ਕੇਂਦਰ ਵਿੱਚ ਭਾਜਪਾ ਅੱਗੇ; ਪੰਜਾਬ ਦੀਆਂ 12 ਸੀਟਾਂ 'ਤੇ ਫੈਂਸਲਾ ਸਾਫ, ਬਠਿੰਡਾ ਸੀਟ ਦਾ ਮੁਕਾਬਲਾ ਫਸਵਾਂ

ਕੇਂਦਰ ਵਿੱਚ ਭਾਜਪਾ ਅੱਗੇ; ਪੰਜਾਬ ਦੀਆਂ 12 ਸੀਟਾਂ 'ਤੇ ਫੈਂਸਲਾ ਸਾਫ, ਬਠਿੰਡਾ ਸੀਟ ਦਾ ਮੁਕਾਬਲਾ ਫਸਵਾਂ

ਚੰਡੀਗੜ੍ਹ: ਭਾਰਤ ਦੀਆਂ ਲੋਕ ਸਭਾ ਚੋਣਾਂ 2019 ਦੇ ਸ਼ੁਰੂਆਤੀ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਹਨ। ਇਹਨਾਂ ਨਤੀਜਿਆਂ ਮੁਤਾਬਿਕ ਭਾਜਪਾ ਅਤੇ ਉਸਦੇ ਸਹਿਯੋਗੀਆਂ ਵਾਲੀ ਧਿਰ ਐੱਨ.ਡੀ.ਏ ਬਹੁਮਤ ਹਾਸਿਲ ਕਰਨ ਵੱਲ ਵਧ ਰਹੀ ਹੈ। ਹੁਣ ਤੱਕ ਦੇ ਰੁਝਾਨਾਂ ਤੋਂ ਲੱਗ ਰਿਹਾ ਹੈ ਕਿ ਭਾਜਪਾ ਇਸ ਵਾਰ ਫੇਰ ਬਹੁਮਤ ਵਾਲੀ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੇਗੀ।

ਪੰਜਾਬ ਦੇ ਰੁਝਾਨ:
ਪੰਜਾਬ ਦੀਆਂ ਸੀਟਾਂ ਵਿੱਚ ਸਭ ਤੋਂ ਸਖਤ ਮੁਕਾਬਲਾ ਬਠਿੰਡਾ ਸੀਟ 'ਤੇ ਚੱਲ ਰਿਹਾ ਹੈ। ਸ਼ੁਰੂਆਤੀ ਰੁਝਾਨਾਂ ਮੁਤਾਬਿਕ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਅਤੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਮਹਿਜ਼ ਕੁੱਝ ਸੋ ਵੋਟਾਂ ਦੇ ਫਰਕ ਨਾਲ ਅੱਗੇ ਪਿੱਛੇ ਚੱਲ ਰਹੇ ਹਨ। 

ਸੰਗਰੂਰ ਸੀਟ ਦੇ ਮੁੱਢਲੇ ਰੁਝਾਨਾਂ ਤੋਂ ਆਪ ਦੇ ਉਮੀਦਵਾਰ ਭਗਵੰਤ ਮਾਨ ਦੀ ਜਿੱਤ ਯਕੀਨੀ ਲੱਗ ਰਹੀ ਹੈ। 

ਫਿਰੋਜ਼ਪੁਰ ਸੀਟ ਤੋਂ ਸੁਖਬੀਰ ਸਿੰਘ ਬਾਦਲ ਘੁਬਾਇਆ ਤੋਂ ਅੱਗੇ ਚੱਲ ਰਹੇ ਹਨ ਤੇ ਸ਼ੁਰੂਆਤੀ ਰੁਝਾਨਾਂ ਤੋਂ ਸੁਖਬੀਰ ਸਿੰਘ ਬਾਦਲ ਦੀ ਜਿੱਤ ਹੁੰਦੀ ਪ੍ਰਤੀਤ ਹੋ ਰਹੀ ਹੈ।

ਲੁਧਿਆਣਾ ਸੀਟ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਅੱਗੇ ਚੱਲ ਰਹੇ ਹਨ ਪਰ ਉਹਨਾਂ ਨੂੰ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਤੋਂ ਟੱਕਰ ਮਿਲਣ ਦੀ ਸੰਭਾਵਨਾ ਹੈ। 

ਅੰਮ੍ਰਿਤਸਰ ਸੀਟ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਅੱਗੇ ਚੱਲ ਰਹੇ ਹਨ ਤੇ ਦੂਜੇ ਥਾਂ 'ਤੇ ਚੱਲ ਰਹੇ ਭਾਜਪਾ ਦੇ ਹਰਦੀਪ ਸਿੰਘ ਪੂਰੀ ਤੋਂ ਫਰਕ ਨੂੰ ਦੇਖਦਿਆਂ ਉਹਨਾਂ ਦੀ ਜਿੱਤ ਯਕੀਨੀ ਲੱਗ ਰਹੀ ਹੈ।

ਅਨੰਦਪੁਰ ਸਾਹਿਬ ਸੀਟ ਤੋਂ ਕਾਂਗਰਸ ਦੇ ਮਨੀਸ਼ ਤਿਵਾੜੀ ਕੁਝ ਕੁ ਵੋਟਾਂ ਦੇ ਫਰਕ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੋਂ ਅੱਗੇ ਚੱਲ ਰਹੇ ਹਨ ਪਰ ਮੁਕਾਬਲਾ ਬਹੁਤ ਫਸਵਾਂ ਹੈ।

