ਪਟਿਆਲਾ ਤੋਂ ‘ਆਪ’ ਦੇ ਡਾ. ਬਲਬੀਰ ਸਿੰਘ ਕਰਨਗੇ ਕੈਪਟਨ ਦਾ ਮੁਕਾਬਲਾ

ਪਟਿਆਲਾ ਤੋਂ ‘ਆਪ’ ਦੇ ਡਾ. ਬਲਬੀਰ ਸਿੰਘ ਕਰਨਗੇ ਕੈਪਟਨ ਦਾ ਮੁਕਾਬਲਾ

ਕੈਪਸ਼ਨ-ਸਮਾਣਾ ਵਿੱਚ ਰੈਲੀ ਮੌਕੇ ਡਾ. ਬਲਬੀਰ ਸਿੰਘ ਨੂੰ ਉਮੀਦਵਾਰ ਐਲਾਨਦੇ ਹੋਏ ‘ਆਪ’ ਆਗੂ।
ਸਮਾਣਾ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਮਾਣਾ ਵਿੱਚ ਰੈਲੀ ਮੌਕੇ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ਡਾ. ਬਲਬੀਰ ਸਿੰਘ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਇਸ ਹਲਕੇ ਤੋਂ ਡਾ. ਬਲਬੀਰ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਚੋਣ ਲੜਨਗੇ।
ਰੈਲੀ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ‘ਆਪ’ ਦਾ ਹਰ ਵਾਲੰਟੀਅਰ ਮਰਨ ਨੂੰ ਤਿਆਰ ਹੈ ਪਰ ਭ੍ਰਿਸ਼ਟਾਚਾਰ ਅੱਗੇ ਝੁਕ ਕੇ ਉਸ ਨਾਲ ਸਮਝੌਤਾ ਕਰਨ ਨੂੰ ਤਿਆਰ ਨਹੀਂ। ਦੇਸ਼ ਵਿੱਚ ਸਿਰਫ਼ ‘ਆਪ’ ਅਜਿਹੀ ਪਾਰਟੀ ਹੈ, ਜਿਹੜੀ ਭ੍ਰਿਸ਼ਟਾਚਾਰ ਖ਼ਿਲਾਫ਼ ਲੜਦੇ ਹੋਏ ਇਮਾਨਦਾਰੀ ਨਾਲ ਅੱਗੇ ਵਧਣਾ ਚਾਹੁੰਦੀ ਹੈ।
‘ਆਪ’ ਦੀਆਂ ਰੈਲੀਆਂ ਨੂੰ ਪੰਜਾਬ ਭਰ ਵਿੱਚੋਂ ਮਿਲ ਰਹੇ ਭਰਵੇਂ ਹੁੰਗਾਰੇ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ 100 ਨਹੀਂ ਸਗੋਂ ਇਸ ਤੋਂ ਵੀ ਵੱਧ ਸੀਟਾਂ ‘ਤੇ ਜਿੱਤ ਪ੍ਰਾਪਤ ਕਰਕੇ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਏਗੀ।
ਉਨ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਸਭ ਤੋਂ ਵੱਡੇ ਭ੍ਰਿਸ਼ਟਾਚਾਰੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਬਾਦਲਾਂ ਤੇ ਕੈਪਟਨ ਨੇ ਵਾਰੋ-ਵਾਰੀ ਰਲ ਕੇ ਪੰਜਾਬ ਨੂੰ ਲੁੱਟਿਆ ਹੈ, ਜਿਸ ਕਾਰਨ ਅੱਜ ਸੂਬਾ ਕੰਗਾਲ ਹੋ ਚੁੱਕਿਆ ਹੈ।
ਉਨ੍ਹਾਂ ਦਿੱਲੀ ‘ਵਿੱਚ ਡੇਢ ਸਾਲ ਸਰਕਾਰ ਚਲਾਉਣ ਦੇ ਤਜਰਬੇ ਦੇ ਆਧਾਰ ‘ਤੇ ਦਾਅਵਾ ਕੀਤਾ ਕਿ ਸਰਕਾਰਾਂ ਕੋਲ ਪੈਸੇ ਦੀ ਕਮੀ ਨਹੀਂ ਹੁੰਦੀ, ਨੀਅਤ ਦੀ ਕਮੀ ਹੁੰਦੀ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭ੍ਰਿਸ਼ਟਾਚਾਰ ਮੁਕਤ ਸਰਕਾਰ ਸਥਾਪਤ ਕਰਕੇ ਪੈਸੇ ਦੀ ਕਮੀ ਨੂੰ ਦੂਰ ਕਰ ਦਿੱਤਾ ਜਾਵੇਗਾ।
ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਵਿਦੇਸ਼ੀ ਬੈਂਕ ਖਾਤਿਆਂ ਦਾ ਖ਼ੁਲਾਸਾ ਕੀਤਾ ਅਤੇ ਬਾਦਲ ਪਰਿਵਾਰ ‘ਤੇ ਰੇਤਾ, ਬਜਰੀ, ਬੱਸ ਪਰਮਿਟ, ਕੇਬਲ, ਹੋਟਲ, ਸ਼ਰਾਬ ਤੇ ਨਸ਼ਾ ਮਾਫੀਆ ਚਲਾਉਣ ਦੇ ਦੋਸ਼ ਲਾਏ। ਸ੍ਰੀ ਕੇਜਰੀਵਾਲ ਨੇ ਵਾਅਦਾ ਕੀਤਾ ਕਿ ਸੱਤਾ ਵਿਚ ਆਉਂਦਿਆਂ ਹੀ ‘ਆਪ’ ਵੱਲੋਂ ਰੇਤ ਬਜਰੀ ਦੇ ਠੇਕੇ ਅਤੇ ਬੱਸ ਪਰਮਿਟ ਬਾਦਲਾਂ ਤੋਂ ਖੋਹ ਕੇ  ਬੇਰੁਜ਼ਗਾਰ ਨੌਜਵਾਨਾਂ ਨੂੰ ਵੰਡੇ ਜਾਣਗੇ।
ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ‘ਤੇ ਪੰਜਾਬ ਦੇ ਦਲਿਤਾਂ ਉਤੇ ਹੋ ਰਹੇ ਅਤਿਆਚਾਰਾਂ ਬਾਰੇ ਵਿਸ਼ੇਸ਼ ਜਾਂਚ ਟੀਮ ਬਣਾਈ ਜਾਵੇਗੀ ਅਤੇ ਜ਼ਮੀਨਾਂ ਕਾਨੂੰਨ ਮੁਤਾਬਿਕ ਦਲਿਤਾਂ ਨੂੰ ਦਿੱਤੀਆਂ ਜਾਣਗੀਆਂ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਹੋਏ ਹਮਲੇ ਦੇ ਅਸਲ ਦੋਸ਼ੀਆਂ ਨੂੰ ਅਜੇ ਤੱਕ ਨਾ ਫੜੇ ਜਾਣ ‘ਤੇ  ਸਵਾਲ ਉਠਾਉਂਦਿਆਂ ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਕਿਧਰੇ ਇਹ ਕੰਮ ਬਾਦਲਾਂ ਨੇ ਹੀ ਤਾਂ ਨਹੀਂ ਕਰਵਾਏ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਬਣਦਿਆਂ ਹੀ ਬੇਅਦਬੀ ਅਤੇ ਹਮਲੇ ਦੇ  ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣਗੀਆਂ। ਸ੍ਰੀ ਕੇਜਰੀਵਾਲ ਨੇ ਵਾਅਦਾ ਕੀਤਾ ਕਿ ਪੰਜਾਬ  ਵਿੱਚ ‘ਆਪ’ ਦੀ ਸਰਕਾਰ ਬਣਨ ਉਤੇ ਸਾਰੇ ਠੇਕਾ ਆਧਾਰਤ ਅਤੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰ ਦਿੱਤਾ ਜਾਵੇਗਾ।

