ਪੰਜਾਬੀ ਕੰਪਿਊਟਰਕਾਰੀ ਤੇ ਲੇਖਣੀ ਦਾ ਸੁਮੇਲ - ਡਾ. ਸੀ ਪੀ ਕੰਬੋਜ

ਪੰਜਾਬੀ ਕੰਪਿਊਟਰਕਾਰੀ ਤੇ ਲੇਖਣੀ ਦਾ ਸੁਮੇਲ - ਡਾ. ਸੀ ਪੀ ਕੰਬੋਜ

ਮੁਲਾਕਾਤੀ- ਅੰਗਰੇਜ ਸਿੰਘ ਵਿੱਕੀ

1. ਆਪਣੇ ਬਚਪਨ ਬਾਰੇ ਦੱਸੋ?

ਮੇਰਾ ਜਨਮ ਜ਼ਿਲ੍ਹਾ ਫ਼ਿਰੋਜ਼ਪੁਰ (ਹੁਣ ਫ਼ਾਜ਼ਿਲਕਾ) ਦੇ ਪਿੰਡ ਲਾਧੂਕਾ ਵਿਖੇ ਇਕ ਕਿਰਤੀ ਪਰਿਵਾਰ ਵਿੱਚ ਹੋਇਆ। ਬਚਪਨ ਉੱਥੇ ਹੀ ਬੀਤਿਆ। ਘਰ ਦੀ ਵਿੱਤੀ ਹਾਲਤ  ਬਹੁਤ ਖ਼ਰਾਬ ਸੀ। ਪਿਤਾ ਸ੍ਰੀ ਜੈਮਲ ਚੰਦ ਰਾਜਗੀਰੀ ਦਾ ਕੰਮ ਕਰਦੇ ਸਨ। ਸਾਡੇ ਚਾਰੋ ਭੈਣ-ਭਰਾਵਾਂ ਦੀ ਪਰਵਰਿਸ਼ ਤੇ ਪੜ੍ਹਾਈ ਦਾ ਖ਼ਰਚ ਉਠਾਉਣਾ ਔਖਾ ਸੀ। ਛੁੱਟੀ ਵਾਲੇ ਦਿਨ ਮੈਂ ਖ਼ੁਦ ਆਪਣੇ ਪਿਤਾ ਜੀ ਨਾਲ ਕੰਮ ਤੇ ਜਾਂਦਾ ਸੀ ਜਿਸ ਕਾਰਨ ਬਚਪਨ ਕਾਫ਼ੀ ਸੰਘਰਸ਼ਮਈ ਰਿਹਾ।

2. ਵਿੱਦਿਆ ਪ੍ਰਾਪਤੀ ਬਾਰੇ ਚਾਨਣਾ ਪਾਓ।

ਮੈਂ ਆਪਣੀ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਤੋ ਹੀ ਲਈ। ਗਿਆਰ੍ਹਵੀਂ ਤੱਕ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਧੂਕਾ ਤੋ ਪੜ੍ਹਿਆ ਜੋ ਪਿੰਡ ਤੋ ਕਰੀਬ 2 ਕਿੱਲੋਮੀਟਰ ਦੀ ਵਿੱਥ ਤੇ ਸੀ। ਇਸ ਮਗਰੋਂ ਮੈਂ ਜੇਈਟੀ ਦੀ ਦਾਖਲਾ ਪ੍ਰੀਖਿਆ ਪਾਸ ਕਰਕੇ ਸਰਕਾਰੀ ਪੌਲੀਟੈਕਨਿਕ ਕਾਲਜ ਫ਼ਿਰੋਜ਼ਪੁਰ ਵਿਖੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦਾ ਤਿੰਨ  ਵਰ੍ਹਿਆਂ ਦਾ ਡਿਪਲੋਮਾ ਕਰਨ ਲੱਗ ਪਿਆ। ਕੰਪਿਊਟਰ ਦੇ ਸਰਟੀਫਿਕੇਟ ਕੋਰਸ ਤੋ ਲੈ ਕੇ ਪੀਐਚਡੀ ਤੱਕ ਦੀ ਪੜ੍ਹਾਈ ਤੇ ਖੋਜ ਮੈਂ ਨੌਕਰੀ ਦੇ ਨਾਲ-ਨਾਲ ਕੀਤੀ। 
 

3. ਤੁਸੀਂ ਪੇਸ਼ੇ ਵਜੋਂ ਇਲੈਕਟ੍ਰੋਨਿਕ ਇੰਜੀਨੀਅਰ ਸੀ। ਕੰਪਿਊਟਰ ਦੇ ਖੇਤਰ ਵਿੱਚ ਕਿਵੇਂ ਆਏ? 


ਦਰਅਸਲ, ਕੰਪਿਊਟਰ ਨਾਲ ਮੇਰਾ ਦੂਰ ਦਾ ਨਾਤਾ ਵੀ ਨਹੀਂ ਸੀ। ਜਦੋਂ ਮੈਂ ਪੰਜਾਬੀ ਟ੍ਰਿਬਿਊਨ ਲਈ ਖੋਜ ਖ਼ਬਰਾਂਵਾਲਾ ਕਾਲਮ ਲਿਖਿਆ ਕਰਦਾ ਸੀ ਤਾਂ ਉਸ ਸਮੇਂ ਦੇ ਸੰਪਾਦਕ ਸ. ਗੁਰਬਚਨ ਸਿੰਘ ਭੁੱਲਰ ਜੀ ਨੇ ਮੈਨੂੰ ਆਪਣੇ ਕੋਲ ਸੱਦਿਆ। ਉਨ੍ਹਾਂ ਮੈਨੂੰ ਕੰਪਿਊਟਰ ਦੇ ਖੇਤਰ  ਵਿੱਚ ਲਿਖਣ ਲਈ ਪ੍ਰੇਰਿਆ। ਫਿਰ ਮੈਂ ਪੰਜਾਬੀ ਟ੍ਰਿਬਿਊਨ ਲਈ ਆਈ. ਟੀ. ਝਰੋਖਾਨਾਂ ਦਾ ਕਾਲਮ ਸ਼ੁਰੂ ਕੀਤਾ ਜੋ ਅਖ਼ਬਾਰ ਦੇ ਪਾਠਕਾਂ ਵਿੱਚ ਬਹੁਤ ਹਰਮਨ ਪਿਆਰਾ ਹੋਇਆ। 


4. ਅੱਜ ਤੁਹਾਡਾ ਨਾਂ ਕੰਪਿਊਟਰ ਲੇਖਕ ਤੇ ਕਾਲਮ ਨਵੀਸ ਵਜੋਂ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੈ।  ਕੀ ਇਸ ਖ਼ਾਸ ਖੇਤਰ ਦੀ ਲੇਖਣੀ ਲਈ ਤੁਸੀਂ ਕੋਈ ਰਸਮੀ ਵਿੱਦਿਆ ਹਾਸਲ ਕੀਤੀ?


ਉਸ ਸਮੇਂ ਕੰਪਿਊਟਰ ਨਾਂ ਦੀ ਸ਼ੈਅ ਕਿਸੇ ਵਿਰਲੇ ਕੋਲ ਹੀ ਵੇਖਣ ਨੂੰ ਮਿਲਦੀ ਸੀ। ਮੈਂ ਸੰਤ ਕਬੀਰ ਪੌਲੀਟੈਕਨਿਕ ਫ਼ਾਜ਼ਿਲਕਾ ਦੀ ਨੌਕਰੀ ਦੇ ਨਾਲ-ਨਾਲ ਕੰਪਿਊਟਰ ਦੀ ਯੋਜਨਾਬੱਧ ਤਰੀਕੇ ਨਾਲ ਤਾਲੀਮ ਸ਼ੁਰੂ ਕੀਤੀ। ਪਹਿਲਾਂ ਇਕ ਸਰਟੀਫਿਕੇਟ ਕੋਰਸ ਪੂਰਾ ਕੀਤਾ। ਫਿਰ ਸ਼ੁਰੂ ਹੋਇਆ ਪੀਜੀਡੀਸੀਏ, ਐੱਮਐੱਸਸੀ, ਐੱਮਸੀਏ ਦਾ ਦੌਰ। ਮੈਂ ਪੰਜਾਬੀ ਕੰਪਿਊਟਰਕਾਰੀ ਵਿਸ਼ੇਅਧੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋ ਪੀਐੱਚ-ਡੀ ਕੀਤੀ। 


5. ਨੌਕਰੀ, ਪੜ੍ਹਾਈ ਤੇ ਆਰਥਿਕ ਵਸੀਲਿਆਂ ਲਈ ਸੰਘਰਸ਼। ਤਿੰਨੋ ਚੀਜ਼ਾਂ ਨਾਲ਼ੋਂ-ਨਾਲ਼ ਕਿਵੇਂ ਕੀਤੀਆਂ?


ਤਿੰਨੋ ਕੰਮਾਂ ਦਾ ਮੇਲ਼-ਜੋਲ਼ ਬਣਾ ਕੇ ਚੱਲਣਾ ਮੇਰੇ ਲਈ ਵੱਡੀ ਚੁਨੌਤੀ ਸੀ। ਦਫ਼ਤਰੋਂ ਆ ਕੇ ਦਸਵੀਂ-ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਪੜ੍ਹਾਉਣਾ, ਸਵੇਰ ਦਾ ਸਮਾਂ ਆਪਣੀ ਪੜ੍ਹਾਈ ਲਈ ਲਾਉਣਾ, ਮੇਰੇ ਮੁੱਖ ਨਿਸ਼ਾਨੇ ਸਨ। 


6. ਆਪਣੇ ਪਰਿਵਾਰ ਬਾਰੇ ਦੱਸੋ। 


ਮੈਂ ਆਪਣੇ ਪਰਿਵਾਰ ਨਾਲ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚ ਹੀ ਰਹਿੰਦਾ ਹਾਂ। ਮੇਰੀ ਪਤਨੀ ਦਰਸ਼ਨਾ ਰਾਣੀ ਮੇਰੇ ਕੰਪਿਊਟਰਕਾਰੀ ਦੇ ਕੰਮਾਂ ਵਿੱਚ ਮਦਦ ਕਰਦੀ ਹੈ। ਬੇਟੀ ਸ਼ਿਫਾ ਫਾਈਨ ਆਰਟ ਦੀ ਗਰੈਜੂਏਸ਼ਨ ਕਰ ਰਹੀ ਹੈ ਤੇ ਬੇਟਾ ਸੱਤਵੀਂ ਵਿੱਚ ਪੜ੍ਹਦਾ ਹੈ। 


7. ਯੂਨੀਵਰਸਿਟੀ ਦੇ ਕਿਹੜੇ ਵਿਭਾਗ ਵਿੱਚ ਸੇਵਾ ਕਰਦੇ ਹੋ?

 
ਮੈਂ ਯੂਨੀਵਰਸਿਟੀ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵਿਖੇ ਸਹਾਇਕ ਪ੍ਰੋਫੈਸਰ ਵਜੋਂ ਸੇਵਾ ਕਰ ਰਿਹਾ ਹਾਂ। ਸਾਡੇ ਇਸ ਕੇਂਦਰ ਦਾ ਮੁੱਖ ਮੰਤਵ ਪੰਜਾਬੀ ਮਾਧਿਅਮ ਵਿੱਚ ਕੰਪਿਊਟਰ ਤੇ ਪੰਜਾਬੀ ਕੰਪਿਊਟਰਕਾਰੀ ਬਾਰੇ ਸਿਖਲਾਈ ਦੇਣਾ ਹੈ। ਵਰਤੋਂਕਾਰਾਂ ਨੂੰ ਪੰਜਾਬੀ ਦੇ ਹਵਾਲੇ ਨਾਲ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ ਲਈ ਖੋਜ ਕਰਨੀ ਤੇ ਉਨ੍ਹਾਂ ਦਾ ਹੱਲ ਕੱਢਣਾ ਸਾਡਾ ਮੁੱਖ ਉਦੇਸ਼ ਹੈ। ਵਿਦਿਆਰਥੀ ਦਫ਼ਤਰ ਵਿਖੇ ਮਿਲ ਕੇ, ਫ਼ੋਨ ਹੈਲਪ ਲਾਈਨ ਰਾਹੀਂ ਜਾਂ ਸੋਸ਼ਲ ਮੀਡੀਆ ਰਾਹੀਂ ਸਾਡੇ ਨਾਲ ਜੁੜ ਕੇ ਆਪਣੇ ਮਸਲੇ ਸੁਲਝਾ ਸਕਦੇ ਹਨ। 


8. ਕਾਲਮ ਲੇਖਕ ਤੋ ਪੁਸਤਕ ਲੇਖਕ ਕਿਵੇਂ ਬਣੇ? ਕੋਈ ਖ਼ਾਸ ਘਟਨਾ ਵਾਪਰੀ।


ਪਹਿਲਾਂ, ਮੈਂ ਦੱਸਦਾ ਹਾਂ ਕਿ ਮੇਰਾ ਕੰਮ ਅਖ਼ਬਾਰਾਂ ਵਿਚ ਕਿਵੇਂ ਛਪਣਾ ਸ਼ੁਰੂ ਹੋਇਆ। ਇੰਜੀਨੀਅਰਿੰਗ ਦੀ ਪੜ੍ਹਾਈ ਵਿੱਚ ਮੈਨੂੰ ਅੰਗਰੇਜ਼ੀ ਮਾਧਿਅਮ ਕਾਰਨ ਬੇਹੱਦ ਮੁਸ਼ਕਲ ਆਈ। ਮੈਂ ਆਪਣੇ ਵਿਸ਼ੇ ਨੂੰ ਅੰਗਰੇਜ਼ੀ ਤੋ ਸਮਝ ਕੇ ਉਸ ਦੇ ਪੰਜਾਬੀ ਵਿਚ ਨੋਟਸ ਬਣਾ ਲੈਂਦਾ ਸੀ ਤੇ ਫਿਰ ਉਸ ਨੂੰ ਆਪਣੀ ਭਾਸ਼ਾ ਵਿੱਚ ਅੰਗਰੇਜ਼ੀ ਵਿੱਚ ਲਿਖਦਾ ਸੀ। ਮੇਰੇ ਨੋਟਿਸਾਂ ਦਾ ਲਾਭ ਮੇਰੇ ਵਰਗੇ ਅੰਗਰੇਜ਼ੀ ਚ ਕਮਜ਼ੋਰ ਸਾਥੀ ਵੀ ਲੈ ਲੈਂਦੇ ਸਨ। ਇੱਕ ਵਾਰ ਮੈਂ ਆਪਣੇ ਨੋਟਸ ਆਪਣੇ ਜਾਣਕਾਰ ਸ. ਕਰਨੈਲ ਸਿੰਘ ਨੂੰ ਦਿਖਾਉਣ ਲਈ ਲੈ ਗਿਆ ਜੋ ਆਪਣੀ ਦੁਕਾਨਦਾਰੀ ਦੇ ਨਾਲ-ਨਾਲ ਦੇਸ਼ ਸੇਵਕ ਅਖ਼ਬਾਰ ਦੇ ਪੱਤਰਕਾਰ ਵੀ ਸਨ। ਮੇਰੇ ਨੋਟਿਸਾਂ ਦਾ ਇੱਕ ਕਾਗ਼ਜ਼ ਉੱਥੇ ਰਹਿ ਗਿਆ। ਉਨ੍ਹਾਂ ਅਖ਼ਬਾਰ ਨੂੰ ਆਪਣੀਆਂ ਖ਼ਬਰਾਂ ਭੇਜਣੀਆਂ ਸੀ, ਨਾਲ ਮੇਰਾ ਨੋਟਿਸਾਂ ਦਾ ਕਾਗ਼ਜ਼  ਵੀ ਫੈਕਸ ਕਰ ਬੈਠੇ। ਉਸ ਕਾਗ਼ਜ਼ ਦੇ ਮੈਟਰ ਨੂੰ ਅਖ਼ਬਾਰ ਨੇ ਆਪਣੇ ਹਫ਼ਤਾਵਾਰੀ ਕਰਵਟਨਾਂ ਦੇ ਮੈਗਜ਼ੀਨ ਵਿਚ ਲੇਖ ਵਜੋਂ ਛਾਪ ਦਿੱਤਾ। ਬਸ, ਉਦੋਂ ਤੋ ਹੀ ਅਖ਼ਬਾਰਾਂ ਚ ਲਿਖਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਉਂਞ, ਲਿਖਣ ਦਾ ਕੰਮ ਮੈਂ 1993 ਤੋ ਵੀ ਸ਼ੁਰੂ ਕਰ ਦਿੱਤਾ ਸੀ। ਮੇਰੀਆਂ ਲਿਖਤਾਂ ਆਕਾਸ਼ਵਾਣੀ ਜਲੰਧਰ ਦੇ ਦੇਸ਼ ਪੰਜਾਬ ਪ੍ਰੋਗਰਾਮਦੇ ਅੱਜ ਦਾ ਖ਼ਤਪ੍ਰੋਗਰਾਮ ਵਿੱਚ ਪੜ੍ਹੀਆਂ ਜਾਂਦੀਆਂ ਸਨ। ਉਸ ਸਮੇਂ  ਰੇਡੀਓ ਬਹੁਤ ਸੁਣਿਆ ਜਾਂਦਾ ਸੀ। ਰੇਡੀਓ ਤੇ ਆਪਣਾ ਨਾਂ ਸੁਣ ਕੇ ਕੁਝ ਨਵਾਂ ਲਿਖਣ ਦੀ ਪ੍ਰੇਰਨਾ ਮਿਲਦੀ ਰਹਿੰਦੀ ਸੀ। ਸੰਖੇਪ ਵਿੱਚ ਕਿਹਾ ਕਹਾਂ ਤਾਂ ਮੇਰੀ ਲੇਖਣੀ ਦੀ ਦਿਸ਼ਾ ਰੇਡੀਓ ਦੇ ਟੇਸ਼ਨ ਬਦਲਣ ਵਾਲੀ ਸੂਈ ਨੇ ਤੈਅ ਕੀਤੀ। 


9. ਤੁਹਾਡੇ ਕਾਲਮ ਕਿਹੜੀ-ਕਿਹੜੀ ਅਖ਼ਬਾਰ ਵਿੱਚ ਛਪਦੇ ਹਨ?


ਮੇਰੇ ਹਫ਼ਤਾਵਾਰੀ ਕਾਲਮ ਦੇਸ਼ ਸੇਵਕ, ਪੰਜਾਬੀ ਟ੍ਰਿਬਿਊਨ, ਰੋਜ਼ਾਨਾ ਅਜੀਤ, ਨਵਾਂ ਜ਼ਮਾਨਾ, ਰੋਜ਼ਾਨਾ ਸਪੋਕਸਮੈਨ ਆਦਿ ਅਖ਼ਬਾਰਾਂ ਵਿੱਚ ਸਾਲਾਂ-ਬੱਧੀ ਛਪਦੇ ਰਹੇ।  ਖੋਜ ਖ਼ਬਰਾਂ, ਆਈ.ਟੀ. ਝਰੋਖਾ, ਕੰਪਿਊਟਰ ਗਿਆਨ, ਸਾਈਬਰ ਸੰਸਾਰ, ਹੈਲੋ ਕੰਪਿਊਟਰ ਆਦਿ ਮੇਰੇ ਸਭ ਤੋ ਪ੍ਰਚੱਲਿਤ ਕਾਲਮ ਰਹੇ। 

10. ਆਪਣੀਆਂ ਪੁਸਤਕਾਂ ਬਾਰੇ ਦੱਸੋ? 

 


 

2003 ਵਿੱਚ ਆਪਣੇ ਕਾਲਜ  ਸੰਤ ਕਬੀਰ ਪੌਲੀਟੈਕਨਿਕ ਫ਼ਾਜ਼ਿਲਕਾ ਦੇ ਪ੍ਰਿੰਸੀਪਲ ਸ. ਓਂਕਾਰ ਸਿੰਘ ਟਿਵਾਣਾ ਦੀ ਪ੍ਰੇਰਨਾ ਸਦਕਾ ਮੇਰੀ ਪਲੇਠੀ ਪੁਸਤਕ ਕੰਪਿਊਟਰ ਬਾਰੇ ਮੁੱਢਲਾ ਗਿਆਨਵਿਸ਼ਵਭਾਰਤੀ ਪ੍ਰਕਾਸ਼ਨ ਬਰਨਾਲਾ ਤੋ ਪ੍ਰਕਾਸ਼ਿਤ ਹੋਈ। ਇਸ ਮਗਰੋਂ ਪੰਜਾਬ ਸਰਕਾਰ ਨੇ ਮੈਨੂੰ ਸਕੂਲਾਂ ਦੇ ਪਾਠਕ੍ਰਮ ਲਈ ਛੇਵੀਂ ਤੋ ਬਾਰ੍ਹਵੀਂ  ਤਕ ਦੀਆਂ ਪੁਸਤਕਾਂ ਨੂੰ ਅਨੁਵਾਦ ਕਰਨ ਦਾ ਕੰਮ ਸੌਂਪਿਆ। ਕੰਪਿਊਟਰ ਦੇ ਬੁਨਿਆਦੀ ਸਿਧਾਂਤਾਂ, ਵਰਤੋ ਅਤੇ ਪੰਜਾਬੀ ਕੰਪਿਊਟਰਕਾਰੀ ਬਾਰੇ ਮੈਂ ਹੁਣ ਤਕ 30 ਪੁਸਤਕਾਂ ਦੀ ਰਚਨਾ ਕਰ ਚੁੱਕਾ ਹਾਂ।  


11. ਕਿਸੇ ਭਾਸ਼ਾ ਦੀ ਤਰੱਕੀ ਲਈ ਤਕਨਾਲੋਜੀ ਦੀ ਸ਼ਬਦਾਵਲੀ ਖ਼ਾਸ ਮਹੱਤਤਾ ਰੱਖਦੀ ਹੈ। ਤੁਹਾਡਾ ਕੀ ਵਿਚਾਰ ਹੈ? 


ਬੜੇ ਅਫ਼ਸੋਸ ਦੀ ਗੱਲ ਹੈ ਕਿ ਅਸੀਂ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿਚ ਸਾਹਿਤ ਰਚਨ ਨੂੰ ਹੀ ਭਾਸ਼ਾ ਦੀ ਤਰੱਕੀ ਸਮਝੀ ਬੈਠੇ ਹਾਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਹਿਤ ਸਿਰਜਨਾ ਕਿਸੇ ਭਾਸ਼ਾ ਦਾ  ਬਹੁਤ ਜ਼ਰੂਰੀ ਪੱਖ ਹੈ ਪਰ ਇਸ ਦੇ ਨਾਲ-ਨਾਲ ਵਿਗਿਆਨ, ਤਕਨਾਲੋਜੀ ਤੇ ਕੰਪਿਊਟਰਕਾਰੀ ਦੀ ਪੜ੍ਹਾਈ ਨੂੰ ਪੰਜਾਬੀ ਮਾਧਿਅਮ ਵਿਚ ਕਰਵਾਉਣ ਤੇ ਉਚੇਚਾ ਧਿਆਨ ਦੇਣਾ ਪਵੇਗਾ। ਨਾਲ-ਨਾਲ ਸਾਨੂੰ ਰੋਜ਼ਾਨਾ ਵਰਤੋ ਵਿਚ ਆਉਣ ਵਾਲੇ ਸ਼ਬਦਾਂ ਦਾ ਪੰਜਾਬੀਕਰਨ ਕਰਨਾ ਹੋਵੇਗਾ ਅਤੇ ਕੁਝ ਸ਼ਬਦ ਨਵੇਂ ਵੀ ਘੜਨੇ ਪੈਣਗੇ। ਮੈਂ ਕੰਪਿਊਟਰ ਤਕਨਾਲੋਜੀ ਦੇ ਕਈ ਸ਼ਬਦ ਠੇਠ ਪੰਜਾਬੀ ਵਿਚ ਘੜੇ ਹਨ ਜੋ ਵੱਖ-ਵੱਖ ਕਾਲਜਾਂ-ਯੂਨੀਵਰਸਿਟੀਆਂ ਦੇ ਪਾਠਕ੍ਰਮ ਵਿਚ ਸ਼ਾਮਲ ਹਨ। ਆਪਣੀ ਪੁਸਤਕ ਅਜੋਕਾ ਫ਼ੋਨ ਸੰਸਾਰਵਿਚ ਮੈਂ ਇਹ ਸ਼ਬਦ ਬਾਖ਼ੂਬੀ ਵਰਤ ਕੇ ਦਿਖਾਏ ਹਨ। ਇਹ ਪੁਸਤਕ ਬਾਅਦ ਵਿਚ ਪੰਜਾਬੀ ਟ੍ਰਿਬਿਊਨ ਵਿਚ ਲੜੀਵਾਰ ਕਾਲਮ ਦੇ ਰੂਪ ਵਿਚ ਵੀ ਛਪਦੀ ਰਹੀ ਹੈ।


12. ਤੁਸੀਂ ਕਿਹੜੇ-ਕਿਹੜੇ ਸਾਫ਼ਟਵੇਅਰ ਤਿਆਰ ਕੀਤੇ ਹਨ? ਉਨ੍ਹਾਂ ਨੂੰ ਪਾਠਕ ਕਿਵੇਂ ਵਰਤ ਸਕਦੇ ਹਨ? 


ਮੈਂ ਮੂਲ ਰੂਪ ਵਿੱਚ ਇੱਕ ਲੇਖਕ ਹਾਂ ਪਰ ਫਿਰ ਵੀ ਖੋਜ ਤੇ ਸਾਫ਼ਟਵੇਅਰ ਵਿਕਾਸ ਦੇ ਖੇਤਰ ਵਿਚ ਕਈ ਕੰਮ ਕੀਤੇ ਹਨ। ਵੱਖ-ਵੱਖ ਲੇਆਊਟਸ ਵਾਲੀ ਦੁਭਾਸ਼ੀ ਕੀ-ਬੋਰਡ ਐਪ ਮੇਰੀ ਆਪਣੀ ਤਿਆਰ ਕੀਤੀ ਹੋਈ ਹੈ। ਇਹ ਪੀ-ਬੋਰਡ ਨਾਂ ਦੀ ਐਪ ਐਂਡਰਾਇਡ ਫੋਨਾਂ ਲਈ ਮੁਫ਼ਤ ਉਪਲਬਧ ਹੈ। ਪਲਟਾਵਾ ਐਪ ਮੋਬਾਇਲ ਫੋਨਾਂ ਤੇ ਫੌਂਟ ਕਨਵਰਟ ਕਰਨ ਲਈ ਵਰਤੀ ਜਾ ਸਕਦੀ ਹੈ। ਮੇਰੀ ਸਭ ਤੋ ਪ੍ਰਚੱਲਿਤ ਐਪ ਹੈ- ਅੰਗਰੇਜ਼ੀ-ਪੰਜਾਬੀ ਕੋਸ਼ ਜੋ ਪੰਜਾਬੀ ਯੂਨੀਵਰਸਿਟੀ ਦੇ ਪ੍ਰਿੰਟ ਸੰਸਕਰਨ ਤੇ ਅਧਾਰਿਤ ਹੈ। ਅੱਜਕੱਲ੍ਹ ਯੂਨੀਕੋਡ ਫੌਂਟਾਂ ਦੇ ਵਿਕਾਸ ਲਈ ਖੋਜ ਕਰ ਰਿਹਾ ਹਾਂ। ਇਸ ਤੋ ਇਲਾਵਾ ਮੈਂ ਇਕ ਦਰਜਨ ਤੋ ਵੱਧ ਸਾਫ਼ਟਵੇਅਰ ਅਤੇ ਵੈੱਬ ਪ੍ਰੋਗਰਾਮ ਵਿਕਸਤ ਕੀਤੇ ਹਨ ਜਿਨ੍ਹਾਂ ਦੀ ਵਰਤੋ ਪੰਜਾਬੀ ਭਾਈਚਾਰਾ ਵੱਡੀ ਗਿਣਤੀ ਵਿਚ ਕਰ ਰਿਹਾ ਹੈ।


13. ਕਈ ਮੁਲਕਾਂ ਦੀ ਸਿੱਖਿਆ-ਦਿਖਿਆ ਅੰਗਰੇਜ਼ੀ ਦੀ ਬਜਾਏ ਉੱਥੋਂ ਦੀ ਮਾਂ ਬੋਲੀ ਵਿੱਚ ਹੀ ਦਿੱਤੀ ਜਾਂਦੀ ਹੈ ਪਰ ਸਾਡੀ ਕਿਉਂ ਨਹੀਂ?


ਸਾਡੇ ਲੋਕ ਆਈਲਟਸ ਦਾ ਟੈੱਸਟ ਪਾਸ ਕਰਨ ਨੂੰ ਦੁਨੀਆ ਦੀ ਸਭ ਤੋ ਵੱਡੀ ਡਿੱਗਰੀ ਸਮਝੀ ਬੈਠੇ ਹਨ। ਢੁਕਵੀਂ ਸਿੱਖਿਆ ਹਾਸਲ ਕਰ ਕੇ ਆਪਣੇ ਹੀ ਖ਼ਿੱਤੇ ਵਿੱਚ ਰਹਿ ਕੇ ਕਾਮਯਾਬ ਹੋਣ ਲਈ ਲਾਜ਼ਮੀ ਹੈ ਕਿ ਉੱਥੋਂ ਦੀ ਸਿੱਖਿਆ-ਦਿਖਿਆ ਉਸ ਦੀ ਮਾਤ-ਭਾਸ਼ਾ ਵਿੱਚ ਹੋਵੇ। ਜਪਾਨ, ਚੀਨ ਵਰਗੇ ਮੁਲਕ ਏਸੇ ਕਰਕੇ ਤਰੱਕੀ ਕਰ ਗਏ ਹਨ ਕਿ ਉੱਥੋਂ ਦੀ ਪੜ੍ਹਾਈ ਉਨ੍ਹਾਂ ਦੀ ਆਪਣੀ ਜ਼ੁਬਾਨ ਵਿੱਚ  ਹੈ। ਹੋਰ ਤਾਂ ਹੋਰ ਉਨ੍ਹਾਂ ਲੋਕਾਂ ਨੇ ਆਪਣੀ ਜ਼ੁਬਾਨ ਰਾਹੀਂ ਤਕਨਾਲੋਜੀ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਲਈਆਂ ਹਨ। 


14. ਪੰਜਾਬੀ ਕੰਪਿਊਟਰਕਾਰੀ ਦੀ ਤਰੱਕੀ ਲਈ ਵੱਖ-ਵੱਖ ਧਿਰਾਂ ਦਾ ਕੀ ਯੋਗਦਾਨ ਹੋ ਸਕਦਾ ਹੈ? 