ਫਰੀਦਕੋਟ ਸੀਟ ਤੋਂ ਕਾਂਗਰਸ ਦੇ ਮੋਹਮਦ ਸਦੀਕ ਅਤੇ ਬਾਦਲ ਦਲ ਦੇ ਗੁਲਜ਼ਾਰ ਸਿੰਘ ਰਣੀਕੇ ਵਿਚਕਾਰ ਸਖਤ ਟੱਕਰ ਚੱਲ ਰਹੀ ਹੈ ਤੇ ਮਹਿਜ਼ ਕੁੱਝ ਸੋ ਵੋਟਾਂ ਦੇ ਫਰਕ ਨਾਲ ਸਦੀਕ ਅੱਗੇ ਚੱਲ ਰਹੇ ਹਨ।

ਫਤਹਿਗੜ੍ਹ ਸਾਹਿਬ ਵਿੱਚ ਵੀ ਕਾਂਗਰਸ ਦੇ ਉਮੀਦਵਾਰ ਅਮਰ ਸਿੰਘ ਥੋੜੀਆਂ ਵੋਟਾਂ ਦੇ ਫਰਕ ਨਾਲ ਬਾਦਲ ਦਲ ਦੇ ਦਰਬਾਰਾ ਸਿੰਘ ਗੁਰੂ ਤੋਂ ਅੱਗੇ ਚੱਲ ਰਹੇ ਹਨ ਪਰ ਮੁਕਾਬਲਾ ਫਸਵਾਂ ਨਜ਼ਰ ਆ ਰਿਹਾ ਹੈ। 

ਗੁਰਦਾਸਪੁਰ ਸੀਟ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਕਾਂਗਰਸ ਦੇ ਸੁਨੀਲ ਜੱਖੜ ਤੋਂ ਕਾਫੀ ਵੋਟਾਂ ਅੱਗੇ ਚੱਲ ਰਹੇ ਹਨ ਤੇ ਸੰਨੀ ਦਿਓਲ ਦੀ ਜਿੱਤ ਯਕੀਨੀ ਲੱਗ ਰਹੀ ਹੈ।

ਹੁਸ਼ਿਆਰਪੁਰ ਤੋਂ ਵੀ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਕਾਂਗਰਸ ਦੇ ਉਮੀਦਵਾਰ ਡਾ. ਰਾਜ ਕੁਮਾਰ ਵੇਰਕਾ ਤੋਂ ਕਾਫੀ ਅੱਗੇ ਚੱਲ ਰਹੇ ਹਨ ਤੇ ਉਹਨਾਂ ਦੀ ਜਿੱਤ ਵੀ ਯਕੀਨੀ ਲੱਗ ਰਹੀ ਹੈ। 

ਜਲੰਧਰ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸੰਤੋਖ ਸਿੰਘ ਚੌਧਰੀ ਤਕਰੀਬਨ 5000 ਵੋਟਾਂ ਨਾਲ ਬਾਦਲ ਦਲ ਦੇ ਚਰਨਜੀਤ ਅਟਵਾਲ ਤੋਂ ਅੱਗੇ ਚੱਲ ਰਹੇ ਹਨ। 

ਖਡੂਰ ਸਾਹਿਬ ਸੀਟ ਤੋਂ ਕਾਂਗਰਸ ਦੇ ਜਸਬੀਰ ਸਿੰਘ ਡਿੰਪਾ 27000 ਦੇ ਕਰੀਬ ਵੋਟਾਂ ਨਾਲ ਅੱਗੇ ਚੱਲ ਰਹੇ ਹਨ ਤੇ ਉਹਨਾਂ ਦਾ ਮੁੱਖ ਮੁਕਾਬਲ ਬਾਦਲ ਦਲ ਦੀ ਬੀਬੀ ਜਗੀਰ ਕੌਰ ਨਾਲ ਚੱਲ ਰਿਹਾ ਹੈ। ਇੱਥੇ ਚੋਣ ਲੜ ਰਹੇ ਬੀਬੀ ਪਰਮਜੀਤ ਕੌਰ ਖਾਲੜਾ ਤੀਜੀ ਥਾਂ 'ਤੇ ਚੱਲ ਰਹੇ ਹਨ।

ਪਟਿਆਲਾ ਸੀਟ ਤੋਂ ਕਾਂਗਰਸ ਦੀ ਉਮੀਦਵਾਰ ਪ੍ਰਨੀਤ ਕੌਰ 11,000 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਤੇ ਦੂਜੀ ਥਾਂ 'ਤੇ ਬਾਦਲ ਦਲ ਦੇ ਉਮੀਦਵਾਰ ਰੱਖਣਾ ਉਹਨਾਂ ਦੇ ਮੁਕਾਬਲੇ 'ਚ ਹਨ। ਇੱਥੋਂ ਐੱਮਪੀ ਧਰਮਵੀਰ ਗਾਂਧੀ ਇਸ ਵਾਰ ਤੀਜੀ ਥਾਂ 'ਤੇ ਜਾ ਖਿਸਕੇ ਹਨ। 

ਇਹਨਾਂ ਰੁਝਾਨਾਂ ਤੋਂ ਸਾਹਮਣੇ ਆ ਰਿਹਾ ਹੈ ਕਿ ਭਾਰਤ ਵਿੱਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਕਾਂਗਰਸ ਦੇ ਪੱਲੇ 8, ਬਾਦਲਕਿਆਂ ਪੱਲੇ 1, ਆਪ ਪੱਲੇ 1 ਸੀਟ, ਭਾਜਪਾ ਪੱਲੇ 2 ਸੀਟਾਂ ਪੱਕੀਆਂ ਜਾਂਦੀਆਂ ਨਜ਼ਰ ਆ ਰਹੀਆਂ ਹਨ। ਬਠਿੰਡਾ ਸੀਟ 'ਤੇ ਮੁਕਬਲਾ ਫਸਵਾਂ ਚੱਲ ਰਿਹਾ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