ਗਾਂਧੀ ਪਰਿਵਾਰ ਨੂੰ ਕਦੇ ਵੀ ਸਿਰੋਪਾਉ ਨਹੀਂ ਦਿਆਂਗੇ : ਪ੍ਰੋ. ਬਡੂੰਗਰ

ਗਾਂਧੀ ਪਰਿਵਾਰ ਨੂੰ ਕਦੇ ਵੀ ਸਿਰੋਪਾਉ ਨਹੀਂ ਦਿਆਂਗੇ : ਪ੍ਰੋ. ਬਡੂੰਗਰ

ਮਲੇਰਕੋਟਲਾ/ਬਿਊਰੋ ਨਿਊਜ਼ :
ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੂੰ ਦਰਬਾਰ ਸਾਹਿਬ ਵਿਖੇ ਸਿਰੋਪਾਉ ਦੀ ਬਖ਼ਸ਼ੀਸ਼ ਨਾ ਕਰਨ ਨੂੰ ਪੂਰੀ ਤਰ੍ਹਾਂ ਜਾਇਜ਼ ਦੱਸਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਇੱਥੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਉਪਰ ਟੈਂਕਾਂ ਨਾਲ ਹਮਲਾ ਕਰਕੇ ਸਿੱਖਾਂ ਦੇ ਸਰਵ ਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਵਾਲੀ ਤਤਕਾਲੀਨ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਪੋਤਰੇ ਅਤੇ ਸਿੱਖ ਕਤਲੇਆਮ ਦੇ ਦੋਸ਼ੀ ਵੱਡੇ ਕਾਂਗਰਸੀ ਆਗੂਆਂ ਨੂੰ ਅੱਜ ਤੱਕ ਛਾਤੀ ਨਾਲ ਲਾਈ ਬੈਠੇ ਸ੍ਰੀ ਰਾਹੁਲ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਅੰਦਰ ਸਿਰੋਪਾਉ ਨਾ ਦੇ ਕੇ ਸ਼੍ਰੋਮਣੀ ਕਮੇਟੀ ਨੇ ਕੋਈ ਗੁਸਤਾਖ਼ੀ ਨਹੀਂ ਕੀਤੀ । ਪ੍ਰੋ. ਬਡੂੰਗਰ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਜੈਪਾਲ ਸਿੰਘ ਮੰਡੀਆਂ ਦੇ ਗ੍ਰਹਿ ਵਿਖੇ ਗੱਲਬਾਤ ਕਰ ਰਹੇ ਸਨ । ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੁਆਰਾ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਦੀ ਅਗਵਾਈ ਹੇਠ 9 ਜੂਨ ਨੂੰ ਗਠਿਤ ਕੀਤੀ ਪੰਜ ਮੈਂਬਰੀ ਕਮੇਟੀ ਨਾਲ ਮੁਲਾਕਾਤ ਉਪਰੰਤ ਪ੍ਰੋ. ਬਡੂੰਗਰ ਨੇ ਐਲਾਨ ਕੀਤਾ ਕਿ ਵਿਸ਼ਵ ਭਰ ਦੇ ਸਿੱਖ 21 ਜੂਨ ਨੂੰ ਗਤਕੇ ਨੂੰ ਸਮਰਪਿਤ ਗਤਕਾ ਦਿਵਸ ਵਜੋਂ ਮਨਾਉਣਗੇ । ਇਸ ਤੋਂ ਪਹਿਲਾਂ ਪ੍ਰੋ. ਬਡੂੰਗਰ ਨੇ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਦੀ ਅਗਵਾਈ ਹੇਠ ਮਾਨ ਦਲ ਦੇ ਆਗੂਆਂ ਦੀ ਪੰਜ ਮੈਂਬਰੀ ਕਮੇਟੀ ਨਾਲ ਮੀਟਿੰਗ ਕੀਤੀ । ਮੀਟਿੰਗ ‘ਚ ਜਥੇਦਾਰ ਕਾਲਾਬੂਲਾ ਤੋਂ ਇਲਾਵਾ ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਸ. ਇਕਬਾਲ ਸਿੰਘ ਟਿਵਾਣਾ ਹਾਜ਼ਰ ਸਨ । ਇਨ੍ਹਾਂ ਆਗੂਆਂ ਨੇ ਸੁਆਮੀ ਰਾਮਦੇਵ ਵਲੋਂ ਪੂਰੇ ਦੇਸ਼ ਅੰਦਰ 21 ਜੂਨ ਨੂੰ ਯੋਗ ਦਿਵਸ ਵਜੋਂ ਮਨਾਉਣ ਦੇ ਦਿੱਤੇ ਸੱਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੀਆਂ ਭਾਵਨਾਵਾਂ ਬਾਰੇ ਪ੍ਰੋ. ਬਡੂੰਗਰ ਨੂੰ ਜਾਣੂ ਕਰਵਾਉਂਦਿਆਂ 21 ਜੂਨ ਨੂੰ ਗਤਕਾ ਦਿਵਸ ਵਜੋਂ ਮਨਾਉਣ ਦੀ ਮੰਗ ਕੀਤੀ ਗਈ । ਇਸ ਮੌਕੇ ਜਥੇਦਾਰ ਮੰਡੀਆਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਮੇਲ ਸਿੰਘ ਸੰਗੋਵਾਲ, ਸ. ਬਲਰਾਜ ਸਿੰਘ ਸੰਧੂ, ਕਾਕਾ ਅਮਰਿੰਦਰ ਸਿੰਘ ਚੀਮਾ ਅਤੇ ਦਰਸ਼ਨ ਸਿੰਘ ਜਲਾਲਾਬਾਦ ਵੀ ਹਾਜ਼ਰ ਸਨ ।