ਮਾਮਲੇ ਬੰਦ ਕਰ ਦਿੱਤੇ ਗਏ। ਉਸ ਦੇ ਆਲੋਚਕ ਅਜੇ ਵੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਦੇਸ਼ੀ ਨੂੰ ਹੱਲਾਸ਼ੇਰੀ ਦੇਣ ਅਤੇ ਸਥਾਨਕ ਬਰਾਂਡ ਵਿਚਕਾਰ ਲਿੰਕ ਵੇਖਦੇ ਹਨ। ਪਰ ਆਚਾਰੀਆ ਬਾਲਕ੍ਰਿਸ਼ਨ ਅਨੁਸਾਰ ਪਤੰਜਲੀ ਦੇ ਵਿਕਾਸ ਅਤੇ ਬੀ.ਜੇ.ਪੀ. ਸਰਕਾਰ ਵਿਚਕਾਰ ਕੋਈ ਰਿਸ਼ਤਾ ਨਹੀਂ ਹੈ। ਉਹ ਕਹਿੰਦਾ ਹੈ ਕਿ ਕੰਪਨੀ ਦੀ ਤਰੱਕੀ ਦਰਅਸਲ 2 ਦਹਾਕਿਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਪਤੰਜਲੀ ਦੀ ਵੈੱਬਸਾਈਟ ਉਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਆਯੁਰਵੇਦ, ਸੰਸਕ੍ਰਿਤ ਭਾਸ਼ਾ ਅਤੇ ਵੇਦ ਦੇ ਮਹਾਨ ਜਾਣੂ ਵਜੋਂ ਦਰਸਾਇਆ ਗਿਆ ਹੈ ਜਿਨ੍ਹਾਂ ਨੇ ਜੜੀ-ਬੂਟੀਆਂ ਉਤੇ ਕਈ ਕਿਤਾਬਾਂ ਅਤੇ ਖੋਜਪੱਤਰ ਲਿਖੇ ਹਨ।
ਪਤੰਜਲੀ ਯੋਗਪੀਠ
ਇੰਟਰਵਿਊ ‘ਚ ਬਾਲਕ੍ਰਿਸ਼ਨ ਨੇ ਪਿਛਲੇ ਸਾਲ ਦਸਿਆ ਸੀ ਕਿ ਪਤੰਜਲੀ ਨੇ ਲਗਭਗ 100 ਵਿਗਿਆਨਿਕਾਂ ਨੂੰ ਜੜੀਆਂ ਬੂਟੀਆਂ ਦੀ ਖੋਜ ਦੇ ਕੰਮ ‘ਚ ਲਾਇਆ ਹੋਇਆ ਹੈ ਅਤੇ ਜੜੀਆਂ-ਬੂਟੀਆਂ ਦਾ ਇਕ ਵਿਸ਼ਵਕੋਸ਼ ਤਿਆਰ ਕਰਨ ਦਾ ਕੰਮ ਵੀ ਕਰ ਰਹੀ ਹੈ।
ਉਸ ਨੇ ਇਹ ਵੀ ਦਸਿਆ ਕਿ ਉਸ ਨੇ ਲਗਭਗ 65 ਹਜ਼ਾਰ ਕਿਸਮ ਦੀਆਂ ਜੜੀਆਂ-ਬੂਟੀਆਂ ਉਤੇ ਕੰਮ ਕੀਤਾ ਹੈ ਅਤੇ ਦਾਅਵਾ ਕੀਤਾ ਕਿ ਜੜੀਆਂ-ਬੂਟੀਆਂ ਦੇ ਦਵਾਈ ਗੁਣਾਂ ਉਤੇ ਲਿਖੀ ਉਸ ਦੀ ਇਕ ਕਿਤਾਬ ਦੀਆਂ ਇਕ ਕਰੋੜ ਕਾਪੀਆਂ ਵਿਕ ਚੁੱਕੀਆਂ ਹਨ।
ਉਸ ਦਾ ਕਹਿਣਾ ਹੈ ਕਿ ਜੜੀਆਂ-ਬੂਟੀਆਂ ਦੇ ਜਿਸ ਵਿਸ਼ਵਕੋਸ਼ ਉਤੇ ਉਹ ਕੰਮ ਕਰ ਰਿਹਾ ਹੈ ਉਹ ਲਗਭਗ ਡੇਢ ਲੱਖ ਪੰਨਿਆਂ ਦੀ ਹੋਵੇਗੀ। ਬਾਲਕ੍ਰਿਸ਼ਨ ਨੇ ਕਿਹਾ, ”ਮੇਰੇ ਉਤੇ ਮੇਰੀ ਮਾਂ ਦਾ ਡੂੰਘਾ ਅਸਰ ਹੈ ਅਤੇ ਉਹ ਮੇਰੀ ਪ੍ਰੇਰਣਾਸ੍ਰੋਤ ਵੀ ਹੈ। ਜੜੀਆਂ-ਬੂਟੀਆਂ ਦੇ ਮੇਰੇ ਗਿਆਨ ਦਾ ਆਧਾਰ ਮਾਂ ਦੇ ਘਰੇਲੂ ਨੁਸਖੇ ਹਨ।” ਪਤੰਜਲੀ ਯੋਗਪੀਠ ‘ਚ ਆਚਾਰੀਆ ਬਾਲਕ੍ਰਿਸ਼ਨ ਦਾ ਜਨਮ ਦਿਨ ਜੜੀਆਂ-ਬੂਟੀਆਂ ਦਿਵਸ ਵਜੋਂ ਮਨਾਇਆ ਜਾਂਦਾ ਹੈ।
(ਬੀ.ਬੀ.ਸੀ. ਤੋਂ ਧੰਨਵਾਦ ਸਹਿਤ)