ਰਿਆਨ ਕਤਲ ਕੇਸ: ਸੀ.ਬੀ.ਆਈ. ਕਰੇਗੀ ਜਾਂਚ, 3 ਮਹੀਨਿਆਂ ਲਈ ਹਰਿਆਣਾ ਸਰਕਾਰ ਨੇ ਟੇਕਓਵਰ ਕੀਤਾ ਸਕੂਲ

ਰਿਆਨ ਕਤਲ ਕੇਸ: ਸੀ.ਬੀ.ਆਈ. ਕਰੇਗੀ ਜਾਂਚ, 3 ਮਹੀਨਿਆਂ ਲਈ ਹਰਿਆਣਾ ਸਰਕਾਰ ਨੇ ਟੇਕਓਵਰ ਕੀਤਾ ਸਕੂਲ

ਗੁਰੂਗ੍ਰਾਮ/ਬਿਊਰੋ ਨਿਊਜ਼ :
ਇਥੋਂ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿਚ 7 ਸਾਲਾ ਬੱਚੇ ਦੇ ਕਤਲ ਕੇਸ ਵਿਚ ਹਰਿਆਣਾ ਸਰਕਾਰ ਨੇ ਅੱਜ ਸੀਬੀਆਈ ਜਾਂਚ ਦੀ ਸਿਫ਼ਾਰਸ਼ ਕੀਤੀ ਹੈ। ਪਿਛਲੇ ਸ਼ੁੱਕਰਵਾਰ ਨੂੰ ਪ੍ਰਦਯੁਮਨ ਠਾਕੁਰ ਸਕੂਲ ਦੇ ਪਖਾਨੇ ਵਿਚੋਂ ਮ੍ਰਿਤਕ ਮਿਲਿਆ ਸੀ ਤੇ ਉਸ ਦੀ ਗਰਦਨ ਤੇਜ਼ਧਾਰ ਹਥਿਆਰ ਨਾਲ ਵੱਢੀ ਹੋਈ ਸੀ। ਪੀੜਤ ਪਰਿਵਾਰ ਨੂੰ ਮਿਲਣ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਹ ਐਲਾਨ ਕੀਤਾ।
ਸਕੂਲ ਖ਼ਿਲਾਫ਼ ਕਾਰਵਾਈ ਬਾਰੇ ਪੁੱਛਣ ‘ਤੇ ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਇਸ ਸਕੂਲ ਦਾ ਪ੍ਰਬੰਧ 3 ਮਹੀਨਿਆਂ ਲਈ ਆਪਣੇ ਹੱਥ ਵਿਚ ਲੈਣ ਦਾ ਫ਼ੈਸਲਾ ਕੀਤਾ ਹੈ। ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਸਕੂਲ ਦਾ ਪ੍ਰਬੰਧ ਚਲਾਇਆ ਜਾਵੇਗਾ। ਉਨ੍ਹਾਂ ਇਥੇ ਪੱਤਰਕਾਰਾਂ ਨੂੰ ਦੱਸਿਆ, ‘ਇਹ ਘਟਨਾ ਬੇਹੱਦ ਮੰਦਭਾਗੀ ਹੈ। ਮੈਂ ਇਥੇ ਪਰਿਵਾਰ ਨੂੰ ਮਿਲ ਕੇ ਅਫ਼ਸੋਸ ਜ਼ਾਹਰ ਕਰਨ ਆਇਆ ਸੀ। ਹਰਿਆਣਾ ਪੁਲੀਸ ਨੇ ਇਸ ਮਾਮਲੇ ਵਿਚ ਨਿਰਪੱਖ ਤੇ ਢੁਕਵੀਂ ਜਾਂਚ ਕੀਤੀ ਹੈ ਪਰ ਇਸ ਦੇ ਬਾਵਜੂਦ ਪੀੜਤ ਪਰਿਵਾਰ ਦੀ ਮੰਗ ‘ਤੇ ਇਸ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾ ਰਹੀ ਹੈ। ਮੈਂ ਸੀਬੀਆਈ ਨੂੰ ਇਸ ਕੇਸ ਦੀ ਜਾਂਚ ਜਲਦੀ ਤੋਂ ਜਲਦੀ ਸਿਰੇ ਲਾਉਣ ਦੀ ਅਪੀਲ ਕਰਦਾ ਹਾਂ।’ ਪ੍ਰਦਯੁਮਨ ਦੇ ਪਿਤਾ ਬਰੁਣ ਠਾਕੁਰ ਨੇ ਕਿਹਾ ਕਿ ਅਜਿਹੇ ਕੇਸਾਂ ਵਿਚ ਸਕੂਲ ਮੈਨੇਜਮੈਂਟ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਭਵਿੱਖ ਵਿਚ ਸਕੂਲਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਨੱਕ ਥੱਲੇ ਅਜਿਹੀਆਂ ਹੌਲਨਾਕ ਘਟਨਾਵਾਂ ਨਾ ਹੋਣ।’
ਸੁਪਰੀਮ ਕੋਰਟ ਵੱਲੋਂ ਕੇਂਦਰ ਤੇ ਰਾਜਾਂ ਨੂੰ ਨੋਟਿਸ
ਨਵੀਂ ਦਿੱਲੀ: ਸਕੂਲੀ ਬੱਚਿਆਂ ਨੂੰ ਜਿਨਸੀ ਸ਼ੋਸ਼ਣ ਤੇ ਕਤਲ ਤੋਂ ਬਚਾਉਣ ਲਈ ‘ਗ਼ੈਰ-ਸਮਝੌਤਾਯੋਗ’ ਸ਼ਰਤਾਂ ਤਿਆਰ ਕਰਨ ਤੇ ਦਿਸ਼ਾ ਨਿਰਦੇਸ਼ ਲਾਗੂ ਕਰਨ ਬਾਰੇ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਕੇਂਦਰ ਤੇ ਸਾਰੀਆਂ ਸੂਬਾਈ ਸਰਕਾਰਾਂ ਤੋਂ ਜਵਾਬ ਮੰਗਿਆ ਹੈ। ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਨੋਟਿਸ ਜਾਰੀ ਕਰਦਿਆਂ ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ, ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ 3 ਹਫ਼ਤਿਆਂ ਅੰਦਰ ਜਵਾਬ ਮੰਗਿਆ ਹੈ।