ਭਾਰਤ ਵੱਲੋਂ ਜੰਮੂ ਕਸ਼ਮੀਰ 'ਤੇ ਸਿੱਧਾ ਕਬਜ਼ਾ ਕਰਨ ਦਾ ਚੀਨ ਵੱਲੋਂ ਵਿਰੋਧ

ਭਾਰਤ ਵੱਲੋਂ ਜੰਮੂ ਕਸ਼ਮੀਰ 'ਤੇ ਸਿੱਧਾ ਕਬਜ਼ਾ ਕਰਨ ਦਾ ਚੀਨ ਵੱਲੋਂ ਵਿਰੋਧ

ਬੀਜ਼ਿੰਗ: ਭਾਰਤ ਵੱਲੋਂ ਧਾਰਾ ੩੭੦ ਅਤੇ ੩੫-ਏ ਖਤਮ ਕਰਕੇ ਜੰਮੂ ਕਸ਼ਮੀਰ 'ਤੇ ਸਿੱਧਾ ਕਬਜ਼ਾ ਕਰਨ ਦਾ ਚੀਨ ਨੇ ਵਿਰੋਧ ਕੀਤਾ ਹੈ ਤੇ ਇਸ ਨੂੰ ਚੀਨ ਦੀ ਖੇਤਰੀ ਅਜ਼ਾਦੀ ਦੀ ਉਲੰਘਣਾ ਕੀਤੀ ਹੈ।

ਚੀਨ ਦੇ ਵਿਦੇਸ਼ ਮਹਿਕਮੇ ਦੀ ਬੁਲਾਰੀ ਹੁਆ ਚੁਨਯਿੰਗ ਨੇ ਲੱਦਾਖ ਖੇਤਰ ਨੂੰ ਕੇਂਦਰ ਅਧੀਨ ਖੇਤਰ ਐਲਾਨਣ ਦੇ ਭਾਰਤ ਸਰਕਾਰ ਦੇ ਫੈਂਸਲੇ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਚੀਨ-ਭਾਰਤ ਸਰਹੱਦ ਦੇ ਪੱਛਮੀ ਖੇਤਰ ਵਿੱਚ ਚੀਨੀ ਇਲਾਕੇ ਨੂੰ ਭਾਰਤ ਵੱਲੋਂ ਆਪਣੇ ਪ੍ਰਸ਼ਾਸਨਿਕ ਖੇਤਰ ਵਿੱਚ ਸ਼ਾਮਿਲ ਕਰਨ ਦਾ ਚੀਨ ਨੇ ਹਮੇਸ਼ਾ ਵਿਰੋਧ ਕੀਤਾ ਹੈ।

ਵਿਦੇਸ਼ ਮਹਿਕਮੇ ਦੀ ਵੈੱਬਸਾਈਟ 'ਤੇ ਜਾਰੀ ਬਿਆਨ ਵਿੱਚ ਹੁਆ ਨੇ ਕਿਹਾ ਕਿ ਭਾਰਤ ਨੇ ਆਪਣੇ ਖੇਤਰੀ ਕਾਨੂੰਨ ਵਿੱਚ ਆਪਹੁਦਰੀ ਤਬਦੀਲੀ ਕਰਕੇ ਚੀਨੀ ਖੇਤਰੀ ਅਜ਼ਾਦੀ ਦੀ ਉਲੰਘਣਾ ਕੀਤੀ ਹੈ। ਉਹਨਾਂ ਕਿਹਾ, "ਭਾਰਤ ਦਾ ਇਹ ਕਾਰਾ ਨਾ-ਮੰਨਣਯੋਗ ਹੈ ਅਤੇ ਇਸ ਦੀ ਕੋਈ ਕਾਨੂੰਨੀ ਅਹਿਮੀਅਤ ਨਹੀਂ ਹੈ"। ਚੀਨ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਸਰਹੱਦੀ ਮਾਮਲਿਆਂ ਵਿੱਚ ਸਾਵਧਾਨੀ ਵਰਤੇ ਅਤੇ ਦੋਵਾਂ ਦੇਸ਼ਾਂ ਦਰਮਿਆਨ ਹੋਏ ਸਮਝੌਤਿਆਂ ਦਾ ਪਾਬੰਦ ਰਹੇ ਤਾਂ ਕਿ ਦੋਵਾਂ ਦੇਸ਼ਾਂ ਦਰਮਿਆਨ ਸਰਹੱਦੀ ਮਾਮਲਿਆਂ ਦੀਆਂ ਉਲਝਣਾਂ ਨਾ ਵਧਣ।

ਦੱਸ ਦਈਏ ਕਿ ਚੀਨ ਲੱਦਾਖ ਖੇਤਰ 'ਤੇ ਆਪਣਾ ਦਾਅਵਾ ਰੱਖਦਾ ਹੈ ਜਿਸ ਕਾਰਨ ਇਹ ਭਾਰਤ ਅਤੇ ਚੀਨ ਦਰਮਿਆਨ ਦੋ ਧਿਰੀ ਮਸਲਾ ਹੈ। ਲੱਦਾਖ ਦਾ ਕੁੱਝ ਉੱਤਰੀ ਇਲਾਕਾ ਚੀਨ ਦੇ ਪ੍ਰਬੰਧ ਹੇਠ ਹੈ।

ਭਾਰਤ ਵੱਲੋਂ ਕਸ਼ਮੀਰ ਵਿੱਚ ਵੱਡੀ ਗਿਣਤੀ 'ਚ ਫੌਜ ਤੈਨਾਤ ਕਰਨ ਅਤੇ ਜੰਮੂ ਕਸ਼ਮੀਰ ਨੂੰ ਮਿਲੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਚੀਨ ਇਸ ਮੋਜੂਦਾ ਸਥਿਤੀ ਬਾਰੇ ਫਿਕਰਮੰਦ ਹੈ। ਉਹਨਾਂ ਕਿਹਾ, "ਕਸ਼ਮੀਰ ਮਾਮਲੇ ਵਿੱਚ ਚੀਨ ਦਾ ਪੱਖ ਸਾਫ ਅਤੇ ਪੱਕਾ ਹੈ। ਅੰਤਰਰਾਸ਼ਟਰੀ ਸਹਿਮਤੀ ਵੀ ਇਸੇ ਗੱਲ 'ਤੇ ਹੈ ਕਿ ਕਸ਼ਮੀਰ ਮਸਲਾ ਅਜਿਹਾ ਮਸਲਾ ਹੈ ਜਿਸਨੂੰ ਪਿਛਲੇ ਸਮੇਂ ਤੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਛੱਡ ਦਿੱਤਾ ਗਿਆ ਹੈ"। ਉਹਨਾਂ ਕਿਹਾ ਕਿ ਦੋਵਾਂ ਧਿਰਾਂ ਨੂੰ ਸੰਜਮ ਨਾਲ ਕੰਮ ਲੈਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਦੋਵਾਂ ਧਿਰਾਂ ਨੂੰ ਅਪਹੁਦਰੇ ਤੌਰ 'ਤੇ ਕੋਈ ਵੀ ਫੈਂਸਲਾ ਲੈਣ ਤੋਂ ਟਲਨਾ ਚਾਹੀਦਾ ਹੈ ਜੋ ਮੋਜੂਦਾ ਸਥਿਤੀ ਵਿੱਚ ਤਬਦੀਲੀ ਲਿਆਵੇ ਅਤੇ ਸਮੱਸਿਆ ਵਧਾਵੇ।

ਉਹਨਾਂ ਕਿਹਾ ਕਿ ਚੀਨ ਦੋਵਾਂ ਦੇਸ਼ਾਂ ਨੂੰ ਕਹਿੰਦਾ ਹੈ ਕਿ ਇਸ ਮਸਲੇ ਨੂੰ ਗੱਲਬਾਤ ਅਤੇ ਆਪਸੀ ਸਹਿਮਤੀ ਨਾਲ ਹੱਲ ਕੀਤਾ ਜਾਵੇ ਤੇ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਨੂੰ ਕਾਇਮ ਰੱਖਿਆ ਜਾਵੇ।