ਵੰਡ ਦੀ ਭਿਆਨਕ ਤਰਾਸਦੀ ਦੀ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਕਬੂਲੀ : ਪ੍ਰੋ. ਕਿਰਪਾਲ ਸਿੰਘ

ਵੰਡ ਦੀ ਭਿਆਨਕ ਤਰਾਸਦੀ ਦੀ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਕਬੂਲੀ : ਪ੍ਰੋ. ਕਿਰਪਾਲ ਸਿੰਘ

ਚੰਡੀਗੜ੍ਹ/ਬਿਊਰੋ ਨਿਊਜ਼ :
ਸੰਤਾਲੀ ਦੀ ਵੰਡ ਦੇ ਪਹਿਲੇ ਗਵਾਹ ਪ੍ਰੋ. ਕਿਰਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਿੰਨੀਆਂ ਵੀ ਅਹਿਮ ਸ਼ਖ਼ਸੀਅਤਾਂ ਨਾਲ ਇੰਟਰਵਿਊ ਕੀਤਾ, ਕੋਈ ਵੀ ਇਸ ਭਿਆਨਕ ਮਨੁੱਖੀ ਤਰਾਸਦੀ ਲਈ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਸੀ। ਵੰਡ ਦੇ 70 ਵਰ੍ਹਿਆਂ ਬਾਅਦ ਵੀ ਇਸ ‘ਤੇ ਪਰਦਾ ਹੀ ਪਿਆ ਹੈ। ਪ੍ਰੋ. ਕਿਰਪਾਲ ਸਿੰਘ ਨੇ ਸੰਨ 1954 ਵਿਚ ਆਰਕਾਈਵ ਬਣਾਉਣੀ ਸ਼ੁਰੂ ਕੀਤੀ ਸੀ।
ਹੁਣ 93 ਵਰ੍ਹਿਆਂ ਨੂੰ ਢੁੱਕੇ ਪ੍ਰੋ. ਕਿਰਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਆਪਣੇ ਆਖ਼ਰੀ ਕੰਮ ਵਿਚ ਇਸ ਦੁਖਾਂਤ ਲਈ ‘ਜ਼ਿੰਮੇਵਾਰੀ ਤੈਅ’ ਕਰਨਾ ਮੁੱਖ ਮਕਸਦ ਸੀ। ਵੰਡ ਦੇ ਇਤਿਹਾਸਕ ਲੇਖਨ ਵਿਚ ਉਨ੍ਹਾਂ ਦਾ ਸਫ਼ਰ ਸੰਨ 1953 ਵਿਚ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਖੇ ਲੈਕਚਰਾਰ ਵਜੋਂ ਸ਼ੁਰੂ ਹੋਇਆ। ਉਹ ਪਿਛਲੀਆਂ ਯਾਦਾਂ ਵਿਚ ਗਵਾਚਦੇ ਹੋਏ ਦਸਦੇ ਹਨ-ਭਾਈ ਵੀਰ ਸਿੰਘ ਨੇ ਮੈਨੂੰ ਸੱਦਿਆ ਤੇ ਕਿਹਾ, ‘ਸੰਤਾਲੀ ਵਿਚ ਜੋ ਕੁਝ ਹੋਇਆ, ਉਹ ਬਹੁਤ ਭਿਆਨਕ ਸੀ। ਅਜਿਹਾ ਨਾ ਪਹਿਲਾਂ ਕਦੇ ਹੋਇਆ ਤੇ ਨਾ ਕਦੇ ਵਾਪਰੇਗਾ। ਮੈਂ ਵੰਡ ‘ਤੇ ਕੰਮ ਕਰਨਾ ਚਾਹੁੰਦਾ ਹਾਂ ਪਰ ਹੁਣ ਮੇਰੀ ਉਮਰ ਹੋ ਗਈ ਹੈ। ਤੂੰ ਵੰਡ ਦੇ ਇਤਿਹਾਸ ਬਾਰੇ ਲਿਖ।’ ਭਾਈ ਵੀਰ ਸਿੰਘ ਦੇ ਇਹ ਸ਼ਬਦ ਪ੍ਰੋ. ਕਿਰਪਾਲ ਸਿੰਘ ਨੂੰ ਹਾਲੇ ਵੀ ਯਾਦ ਹਨ। ਪ੍ਰੋ. ਕਿਰਪਾਲ ਸਿੰਘ ਖੁਦ ਇਸ ਦੁਖਾਂਤ ਦਾ ਸ਼ਿਕਾਰ ਹੋਏ ਹਨ।
ਪ੍ਰੋ. ਕਿਰਪਾਲ ਸਿੰਘ ਦੇ ਸਹਾਇਕ ਨੇ ਪੀੜਤਾਂ ਦੀਆਂ ਕਹਾਣੀਆਂ ਇਕੱਤਰ ਕਰਨ ਲਈ ਰਫਿਊਜੀ ਕੈਂਪਾਂ ਵਿਚ ਜਾਣਾ ਸ਼ੁਰੂ ਕੀਤਾ ਤੇ ਖ਼ੁਦ ਪ੍ਰੋ. ਸਿੰਘ ਸ਼ਿਮਲਾ ਤੇ ਦਿੱਲੀ ਵਿਚ ਦਫ਼ਤਰਾਂ ਵਿਚ ਰਿਕਾਰਡ ਇਕੱਠਾ ਕਰਨ ਲਈ ਗੇੜੇ ਮਾਰਦੇ ਰਹੇ। ਇਹ ਸਿਲਸਿਲਾ ਦੋ ਸਾਲ ਚੱਲਿਆ। ਸੰਨ 1962 ਵਿਚ ਉਦੋਂ ਮੋੜ ਆਉਂਦਾ ਹੈ, ਜਦੋਂ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਉਨ੍ਹਾਂ ਨੂੰ ਪੰਜਾਬ ਨਾਲ ਸਬੰਧਤ ਕਾਗਜ਼ਾਤ ਇਕੱਤਰ ਕਰਨ ਲਈ ਲੰਡਨ ਭੇਜਦੇ ਹਨ। ਛੇ ਮਹੀਨੇ ਤੋਂ ਵੱਧ ਸਮੇਂ ਦੌਰਾਨ ਪ੍ਰੋ. ਸਾਹਿਬ ਨੂੰ ਵੰਡ ਨਾਲ ਜੁੜੀਆਂ ਉੱਘੀਆਂ ਹਸਤੀਆਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਦਾ ਹੈ। ਪੰਜਾਬ ਬਾਉਂਡਰੀ ਕਮਿਸ਼ਨ ਚੇਅਰਮੈਨ ਸਿਰਿਲ ਜੌਹਨ ਰੈੱਡਕਲਿਫ਼ ਤੋਂ ਲੈ ਕੇ ਪੱਛਮੀ ਪੰਜਾਬ ਦੇ ਗਵਰਨਰ ਸਰ ਫਰੈਨਿਕਸ ਮੂਡੀ, ਪ੍ਰਧਾਨ ਮੰਤਰੀ ਕਲੀਮੈਂਟ ਐਟਲੀ ਤੋਂ ਮਾਊਟਬੈਂਟਨ ਦੇ ਚੀਫ਼ ਆਫ਼ ਸਟਾਫ ਹੇਸਟਿੰਗਸ ਇਸਮੇ ਨਾਲ ਮੁਲਾਕਾਤਾਂ ਹੁੰਦੀਆਂ ਹਨ।
ਪ੍ਰੋ. ਸਿੰਘ ਆਪਣੇ ਪ੍ਰੋਜੈਕਟ ‘ਸਿਲੈਕਟ ਡਾਕੂਮੈਂਟਸ ਆਨ ਪਾਰਟੀਸ਼ਨ ਆਫ਼ ਪੰਜਾਬ’ ਲਈ ਕਾਗ਼ਜ਼ਾਤ ਜੁਟਾਉਂਦਿਆਂ ਵੰਡ ਦੇ ਫ਼ੈਸਲੇ ਲੈਣ ਵਾਲੀ ਲਗਭਗ ਹਰੇਕ ਸ਼ਖ਼ਸੀਅਤ ਨੂੰ ਮਿਲਦੇ ਹਨ। ਉਹ ਕਹਿੰਦੇ ਹਨ, ‘ਹਰੇਕ ਇੰਟਰਵਿਊ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਮੁਕੰਮਲ ਰੂਪ ਵਿਚ ਲਿਖਿਆ। ਇਹ ਦਸਤਾਵੇਜ਼ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲਾਇਬਰੇਰੀ ਦਾ ਹਿੱਸਾ ਹਨ। ਪ੍ਰੋ. ਸਿੰਘ ਨੇ ਦੱਸਿਆ, ‘ਉਸ ਵੇਲੇ ਪੱਛਮੀ ਪੰਜਾਬ ਦੇ ਗਵਰਨਰ ਫਰੈਨਿਕਸ ਮੂਡੀ ਨੇ ਹਰੇਕ ਸਵਾਲ ਦਾ ਜਵਾਬ ਦਿੱਤਾ ਅਤੇ ਮਾਊਂਟਬੈਟਨ ਨਾਲ ਹੋਈ ਉਨ੍ਹਾਂ ਦੀ ਚਿੱਠੀ ਪੱਤਰੀ ਵੀ ਵਿਖਾਈ, ਖ਼ਾਸ ਤੌਰ ‘ਤੇ ਉਹ ਖ਼ਤ, ਜੋ 25 ਜੁਲਾਈ 1962 ਨੂੰ ਲਿਖਿਆ ਗਿਆ ਸੀ, ਜਿਸ ਵਿਚ ਆਖ਼ਰੀ ਵਾਇਸਰਾਏ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਬਦਨਾਮ ਕਰਨ ਲਈ ਮ੍ਰਿਤਕਾਂ ਦੀ ਸੰਖਿਆ ਵਧਾ-ਚੜ੍ਹਾ ਕੇ ਦੱਸੀ ਜਾ ਰਹੀ ਹੈ।
ਪੰਜਾਬ ਦੇ ਲੋਕਾਂ ਦੀ ਹਿਜਰਤ ‘ਤੇ ਮੂਡੀ ਨੇ ਉਨ੍ਹਾਂ ਨੂੰ ਦੱਸਿਆ ਕਿ ਕਿਵੇਂ ਅਕਾਲੀ ਲੀਡਰ ਗਿਆਨੀ ਕਰਤਾਰ ਸਿੰਘ ਉਸ ਨੂੰ ਲਾਇਲਪੁਰ ਵਿਚ ਮਿਲੇ ਤੇ ਕਿਹਾ ਕਿ ਉਨ੍ਹਾਂ (ਸਿੱਖਾਂ) ਨੇ ਪਾਕਿਸਤਾਨ ਛੱਡਣ ਦਾ ਫ਼ੈਸਲਾ ਕੀਤਾ ਹੈ।
ਉਸ ਵੇਲੇ ਦੇ ਭਾਰਤ ਦੇ ਚੀਫ਼ ਜਸਟਿਸ ਪੈਟਰਿਕ ਸਪੈਨਸ ਨੇ ਇਕ ਇੰਟਰਵਿਊ ਵਿਚ ਮੰਨਿਆ ਕਿ ‘ਵੰਡ ਬਾਰੇ ਉਸ ਨੇ (ਰੈੱਡਕਲਿਫ਼) ਕਾਹਲੀ ਨਾਲ ਫ਼ੈਸਲਾ ਲਿਆ ਸੀ, ਜੋ ਲੋਕਾਂ ਦੀ ਭਾਸ਼ਾ ਨਹੀਂ ਸੀ ਜਾਣਦਾ।’ ਨਾ ਤਾਂ ਉਸ ਨੂੰ ਭੂਗੋਲਿਕ ਸਥਿਤੀ ਦੀ ਸਮਝ ਸੀ ਤੇ ਨਾ ਹੀ ਲੋਕਾਂ ਬਾਰੇ ਉਹ ਜਾਣਦਾ ਸੀ। ਸਪੈਨਸ ਨੇ ਉਸ ਨੂੰ ਦੱਸਿਆ, ‘ਪੂਰੀ ਬਰਤਾਨਵੀ ਹਕੂਮਤ ਵਿਚ ਕਿਤੇ ਵੀ ਸਰਹੱਦਾਂ ਇਸ ਤਰ੍ਹਾਂ ਨਹੀਂ ਵੰਡੀਆਂ ਗਈਆਂ।’
ਸੰਨ
ਉਸ ਨਾਲ ਮੁਲਾਕਾਤ ਤੋਂ ਛੇ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਪ੍ਰੋ. ਸਿੰਘ ਨੂੰ ਅਫ਼ਸੋਸ ਹੈ ਕਿ ‘ਵੰਡ ਦੀ ਉਸ ਭਿਆਨਕ ਤਰਾਸਦੀ’ ਬਾਰੇ ਕੋਈ ਵੀ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਸੀ ਤੇ ਇਕ-ਦੂਜੇ ‘ਤੇ ਦੋਸ਼ ਮੜ੍ਹਦੇ ਰਹੇ।
ਉਨ੍ਹਾਂ ਕਿਹਾ, ‘ਵੰਡ ਦੇ ਸੁਝਾਅ ਪਿੱਛੇ ਬਾਕਾਇਦਾ ਡਿਜ਼ਾਈਨ ਸੀ। ਤੁਸੀਂ ਉਨ੍ਹਾਂ ਨੂੰ ਦਸਤਾਵੇਜ਼ਾਂ ਵਿਚ ਨਹੀਂ ਲੱਭ ਸਕਦੇ ਪਰ ਮੈਂ ਇਨ੍ਹਾਂ ਮੁਲਾਕਾਤਾਂ ਦੌਰਾਨ ਜਾਣ ਗਿਆ ਸੀ।’ ਉਨ੍ਹਾਂ ਕਿਹਾ, ‘ਮੈਂ ਹੁਣ ਇਨ੍ਹਾਂ ਸਾਰੀਆਂ ਇੰਟਰਵਿਊ ਦਾ ਅਧਿਐਨ ਕੀਤਾ ਹੈ ਤੇ ਜਲਦੀ ਹੀ ਇਸ ਨੂੰ ਕਿਤਾਬੀ ਰੂਪ ਦੇਣ ਜਾ ਰਿਹਾ ਹਾਂ।’ ਉਨ੍ਹਾਂ ਕਿਹਾ ਕਿ ਇਸ ਕਿਤਾਬ ਦਾ ਸਿਰਲੇਖ ‘ਹੂ ਇਜ਼ ਰਿਸਪੋਂਸੀਬਲ ਫਾਰ ਪੰਜਾਬ ਟਰੈਜਡੀ’ ਹੋਵੇਗਾ, ਜੋ ਵੰਡ ਦੇ ਅਣਸੁਲਝੇ ਸਵਾਲਾਂ ਦਾ ਜਵਾਬ ਦਏਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਕਿਤਾਬ ਵਿਚ ਕਿਸੇ ਨੂੰ ਵੀ ਬਰੀ ਨਹੀਂ ਕੀਤਾ। ਉਨ੍ਹਾਂ ਕਿਹਾ, ”ਉਮੀਦ ਦੀਆਂ ਕਹਾਣੀਆਂ ਹਾਲੇ ਦੱਸੀਆਂ ਜਾਣੀਆਂ ਬਾਕੀ ਹਨ। ਲੋਕਾਂ ਨੇ ਕੁੜੀਆਂ ਨੂੰ ਬਚਾਇਆ, ਦਹੇਜ ਇਕੱਠਾ ਕੀਤਾ, ਉਨ੍ਹਾਂ ਦੇ ਵਿਆਹ ਰਚਾਏ, ਉਨ੍ਹਾਂ ਨੂੰ ਕਈ ਵਰ੍ਹਿਆਂ ਤੱਕ ਘਰਾਂ ਵਿਚ ਪਨਾਹ ਦਿੱਤੀ ਤੇ ਬਾਅਦ ਵਿਚ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਵਾਇਆ। ਦੋਹਾਂ ਪਾਸਿਆਂ ਦੀਆਂ ਬਹੁਤ ਅਜਿਹੀਆਂ ਕਹਾਣੀਆਂ ਹਨ। ਦੂਜੇ ਹਿੱਸੇ ‘ਸਿਲਵਰ ਲਾਈਨਜ਼ ਇਨ ਡਾਰਕ ਕਲਾਊਡਸ’ ਵਿਚ ਇਨ੍ਹਾਂ ਕਹਾਣੀਆਂ ਨੂੰ ਪਰੋਇਆ ਗਿਆ ਹੈ।”