ਬਾਦਲ ਦਲ ਦੇ ਸ਼੍ਰੋਮਣੀ ਕਮੇਟੀ ਮੈਂਬਰ ਸ. ਸੁਰਜੀਤ ਸਿੰਘ ਗੜ੍ਹੀ ਆਪ ‘ਚ ਸ਼ਾਮਲ

ਬਾਦਲ ਦਲ ਦੇ ਸ਼੍ਰੋਮਣੀ ਕਮੇਟੀ ਮੈਂਬਰ ਸ. ਸੁਰਜੀਤ ਸਿੰਘ ਗੜ੍ਹੀ ਆਪ ‘ਚ ਸ਼ਾਮਲ

ਰਾਜਪੁਰਾ/ਬਿਊਰੋ ਨਿਊਜ਼:
ਰਾਜਪੁਰਾ ਹਲਕੇ ਤੋਂ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਸੁਰਜੀਤ ਸਿੰਘ ਗੜ੍ਹੀ ਸੱਤਾਧਾਰੀ ਪਾਰਟੀ ਤੋਂ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। 11 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮੈਂਬਰ ਰਹੇ ਸ. ਗੜ੍ਹੀ ਨੇ ਇਲਾਕੇ ਦੇ ਸਰਪੰਚਾਂ, ਪੰਚਾਂ, ਰਾਜਪੁਰਾ ਮਿਉਂਸਪਲ ਕਮੇਟੀ ਦੇ ਦੋ ਮੈਂਬਰਾਂ ਹਜ਼ਾਰਾਂ ਸਮਰਥਕਾਂ ਸਮੇਤ ‘ਆਪ’ ਦੇ ਸੀਨੀਅਰ ਆਗੂ ਸੰਜੇ ਸਿੰਘ ਦੀ ਹਾਜ਼ਰੀ ਵਿੱਚ ਆਪ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸ਼੍ਰੋਮਣੀ ਕਮੇਟੀ ਚੋਣਾਂ ਵਿੱਚ 25 ਹਜ਼ਾਰ ਤੋਂ ਵੱਧ ਵੋਟਾਂ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੇ ਸ. ਗੜ੍ਹੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਲਈ ਹਲਕੇ ਤੋਂ ਬਾਹਰਲਾ ਉਮੀਦਵਾਰ ਖੜ੍ਹਾ ਕਰਨ ਵਿਰੁਧ ਅਕਾਲੀ ਵਰਕਰਾਂ ਤੇ ਆਮ ਲੋਕਾਂ ‘ਚ ਪਾਏ ਜਾ ਰਹੇ ਭਾਰੀ ਰੋਸ ਵਜੋਂ ਅਕਾਲੀ ਦਲ (ਬਾਦਲ) ਤੋਂ ਅਸਤੀਫਾ ਦੇਣ ਲਈ ਮਜਬੂਰ ਹੋਏ ਹਨ।
ਸ. ਗੜ੍ਹੀ ਨੇ ਆਪ ਵਿੱਚ ਸ਼ਾਮਲ ਹੋਣ ਮੌਕੇ ਕਿਹਾ ਕਿ ਉਹ ਹਲਕਾ ਰਾਜਪੁਰਾ ਤੋਂ ਆਪ ਦੇ ਉਮੀਦਵਾਰ ਆਸ਼ੂਤੋਸ਼ ਜੋਸ਼ੀ ਅਤੇ ਘਨੌਰ ਹਲਕੇ ਤੋਂ ਅਨੂ ਰੰਧਾਵਾ ਦੀ ਸ਼ਾਨਦਾਰ ਜਿੱਤ ਯਕੀਨੀ ਬਣਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ।