ਸਿੱਖ ਨਸਲਕੁਸ਼ੀ ਦੇ ਕੇਸ ਲੜਨ ਵਾਲੇ ਵਕੀਲ ਫੂਲਕਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਸਿੱਖ ਨਸਲਕੁਸ਼ੀ ਦੇ ਕੇਸ ਲੜਨ ਵਾਲੇ ਵਕੀਲ ਫੂਲਕਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਨਵੀਂ ਦਿੱਲੀ, (ਏ.ਟੀ ਬਿਊਰੋ): ਨਵੰਬਰ 1984 'ਚ ਭਾਰਤ ਅੰਦਰ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਦੇ ਕੇਸ ਲੜਨ ਵਾਲੇ ਵਕੀਲ ਹਰਵਿੰਦਰ ਸਿੰਘ ਫੂਲਕਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਦਿੱਲੀ ਅਦਾਲਤ ਦੇ ਇੱਕ ਜੱਜ ਨੂੰ ਲਿਖੀ ਚਿੱਠੀ 'ਚ ਦਿੱਤੀ ਗਈ ਹੈ। 

ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਹਰਜੋਤ ਸਿੰਘ ਭੱਲਾ ਨੇ ਸੀਬੀਆਈ ਨੂੰ ਇਸ ਮਾਮਲੇ 'ਚ 11 ਫਰਵਰੀ ਤੱਕ ਅਦਾਲਤ ਅੰਦਰ ਜਵਾਬ ਦਾਖਲ ਕਰਨ ਲਈ ਕਿਹਾ ਹੈ।

ਦਰਅਸਲ ਅਦਾਲਤ 'ਚ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨਾਲ ਸਬੰਧਿਤ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ। 

ਇਸ ਧਮਕੀ 'ਤੇ ਟਿੱਪਣੀ ਕਰਦਿਆਂ ਫੂਲਕਾ ਨੇ ਕਿਹਾ ਕਿ ਉਹਨਾਂ ਨੂੰ ਇਹਨਾਂ ਧਮਕੀਆਂ ਦੀ ਕੋਈ ਪ੍ਰਵਾਹ ਨਹੀਂ। ਉਹਨਾਂ ਕਿਹਾ ਕਿ 35 ਸਾਲਾ ਵਕਾਲਤ ਦੇ ਸਫਰ ਦੌਰਾਨ ਉਹਨਾਂ ਨੂੰ ਅਜਿਹੀਆਂ ਬਹੁਤ ਧਮਕੀਆਂ ਮਿਲੀਆਂ ਹਨ।

ਇਸ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ 25 ਨਵੰਬਰ ਨੂੰ ਹਥਿਆਰ ਸਪਲਾਈ ਕਰਨ ਵਾਲੇ ਅਭਿਸ਼ੇਕ ਵਰਮਾ ਦੇ ਬਿਆਨ ਕਲਮਬੰਦ ਕਰਨ 'ਚ ਕੀਤੀ ਜਾ ਰਹੀ ਦੇਰੀ ਲਈ ਸੀਬੀਆਈ ਨੂੰ ਝਾੜ ਪਾਈ ਸੀ। 

ਇਹ ਮਾਮਲਾ ਉੱਤਰੀ ਦਿੱਲੀ ਦੇ ਗੁਰਦੁਆਰਾ ਪੁਲਬੰਗਾਸ਼ ਵਿਖੇ ਹੋਏ ਕਤਲੇਆਮ ਨਾਲ ਸਬੰਧਿਤ ਹੈ। ਇਸ ਮਾਮਲੇ 'ਚ ਨਾਮਜ਼ਦ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਸੀਬੀਆਈ ਵੱਲੋਂ ਤਿੰਨ ਵਾਰ ਕਲੀਨ ਚਿੱਟ ਦਿੱਤੀ ਜਾ ਚੁੱਕੀ ਹੈ ਪਰ ਅਦਾਲਤ ਨੇ ਸੀਬੀਆਈ ਨੂੰ ਮੁੜ ਜਾਂਚ ਕਰਨ ਦੇ ਹੁਕਮ ਦਿੱਤੇ ਸਨ ਕਿਉਂਕਿ ਸਿੱਖ ਕਤਲੇਆਮ ਦੇ ਪੀੜਤਾਂ ਨੇ ਸੀਬੀਆਈ ਦੀ ਕਲੀਨ ਚਿੱਟ ਨੂੰ ਅਦਾਲਤ 'ਚ ਚੁਣੌਤੀ ਦਿੱਤੀ ਸੀ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।