‘ਕੁਈਜ਼ਨੋਸ’ ਦੇ ਮਾਲਕ ਸੀ.ਜੇ. ਸਿੰਘ ਦੇ ਰੇਸਤਰਾਂ ਦੀ ਦੀਵਾਰ ‘ਤੇ ਲਿਖਿਆ ‘ਅੱਤਵਾਦੀ’

‘ਕੁਈਜ਼ਨੋਸ’ ਦੇ ਮਾਲਕ ਸੀ.ਜੇ. ਸਿੰਘ ਦੇ ਰੇਸਤਰਾਂ ਦੀ ਦੀਵਾਰ ‘ਤੇ ਲਿਖਿਆ ‘ਅੱਤਵਾਦੀ’

ਸਾਨ ਫਰਾਂਸਿਸਕੋ/ਬਿਊਰੋ ਨਿਊਜ਼ :
ਨਸਲੀ ਅਪਰਾਧ ਦੇ ਮਾਮਲੇ ਵਿੱਚ ਕੈਲੇਫੋਰਨੀਆ ਵਿੱਚ ਸਿੱਖ ਵਿਅਕਤੀ ਦੇ ਰੇਸਤਰਾਂ ਦੀ ਬਾਹਰੀ ਕੰਧ ਉਤੇ ‘ਅੱਤਵਾਦੀ’ ਲਿਖ ਦਿੱਤਾ ਗਿਆ।
ਵੁੱਡਲੈਂਡ (ਕੈਲੇਫੋਰਨੀਆ) ਵਿੱਚ ‘ਕੁਈਜ਼ਨੋਸ’ ਨਾਂ ਦੇ ਰੇਸਤਰਾਂ ਦੇ ਮਾਲਕ ਸੀ.ਜੇ. ਸਿੰਘ ਨੇ ਕਿਹਾ ਕਿ ਕਿਸੇ ਨੇ ਰੇਸਤਰਾਂ ਨੂੰ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਅਤੇ ਦਾਨ ਲਈ ਬਚਾਈ ਰਕਮ ਵੀ ਚੋਰੀ ਕਰ ਲਈ। ਸ਼ਰਾਰਤੀ ਅਨਸਰ ਨਿਗਰਾਨੀ ਕੈਮਰਿਆਂ ਦੀ ਡੀਵੀਆਰ ਵੀ ਲੈ ਗਏ ਤਾਂ ਕਿ ਉਨ੍ਹਾਂ ਦੀ ਪਛਾਣ ਨਾ ਹੋ ਸਕੇ। ਫੋਕਸ40.ਕਾਮ ਨੇ ਸੀ.ਜੇ. ਸਿੰਘ ਦੇ ਹਵਾਲੇ ਨਾਲ ਕਿਹਾ ਕਿ ਜਦੋਂ ਉਹ ਕੰਮ ਉਤੇ ਆਇਆ ਤਾਂ ਮੂਹਰਲੀ ਕੰਧ ਉਤੇ ‘ਅੱਤਵਾਦੀ’ ਸ਼ਬਦ ਲਿਖਿਆ ਹੋਇਆ ਸੀ। ਵੁੱਡਲੈਂਡ ਦੇ ਮੇਅਰ ਪ੍ਰੋ. ਟੈਮ ਐਨਰਿਕ ਫਰਨਾਂਡੇਜ਼ ਨੇ ਕਿਹਾ ਕਿ ਅਸਹਿਣਸ਼ੀਲਤਾ ਨਾਲ ਲੜਨ ਲਈ ਉਹ ਪੂਰੇ ਵੁੱਡਲੈਂਡ ਵਿੱਚ ਇਸ਼ਤਿਹਾਰ ਵੰਡ ਰਹੇ ਹਨ। ਉਨ੍ਹਾਂ ਕਿਹਾ ਕਿ ”ਅਸੀਂ ਉਸ ਨਫ਼ਰਤ ਤੇ ਅਸਹਿਣਸ਼ੀਲਤਾ ਵਿਚੋਂ ਨਿਕਲਣ ਦੇ ਤਰੀਕੇ ਸੋਚਣ ਲਈ ਉਤਸੁਕ ਹਾਂ, ਜਿਸ ਦੀ ਗੂੰਜ ਹਾਲੀਆ ਚੋਣਾਂ ਵਿੱਚ ਦੇਸ਼ ਭਰ ਵਿੱਚ ਸੁਣਾਈ ਦਿੱਤੀ।” ਰੇਸਤਰਾਂ ਮਾਲਕ ਦੇ ਰਿਸ਼ਤੇਦਾਰ ਮਾਈਕ ਗਿੱਲ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਹ ਹਰ ਸਮੇਂ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੋ ਮਹੀਨਿਆਂ ਵਿੱਚ ਵਾਪਰੀ ਇਹ ਦੂਜੀ ਘਟਨਾ ਹੈ।