ਗੁਰੂਘਰ ਸਿੰਘ ਸਭਾ ਫਰਿਜ਼ਨੋ ਵੱਲੋਂ ਸੀਨੀਅਰ ਪੱਤਰਕਾਰ ਤੇ ਪੰਜਾਬੀ ਹਿਤੈਸ਼ੀ ਸ. ਜਗਜੀਤ ਸਿੰਘ ਥਿੰਦ ਦਾ ਵਿਸ਼ੇਸ਼ ਸਨਮਾਨ

ਗੁਰੂਘਰ ਸਿੰਘ ਸਭਾ ਫਰਿਜ਼ਨੋ ਵੱਲੋਂ ਸੀਨੀਅਰ ਪੱਤਰਕਾਰ ਤੇ ਪੰਜਾਬੀ ਹਿਤੈਸ਼ੀ ਸ. ਜਗਜੀਤ ਸਿੰਘ ਥਿੰਦ ਦਾ ਵਿਸ਼ੇਸ਼ ਸਨਮਾਨ

ਫੋਟੋ ਕੈਪਸ਼ਨ: ਸ. ਜਗਜੀਤ ਸਿੰਘ ਥਿੰਦ ਸਨਮਾਨ ਸਮੇਂ ਪ੍ਰਮੁੱਖ ਸ਼ਖ਼ਸੀਅਤਾਂ ਨਾਲ।
ਫਰਿਜ਼ਨੋ(ਕੁਲਵੰਤ ਉੱਭੀ ਧਾਲੀਆਂ/ਨੀਟਾ ਮਾਛੀਕੇ):
ਸ਼ੈਟਰਲ ਵੈਲੀ ਦੇ ਸ਼ਹਿਰ ਫਰਿਜ਼ਨੋ ਵਿਖੇ ਸਥਿਤ ਗੁਰੂਘਰ ਸਿੰਘ ਸਭਾ ਵੱਲੋਂ ਸੀਨੀਅਰ ਪੰਜਾਬੀ ਪੱਤਰਕਾਰ ਸ. ਜਗਜੀਤ ਸਿੰਘ ਥਿੰਦ (ਕਰਮਨ ਨਿਵਾਸੀ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਰੂਘਰ ਵਿਖੇ ਅਖੰਡ ਸਾਹਿਬ ਦੇ ਭੋਗ ਪਏ, ਜਿਸ ਬਾਅਦ ਗੁਰੂਘਰ ਦੇ ਹਜ਼ੂਰੀ ਜਥੇ ਭਾਈ ਸਰਬਜੀਤ ਸਿੰਘ ਅਤੇ ਸਾਥੀਆਂ ਨੇ ਕੀਰਤਨ ਅਤੇ ਭਾਈ ਮਲਕੀਤ ਸਿੰਘ ਨੇ ਕਥਾ ਕਰਦੇ ਹੋਏ ਹਾਜ਼ਰੀ ਭਰੀ। ਇਸ ਉਪਰੰਤ ਸ਼ੁਰੂ ਹੋਏ ਵਿਸ਼ੇਸ਼ ਸਨਮਾਨ ਸਮਾਰੋਹ ਵਿੱਚ ਪੰਜਾਬੀ ਮਾਂ ਬੋਲੀ ਅਤੇ ਭਾਈਚਾਰੇ ਨੂੰ ਪੰਜਾਬੀ ਲਾਇਬਰੇਰੀਆਂ ਨਾਲ ਜੋੜਨ ਅਤੇ ਪੁਸਤਕਾਂ ਦੀ ਇਕੱਤਰਤਾ ਵਿੱਚ ਵਡਮੁੱਲਾ ਸਹਿਯੋਗ ਦੇਣ ਬਦਲੇ ਸਥਾਨਕ ਸੀਨੀਅਰ ਪੱਤਰਕਾਰ ਸ. ਜਗਜੀਤ ਸਿੰਘ ਥਿੰਦ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਗੁਰੂਘਰ ਵਿਖੇ ਪੰਜਾਬੀ ਸਕੂਲ ਦੇ ਪ੍ਰਬੰਧਕਾਂ ਵੱਲੋਂ ਥਿੰਦ ਸਾਹਿਬ ਦੀ ਪ੍ਰੇਰਨਾ ਸਦਕਾ ਪੰਜਾਬੀ ਅਤੇ ਗੁਰਮਤਿ ਇਤਿਹਾਸ ਨਾਲ ਸੰਬੰਧਤ ਪੁਸਤਕਾਂ ਦੀ ਲਾਇਬ੍ਰੇਰੀ ਦੀ ਸ਼ੁਰੂਆਤ ਵੀ ਕੀਤੀ ਗਈ।
ਇਸ ਮੌਕੇ ਹੋਰ ਵੀ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੂੰ ਸਹਿਯੋਗ ਲਈ ਧੰਨਵਾਦ ਕਰਦੇ ਹੋਏ ਸਨਮਾਨਿਆ ਗਿਆ। ਸਥਾਨਿਕ ਸਮਾਜ ਸੇਵੀ ਸ. ਮਹਿੰਦਰ ਸਿੰਘ ਗਰੇਵਾਲ, ਸ. ਗੁਰਪ੍ਰੀਤ ਸਿੰਘ ਮਾਨ, ਗੁੱਡੀ ਸਿੱਧੂ ਸਮੇਤ ਹੋਰ ਬਹੁਤ ਸਾਰੇ ਬੁਲਾਰਿਆਂ ਨੇ ਗੁਰੂਘਰ ਦੇ ਪੰਜਾਬੀ ਸਕੂਲ ਵਿੱਚ ਲਾਇਬਰੇਰੀ ਦੀ ਸ਼ੁਰੂਆਤ ਕਰਨ ‘ਤੇ ਵਧਾਈਆਂ ਅਤੇ ਸ. ਜਗਜੀਤ ਸਿੰਘ ਥਿੰਦ ਦੀਆਂ ਸਮੁੱਚੇ ਪੰਜਾਬੀ ਭਾਈਚਾਰੇ ਲਈ ਕੀਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਹ ਸਮਾਗਮ ਵਿਦੇਸ਼ਾਂ ਵਿੱਚ ਪੰਜਾਬੀ ਭਾਈਚਾਰੇ ਅਤੇ ਨਵੀਂ ਪੀੜ•ੀ ਨੂੰ ਨਾਲ ਜੋੜ ਕੇ ਚੱਲਣ ਲਈ ਵਿਚਾਰਾਂ ਕਰਦਾ ਹੋਇਆਂ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸਮਾਪਤ ਹੋਇਆ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਿਆ।