ਉਤਰਾਖੰਡ ਦੇ ਸ਼ਾਰਦਾ ਦਰਿਆ ਵਿਚੋਂ ਬਣਾਈ ਜਾਵੇ ਦੂਜੀ ਐਸ.ਵਾਈ.ਐਲ. : ਫੂਲਕਾ

ਉਤਰਾਖੰਡ ਦੇ ਸ਼ਾਰਦਾ ਦਰਿਆ ਵਿਚੋਂ ਬਣਾਈ ਜਾਵੇ ਦੂਜੀ ਐਸ.ਵਾਈ.ਐਲ. : ਫੂਲਕਾ
ਕੈਪਸ਼ਨ-ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਚ.ਐਸ.ਫੂਲਕਾ।

ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (‘ਆਪ’) ਨੇ ਪੰਜਾਬ ਅਤੇ ਹਰਿਆਣਾ ਦੇ ਪਾਣੀਆਂ ਦੇ ਮਸਲੇ ਨੂੰ ਦੂਜੀ ਐਸਵਾਈਐਲ ਉਸਾਰ ਕੇ ਹੱਲ ਕਰਨ ਦੀ ਰੌਚਿਕ ਸਲਾਹ ਦਿੱਤੀ ਹੈ। ‘ਆਪ’ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼ਾਰਦਾ-ਯਮੁਨਾ ਲਿੰਕ ਨਹਿਰ (ਐਸਵਾਈਐਲ) ਦੇ ਸਾਲ 2002 ਵਿੱਚ ਪ੍ਰਵਾਨ ਹੋਏ ਪ੍ਰਾਜੈਕਟ ਨੂੰ ਨਾ ਉਸਾਰ ਕੇ ਪੰਜਾਬੀਆਂ ਅਤੇ ਹਰਿਆਣਵੀਆਂ ਨੂੰ ਲੜਾਉਣ ਦੇ ਰਾਹ ਪਏ ਹਨ।
ਪਾਰਟੀ ਦੇ ਸੀਨੀਅਰ ਆਗੂ ਤੇ ਵਕੀਲ ਐਚਐਸ ਫੂਲਕਾ ਨੇ ਦਾਅਵਾ ਕੀਤਾ ਕਿ ਉੱਤਰਾਖੰਡ ਵਿੱਚ ਪੈਂਦੇ ਸ਼ਾਰਦਾ ਦਰਿਆ ਵਿੱਚੋਂ ਦੂਜੀ ਐਸਵਾਈਐਲ ਬਣਾਉਣ ਦਾ ਸਾਲ 2002 ਵਿੱਚ ਫ਼ੈਸਲਾ ਹੋਇਆ ਸੀ ਅਤੇ ਸੁਪਰੀਮ ਕੋਰਟ ਨੇ ਵੀ ਇਸ ਨੂੰ ਉਸਾਰਨ ਦੇ ਹੁਕਮ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਇੰਟਰ ਲਿੰਕਿੰਗ ਆਫ ਵਾਟਰ ਪਲਾਨ ਤਹਿਤ ਸ਼ਾਰਦਾ ਦਰਿਆ ਰਾਹੀਂ ਹਰੇਕ ਵਰ੍ਹੇ ਆਉਂਦੇ ਹੜ੍ਹਾਂ ਤੋਂ ਸਥਾਨਕ ਲੋਕਾਂ ਨੂੰ ਬਚਾਉਣ ਅਤੇ ਹਰਿਆਣਾ ਤੇ ਰਾਜਸਥਾਨ ਨੂੰ ਲੋੜੀਂਦਾ ਪਾਣੀ ਮੁਹੱਈਆ ਕਰਨ ਲਈ ਹੀ ਦੂਜੀ ਐਸਵਾਈਐਲ ਬਣਾਉਣ ਦਾ ਫ਼ੈਸਲਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉੱਤਰਾਖੰਡ ਦੇ ਜ਼ਿਲ੍ਹਾ ਚੰਪਾਵਤ ਵਿੱਚ ਪੈਂਦੇ ਸ਼ਾਰਦਾ ਦਰਿਆ ਤੋਂ ਨਿਕਲਣ ਵਾਲੀ ਦੂਜੀ ਐਸਵਾਈਐਲ ਰਾਹੀਂ ਅੱਗੇ ਗੁਜਰਾਤ ਨੂੰ ਵੀ ਪਾਣੀ ਮੁਹੱਈਆ ਕਰਨ ਦੀ ਤਜਵੀਜ਼ ਸੀ। ਉਨ੍ਹਾਂ ਹੈਰਾਨੀ ਜ਼ਾਹਰ ਕੀਤੀ ਕਿ ਅਕਾਲੀ ਦਲ ਦੀ ਭਾਈਵਾਲ ਕੇਂਦਰ ਦੀ ਮੋਦੀ ਸਰਕਾਰ ਸਤਲੁਜ ਯਮੁਨਾ ਲਿੰਕ (ਐਸਵਾਈਐਲ) ਨਹਿਰ ਬਣਾਉਣ ਦਾ ਦਬਾਅ ਪਾ ਕੇ ਪੰਜਾਬ ਨੂੰ ਸੋਕੇ ਦੀ ਮਾਰ ਹੇਠ ਲਿਆਉਣ ਦੀ ਚਾਲ ਚੱਲ ਰਹੀ ਹੈ ਜਦਕਿ ਦੂਸਰੇ ਪਾਸੇ ਸ਼ਾਰਦਾ ਐਸਵਾਈਐਲ ਪ੍ਰੋਜੈਕਟ ਨੂੰ ਪੈਂਡਿੰਗ ਰੱਖ ਕੇ ਉੱਤਰਾਖੰਡ ਦੇ ਲੋਕਾਂ ਨੂੰ ਜਿੱਥੇ ਹੜ੍ਹਾਂ ਦੇ ਰਹਿਮੋ ਕਰਮ ‘ਤੇ ਛੱਡ ਰਹੀ ਹੈ, ਉਥੇ ਹਰਿਆਣਾ ਨੂੰ ਵੀ ਇਸ ਨਹਿਰ ਰਾਹੀਂ ਮਿਲਣ ਵਾਲੇ ਪਾਣੀ ਤੋਂ ਵਿਰਵੇ ਕੀਤਾ ਜਾ ਰਿਹੈ। ਸ੍ਰੀ ਫੂਲਕਾ ਨੇ ਕਿਹਾ ਕਿ ਇੰਦਰਾ ਗਾਂਧੀ ਸਰਕਾਰ ਨੇ 1976 ਵਿੱਚ ਪੰਜਾਬ ਵਿਚੋਂ ਐਸਵਾਈਐਲ ਨਹਿਰ ਕੱਢਣ ਦਾ ਗ਼ਲਤ ਫ਼ੈਸਲਾ ਕੀਤਾ ਸੀ ਤੇ ਹੁਣ ਮੋਦੀ ਸਰਕਾਰ ਇਸ ਫੈਸਲੇ ਨੂੰ ਲਾਗੂ ਕਰਵਾਉਣ ਲਈ ਸੁਪਰੀਮ ਕੋਰਟ ਦੀ ਸਲਾਹ ਲੈਣ ਉਪਰੰਤ ਇਸ ਨੂੰ ਖੋਦਣ ਲਈ ਪੱਬਾਂ ਭਾਰ ਹੈ ਜਦਕਿ ਸਰਕਾਰ ਦੂਜੀ ਐਸਵਾਈਐਲ ਦੀ ਉਸਾਰੀ ਦੇ ਮੁੱਦੇ ਉਪਰ ਖਾਮੋਸ਼ ਹੈ। ਸ੍ਰੀ ਫੂਲਕਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ਉਹ ਆਪਣੀ ਭਾਈਵਾਲ ਕੇਂਦਰ ਸਰਕਾਰ ਕੋਲ ਪਹੁੰਚ ਕਰਕੇ ਦੂਸਰੀ ਐਸਵਾਈਐਲ ਦੀ ਉਸਾਰੀ ਕਰਨ ਲਈ ਆਵਾਜ਼ ਉਠਾਉਣ। ਉਨ੍ਹਾਂ ਹਰਿਆਣਾ ਦੇ ਆਗੂਆਂ ਨੂੰ ਅਪੀਲ ਕੀਤੀ  ਕਿ ਉਹ ਦੂਜੀ ਸ਼ਾਰਦਾ ਐਸਵਾਈਐਲ ਨਹਿਰ ਦੀ ਉਸਾਰੀ ਲਈ ਦਬਾਅ ਪਾਉਣ ਕਿਉਂਕਿ ਇਸ ਨਹਿਰ ਦਾ ਪਾਣੀ ਕਰਨਾਲ ਵਿੱਚ ਯਮੁਨਾ ਨਹਿਰ ਵਿੱਚ ਪੈਣਾ ਹੈ। ਉਨ੍ਹਾਂ ਦੱਸਿਆ ਕਿ ਦੂਜੀ ਐਸਵਾਈਐਲ ਨਹਿਰ ਦੇ ਨਕਸ਼ਿਆਂ ਸਮੇਤ ਹੋਰ ਤਕਨੀਕੀ ਪ੍ਰਕਿਰਿਆ ਆਦਿ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਕੇਂਦਰ ਸਰਕਾਰ ਕਿਸੇ ਵੇਲੇ ਵੀ ਇਸ ਦੀ ਉਸਾਰੀ ਸ਼ੁਰੂ ਕਰਵਾ ਸਕਦੀ ਹੈ।