ਕੈਨੇਡਾ ਦੇ ਰੈਡੀਕਲ ਦੇਸੀ ਵਲੋਂ ਪ੍ਰੋ. ਸਾਈਬਾਬਾ ਦੇ ਹੱਕ ਵਿੱਚ ਹਾਅ ਦਾ ਨਾਅਰਾ

ਕੈਨੇਡਾ ਦੇ ਰੈਡੀਕਲ ਦੇਸੀ ਵਲੋਂ ਪ੍ਰੋ. ਸਾਈਬਾਬਾ ਦੇ ਹੱਕ ਵਿੱਚ ਹਾਅ ਦਾ ਨਾਅਰਾ

ਸਰੀ/ਬਿਊਰੋ ਨਿਊਜ਼ :
ਦਿੱਲੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਜੀ.ਐਨ.ਸਾਈਬਾਬਾ ਸਮੇਤ ਭਾਰਤ ਦੀਆਂ ਹੋਰਨਾਂ ਜੇਲ੍ਹਾਂ ਵਿੱਚ ਬੰਦੀ ਬਣਾਏ ਸਿਆਸੀ ਕੈਦੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਸਮਾਜਿਕ ਨਿਆਂ ਕਾਰਕੁਨਾਂ ਨੇ ਇਥੇ ਹੋਲੈਂਡ ਪਾਰਕ ਵਿੱਚ ਰੈਲੀ ਕਰਕੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਰੈਡੀਕਲ ਦੇਸੀ ਵੱਲੋਂ ਵਿਉਂਤੀ ਇਸ ਰੈਲੀ ਵਿੱਚ ਅਗਾਂਹਵਧੂ ਜਥੇਬੰਦੀਆਂ ਦੇ ਕਈ ਮੈਂਬਰ ਤੇ ਹਮਾਇਤੀ ਸ਼ਾਮਲ ਹੋਏ। ਆਪਣੇ ਸੰਬੋਧਨ ਵਿੱਚ ਬੁਲਾਰਿਆਂ ਨੇ ਇਕਮੱਤ ਹੋ ਕੇ ਸਾਈਬਾਬਾ ਤੇ ਹੋਰਨਾਂ ਸਿਆਸੀ ਕੈਦੀਆਂ, ਜਿਨ੍ਹਾਂ ਨੂੰ ਦਲਿਤਾਂ, ਆਦਿਵਾਸੀਆਂ ਤੇ ਹੋਰਨਾਂ ਧਾਰਮਿਕ ਘੱਟਗਿਣਤੀਆਂ ਦੀ ਪੈਰਵੀ ਕਰਨ ਬਦਲੇ ਜੇਲ੍ਹੀਂ ਡੱਕ ਕੇ ਸੱਜੇ ਪੱਖੀ ਮੋਦੀ ਸਰਕਾਰ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਦੀ ਰਿਹਾਈ ਦੀ ਮੰਗ ਕੀਤੀ। ਇਸ ਦੌਰਾਨ ਸਾਈਬਾਬਾ ਤੇ ਹੋਰਨਾਂ ਨੂੰ ਜੇਲ੍ਹਾਂ ਵਿਚ ਕੈਦ ਕਰਨ ਲਈ ਵਰਤੇ ਸਖ਼ਤ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਹਿੰਦੂ ਕੱਟੜਵਾਦੀਆਂ ਨੂੰ ਜਿੱਥੇ ਸਰਕਾਰਾਂ ਵੱਲੋਂ ਸ਼ਹਿ ਦਿੱਤੀ ਜਾ ਰਹੀ ਹੈ, ਉਥੇ ਸਾਈਬਾਬਾ ਵਰਗੇ ਸਰੀਰ ਤੋਂ ਲਾਚਾਰ ਕਾਰਕੁਨ ‘ਤੇ ਅਦਾਲਤਾਂ ਵੱਲੋਂ ਲਗਾਤਾਰ ਤਸ਼ੱਦਦ ਢਾਹਿਆ ਜਾ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਫ਼ਾਸ਼ੀਵਾਦੀ ਤਾਕਤਾਂ ਤੇ ਜਾਬਰ ਕਾਨੂੰਨਾਂ ਖ਼ਿਲਾਫ਼ ਉਨ੍ਹਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ।
ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ 1984 ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਤਰੱਦਦ ਕਰ ਰਹੀ ਸਿੱਖ ਨੇਸ਼ਨ ਨਾਲ ਜੁੜੇ ਸੁਨੀਲ ਕੁਮਾਰ, ਲੋਕਾਂ ਦੇ ਸੰਘਰਸ਼ ਬਾਰੇ ਕੌਮਾਂਤਰੀ ਲੀਗ ਐਡਰਾਇਨ, ਭਾਰਤੀ ਸਟੂਡੈਂਟਸ ਫ਼ੈਡਰੇਸ਼ਨ ਦੇ ਸਾਬਕਾ ਕਾਰਕੁਨ ਹਰਦੇਵ ਸਿੰਘ, ਅਗਾਂਹਵਧੂ ਪਾਕਿਸਤਾਨੀ ਕੈਨੇਡੀਅਨਜ਼ ਦੀ ਕਮੇਟੀ ਵੱਲੋਂ ਸੈਫ਼ ਖ਼ਾਲਿਦ, ਇਨਕਲਾਬੀ ਕਵੀ ਅੰਮ੍ਰਿਤ ਦੀਵਾਨਾ ਤੇ ਰੈਡੀਕਲ ਦੇਸੀ ਪਬਲੀਕੇਸ਼ਨ ਦੇ ਨਿਰਦੇਸ਼ਕ ਗੁਰਪ੍ਰੀਤ ਸਿੰਘ ਸ਼ਾਮਲ ਸਨ।