ਵਿਪਸਾ ਵਲੋਂ ਪੰਜਾਬੀ ਰੇਡੀਓ ਯੂ.ਐਸ.ਏ. ਵਿਖੇ ਯਾਦਗਾਰੀ ਕਵੀ ਦਰਬਾਰ

ਵਿਪਸਾ ਵਲੋਂ ਪੰਜਾਬੀ ਰੇਡੀਓ ਯੂ.ਐਸ.ਏ. ਵਿਖੇ ਯਾਦਗਾਰੀ ਕਵੀ ਦਰਬਾਰ

ਵਿਪਸਾ ਕਾਰਜਕਾਰਨੀ ਦੀ ਚੋਣ 22 ਅਪ੍ਰੈਲ ਨੂੰ ਫਰੀਮੌਂਟ ਵਿਚ ਹੋਵੇਗੀ
ਸੈਨ ਹੋਜ਼ੇ/ਬਿਊਰੋ ਨਿਊਜ਼ :
ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੀ ਅਹਿਮ ਮੀਟਿੰਗ ਅਤੇ ਕਵੀ ਦਰਬਾਰ ਪੰਜਾਬੀ ਰੇਡੀਓ, ਯੂ.ਐਸ.ਏ. ਦੇ ਸਟੂਡੀਓ ਵਿਚ ਹੋਇਆ। ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕਰਦਿਆਂ ਸ. ਹਰਜੋਤ ਸਿੰਘ ਖਾਲਸਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਸਭ ਤੋਂ ਪਹਿਲਾਂ ਅਕੈਡਮੀ ਦੇ ਸਰਕਰਦਾ ਮੈਂਬਰ ਸੁਖਵਿੰਦਰ ਕੰਬੋਜ ਦੇ ਸਹੁਰਾ ਸਾਹਿਬ ਜਨਾਬ ਵਲੈਤੀ ਰਾਮ ਗੁਪਤਾ ਦੇ ਅਕਾਲ ਚਲਾਣੇ ‘ਤੇ ਸ਼ੌਕ ਮਤਾ ਪਾਸ ਕੀਤਾ ਗਿਆ ਅਤੇ ਇਕ ਮਿੰਟ ਦੀ ਖਾਮੋਸ਼ੀ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸੁਖਵਿੰਦਰ ਕੰਬੋਜ ਨੇ ਉਨ੍ਹਾਂ ਪ੍ਰਤੀ ਵੱਡ ਮੁੱਲੇ ਸ਼ਬਦਾਂ ਨਾਲ ਉਨ੍ਹਾਂ ਦੀ ਉਸਾਰੂ, ਅਗਾਂਹ ਵਧੂ ਅਤੇ ਉਪਜਾਊ ਜੀਵਨ ਯਾਤਰਾ ਪ੍ਰਤੀ ਚਾਨਣ ਪਾਇਆ।
ਇਸ ਤੋਂ ਬਾਅਦ ਵਿਪਸਾ ਦੀਆਂ ਅਗਾਂਹ ਵਧੂ ਗਤੀਵਿਧੀਆਂ ਦਾ ਜ਼ਿਕਰ ਕਰਦਿਆਂ ਇਸ ਦੀ ਨਵੀਂ ਕਾਰਜਕਾਰਨੀ ਲਈ ਚੋਣ ਮਤਾ ਪਾਸ ਕੀਤਾ ਗਿਆ। ਇਹ ਚੋਣ 22 ਅਪ੍ਰੈਲ ਨੂੰ ਫਰੀਮੌਂਟ ਵਿਚ ਵਿਪਸਾ ਦੇ ਸੰਵਿਧਾਨ ਅਨੁਸਾਰ ਹੋਵੇਗੀ। ਇਸ ਦੇ ਚੋਣ ਕਮਿਸ਼ਨਰ ਡਾ. ਗੁਰੂਮੇਲ ਸਿੱਧੂ ਹੋਣਗੇ। ਸਮੇਂ ਅਤੇ ਸਥਾਨ ਪ੍ਰਤੀ ਜਾਣਕਾਰੀ ਅਗਲੀ ਸੂਚਨਾ ਅਨੁਸਾਰ ਦਿੱਤੀ ਜਾਵੇਗੀ।
ਇਸ ਮੌਕੇ ਹੋਏ ਕਵੀ ਦਰਬਾਰ ਵਿਚ ਜਨਾਬ ਅਜ਼ਾਦ ਜਲੰਧਰੀ, ਵਿਪਸਾ ਦੇ ਉਪ ਚੇਅਰਮੈਨ ਕੁਲਵਿੰਦਰ, ਈਸ਼ਰ ਸਿੰਘ ਮੋਮਨ, ਮੋਹਨ ਸਿੰਘ ਚਰਖਾ, ਗੁਰਮੀਤ ਬਰਸਾਲ, ਕਮਲਦੇਵ ਪਾਲ, ਹਰਭਜਨ ਸਿੰਘ ਢਿੱਲੋਂ, ਸੁਖਵਿੰਦਰ ਕੰਬੋਜ ਅਤੇ ਗਗਨ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਕਵੀ ਦਰਬਾਰ ਦਾ ਸੰਚਾਲਨ ਸੁਖਵਿੰਦਰ ਕੰਬੋਜ ਨੇ ਕੀਤਾ। ਇਸ ਮੌਕੇ ਜਨਾਬ ਤਾਂਗੜੀ, ਤਾਰਾ ਸਿੰਘ ਸਾਗਰ, ਸੁਰਿੰਦਰ ਸੀਰਤ ਅਤੇ ਪੰਜਾਬੀ ਰੇਡੀਓ ਯੂ.ਐਸ.ਏ. ਦੇ ਸਰਕਦਾ ਮੈਂਬਰ ਸ਼ਾਮਲ ਰਹੇ। ਜ਼ਿਕਰਯੋਗ ਹੈ ਕਿ ਹਰ ਸ਼ਨਿੱਚਰਵਾਰ ਨੂੰ ਸ਼ਾਮ 4:00 ਤੋਂ 5:30 ਵਜੇ ਤਕ 6 ਵਰ੍ਹਿਆਂ ਤੋਂ ਹਰਭਜਨ ਸਿੰਘ ਢਿੱਲੋਂ ਦੀ ਸਰਪਰਸਤੀ ਹੇਠ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ।