ਵਿਸ਼ਵ ਵਿਚ ਉਭਰ ਰਹੀਆਂ ਤਾਨਾਸ਼ਾਹੀ ਰੁੱਚੀਆਂ ਨੂੰ ਰੋਕਣਾ ਪਵੇਗਾ-ਜੋਅ ਬਾਇਡੇਨ

ਵਿਸ਼ਵ ਵਿਚ ਉਭਰ ਰਹੀਆਂ ਤਾਨਾਸ਼ਾਹੀ ਰੁੱਚੀਆਂ ਨੂੰ ਰੋਕਣਾ ਪਵੇਗਾ-ਜੋਅ ਬਾਇਡੇਨ

ਸਾਊਦੀ ਅਰਬ ਦੀ ਯਮਨ ਵਿਰੁੱਧ ਹਮਲਾਵਰ ਕਾਰਵਾਈ ਦਾ ਸਮਰਥਨ ਨਹੀਂ ਕਰੇਗਾ ਅਮਰੀਕਾ 
ਵਿਦੇਸ਼ ਨੀਤੀ ਵਿਚ ਕਈ ਤਬਦੀਲੀਆਂ ਦਾ ਐਲਾਨ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਦੀ ਵਿਦੇਸ਼ ਨੀਤੀ ਸਬੰਧੀ "ਡਿਪਲੋਮੇਸੀ ਮੁੜ ਕੇਂਦਰ ਬਿੰਦੂ" ਬਣ ਗਈ ਹੈ। ਉਨ੍ਹਾਂ ਨੇ ਸਾਊਦੀ ਅਰਬ ਦੀ ਯਮਨ ਵਿਚ ਹਮਲਾਵਰ ਕਾਰਵਾਈ ਦਾ ਸਮਰਥਨ ਬੰਦ ਕਰਨ ਦਾ ਐਲਾਨ ਕੀਤਾ। ਰਾਸ਼ਟਰਪਤੀ ਵਜੋਂ ਅਹੁੱਦਾ ਸੰਭਾਲਣ ਤੋਂ ਬਾਅਦ ਵਿਦੇਸ਼ ਨੀਤੀ ਸਬੰਧੀ ਆਪਣੇ ਪਹਿਲੇ ਭਾਸ਼ਣ ਵਿਚ ਬਾਇਡੇਨ ਨੇ ਸਾਊਦੀ ਅਰਬ ਦਾ ਸਮਰਥਨ ਨਾ ਕਰਨ ਸਮੇਤ ਹੋਰ ਅਨੇਕਾਂ ਤਬਦੀਲੀਆਂ ਕਰਨ ਦਾ ਜਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਜਰਮਨੀ ਤੋਂ ਦਸਤਿਆਂ ਦੀ ਮੁੜ ਤਾਇਨਾਤੀ ਬੰਦ ਹੋਵੇਗੀ, ਸ਼ਰਨਾਰਥੀਆਂ ਦੇ ਅਮਰੀਕਾ ਵਿਚ ਆਉਣ ਦੀ ਸੀਮਾ ਵਧਾਈ ਜਾਵੇਗੀ ਤੇ ਵਿਸ਼ਵ ਭਰ ਵਿਚ ਲੈਸਬੀਅਨ/ਗੇਅ ਦੇ ਅਧਿਕਾਰਾਂ ਦਾ ਸਮਰਥਨ ਕੀਤਾ ਜਾਵੇਗਾ।

ਕਦਰਾਂ- ਕੀਮਤਾਂ ਅਧਾਰਤ ਗੱਲਬਾਤ ਉਪਰ ਜੋਰ ਦਿੰਦਿਆਂ ਬਾਇਡੇਨ ਨੇ ਵਧ ਰਹੀਆਂ ਤਾਨਾਸ਼ਾਹੀ ਰੁਚੀਆਂ ਦਾ ਮੁਕਾਬਲਾ ਕਰਨ ਸਮੇਤ ਵਿਸ਼ਵ ਵਿਆਪੀ ਚੁਣੌਤੀਆਂ ਦਾ ਜਿਕਰ ਕਰਦਿਆਂ ਕਿਹਾ ਕਿ ਇਹ ਸਾਰੇ ਮਸਲੇ ਵੱਖ ਵੱਖ ਦੇਸ਼ਾਂ ਵੱਲੋਂ ਮਿਲਜੁਲਕੇ ਕੰਮ ਕਰਨ ਨਾਲ ਹੀ ਹੱਲ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਅਮਰੀਕਾ ਦੀਆਂ ਲੋਕਤੰਤਰਿਕ ਕਦਰਾਂ ਕੀਮਤਾਂ ਅਧਾਰਤ ਕੂਟਨੀਤੀ ਸ਼ੁਰੂ ਕਰਨੀ ਪਵੇਗੀ। ਉਨ੍ਹਾਂ ਨੇ ਆਜ਼ਾਦੀ, ਅਵਸਰਾਂ, ਅਧਿਕਾਰਾਂ ਦੀ ਬਹਾਲੀ, ਕਾਨੂੰਨ ਦਾ ਮਾਣ ਸਨਮਾਨ ਕਰਨ ਤੇ ਹਰ ਇਕ ਵਿਅਕਤੀ ਨੂੰ ਇਜਤ ਮਾਣ ਨਾਲ ਪੇਸ਼ ਆਉਣ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਅਸੀਂ ਇਕੱਲੇ ਨਹੀਂ ਕਰ ਸਕਦੇ। ਇਸ ਵਾਸਤੇ ਸਮੂਹਿਕ ਯਤਨ ਕਰਨੇ ਪੈਣਗੇ। ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਨ੍ਹਾਂ ਕਦਰਾਂ ਕੀਮਤਾਂ ਨੂੰ ਪੈਦਾ ਕੀਤੇ ਖਤਰੇ ਨੂੰ ਮੰਨਦਿਆਂ ਕਿਹਾ ਕਿ ਹਾਲ ਹੀ ਦੇ ਸਾਲਾਂ ਵਿਚ ਬਹੁਤ ਸਾਰੀਆਂ ਕਦਰਾਂ ਕੀਮਤਾਂ ਬੇਹੱਦ ਦਬਾਅ ਵਿਚ ਆਈਆਂ ਹਨ। ਇਥੋਂ ਤੱਕ ਕਿ ਪਿਛਲੇ ਹਫਤਿਆਂ ਦੌਰਾਨ ਇਨ੍ਹਾਂ ਨੂੰ ਹਾਸ਼ੀਏ ਉਪਰ ਲੈ ਆਂਦਾ ਗਿਆ ਪਰੰਤੂ ਅਮਰੀਕੀ ਇਸ ਸਥਿੱਤੀ ਵਿਚੋਂ ਉਭਰ ਰਹੇ ਹਨ। ਉਨ੍ਹਾਂ ਕਿਹਾ ਅੱਜ ਲੋਕਤੰਤਰ ਦੀ ਰਾਖੀ ਲਈ ਵਿਸ਼ਵ ਨੂੰ ਇਕਜੁੱਟ ਹੋਣ ਦੀ ਲੋੜ ਹੈ ਕਿਉਂਕਿ ਇਹ ਲੜਾਈ ਅਸੀਂ ਆਪਣੇ ਲਈ ਲੜਨੀ ਹੈ।