ਮਾਨ ਬੋਲੇ-ਹੰਕਾਰੀ ਹੋ ਗਿਆ ਸੁਖਬੀਰ :
ਰੈਲੀ ਮੌਕੇ ਸੰਸਦ ਮੈਂਬਰ ਭਗਵੰਤ ਮਾਨ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਜਲਾਲਾਬਾਦ ਵਿੱਚ ਜ਼ਮਾਨਤ ਜ਼ਬਤ ਕਰਵਾਉਣ ਦੀ ਕੀਤੀ ਗਈ ਟਿੱਪਣੀ ਬਾਰੇ ਕਿਹਾ ਕਿ ਸੁਖਬੀਰ ਬਾਦਲ ਹੰਕਾਰ ਦੀ ਭਾਸ਼ਾ ਬੋਲ ਰਹੇ ਹਨ ਪਰ ਜਲਾਲਾਬਾਦ ਵਾਸੀ ਸੁਖਬੀਰ ਦਾ ਹੰਕਾਰ ਤੋੜਨ ਦਾ ਮਨ ਬਣਾਈ ਬੈਠੇ ਹਨ। ਉਨ੍ਹਾਂ ਐਸਵਾਈਐਲ ਨਹਿਰ ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਉਤੇ ਪੰਜਾਬ ਦੇ ਲੋਕਾਂ ਨੂੰ ਇੱਕ ਹੋਰ ਧੋਖਾ ਦੇਣ ਦੇ ਦੋਸ਼ ਲਾਏ।