ਪੰਜਾਬੀ ਦੀ ਤਰੱਕੀ ਲਈ ਜ਼ਰੂਰੀ ਹੈ ਕਿ ਇਹ ਸਰਕਾਰ, ਪਰਿਵਾਰ ਤੇ ਰੁਜ਼ਗਾਰ ਦੀ ਭਾਸ਼ਾ ਬਣੇ। ਸਰਕਾਰ ਨੇ ਇੱਕ ਕਾਨੂੰਨ ਬਣਾ ਕੇ ਬੁੱਤਾ ਸਾਰ ਦਿੱਤਾ ਹੈ ਪਰ ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਲਈ ਸੰਘਰਸ਼ ਕਰਨਾ ਪਵੇਗਾ। ਜੇ ਅਸੀਂ ਆਪਣੇ ਘਰਾਂ ਵਿੱਚ ਆਪਣੇ ਬੱਚਿਆਂ ਨਾਲ ਪੰਜਾਬੀ ਵਿੱਚ ਗੱਲਬਾਤ ਕਰੀਏ  ਤਾਂ ਪੰਜਾਬੀ ਲਾਜ਼ਮੀ ਤੌਰ ਤੇ ਉੱਨਤੀ ਕਰੇਗੀ। ਰੁਜ਼ਗਾਰ ਦੀ ਭਾਸ਼ਾ ਬਣਾਉਣ ਲਈ ਇਸ ਨੂੰ ਪਹਿਲਾਂ ਬਾਜ਼ਾਰ ਦੀ ਭਾਸ਼ਾ ਬਣਾਉਣਾ ਪਵੇਗਾ। ਸਾਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪਾਠਕ੍ਰਮ ਦਾ ਇਸ ਤਰ੍ਹਾਂ ਪੁਨਰਗਠਨ ਕਰਨਾ ਪਵੇਗਾ ਕਿ ਉਸ ਨਾਲ ਉਹ ਪ੍ਰੈਕਟੀਕਲ ਹੁਨਰ  ਹਾਸਲ ਕਰਕੇ ਆਪਣੀ ਜ਼ਿੰਦਗੀ ਵਿੱਚ ਵਰਤ ਸਕੇ। ਸੂਬੇ ਵਿਚ ਪੰਜਾਬੀ ਅਮਲੀ ਰੂਪ ਵਿੱਚ ਲਾਗੂ ਹੋਣ ਨਾਲ ਵੀ ਰੁਜ਼ਗਾਰ ਦੀਆਂ ਅਨੇਕਾਂ ਸੰਭਾਵਨਾਵਾਂ ਪੈਦਾ ਹੋ ਜਾਣਗੀਆਂ ਅਜਿਹਾ ਹੋਣ ਨਾਲ ਪੰਜਾਬੀ ਟਾਈਪਕਾਰਾਂ, ਸਾਫ਼ਟਵੇਅਰ ਦੀ ਵਰਤੋ ਰਾਹੀਂ ਪਰੂਫ਼ ਰੀਡਿੰਗ ਕਰਨ ਵਾਲ਼ਿਆਂ, ਭਾਸ਼ਾ ਅਨੁਵਾਦਕਾਂ, ਵੈੱਬ ਘਾੜਿਆਂ ਆਦਿ ਦੀ ਮੰਗ ਵਧੇਗੀ। ਪੰਜਾਬੀ ਕੰਪਿਊਟਰਕਾਰੀ ਵਿਚ ਤਰੱਕੀ ਲਈ ਸਰਕਾਰ ਵਿਸ਼ੇਸ਼ ਫ਼ੰਡ ਰਾਖਵਾਂ ਕਰੇ। ਯੂਨੀਵਰਸਿਟੀਆਂ ਆਪਣੇ ਪੱਧਰ ਤੇ ਪੰਜਾਬੀ ਸਾਫ਼ਟਵੇਅਰਾਂ ਦੇ ਵਿਕਾਸ ਲਈ ਪ੍ਰਾਜੈਕਟ ਸ਼ੁਰੂ ਕਰਨ ਤੇ  ਆਮ ਲੋਕ ਉਨ੍ਹਾਂ ਨੂੰ ਤਿਲ-ਫੁੱਲ ਭੇਟਾਂ ਰਾਹੀਂ ਹਾਸਲ ਕਰਕੇ ਖੋਜਕਾਰਾਂ ਦਾ ਹੌਸਲਾ ਵਧਾਉਣ। ਮਾਨ-ਸਨਮਾਨ ਪੱਖੋਂ ਵੀ ਪੰਜਾਬੀ ਕੰਪਿਊਟਰਕਾਰਾਂ ਤੇ ਤਕਨਾਲੋਜੀ ਲੇਖਕਾਂ ਨੂੰ ਅਣਗੌਲ਼ਿਆ ਕੀਤਾ ਜਾ ਰਿਹਾ ਹੈ।


15. ਜੇ ਕੋਈ ਪਾਠਕ ਪੰਜਾਬੀ ਕੰਪਿਊਟਰਕਾਰੀ ਬਾਰੇ ਜਾਣਨ ਲਈ ਤੁਹਾਡੀਆਂ ਲਿਖਤਾਂ ਜਾਂ ਵੀਡੀਉਜ਼ ਨਾਲ ਜੁੜਨਾ ਚਾਹੁੰਦਾ ਹੋਵੇ ਤਾਂ ਨਵੇਂ ਮੀਡੀਆ ਤੇ ਉਹ ਤੁਹਾਨੂੰ ਕਿਵੇਂ ਫਾਲੋ ਕਰੇ?


ਹੈਲੋ ਕੰਪਿਊਟਰਅਤੇ ਟੈੱਕ.ਕਾਮਆਕਾਸ਼ਵਾਣੀ ਪਟਿਆਲਾ ਦਾ ਮੇਰਾ ਹਰਮਨ ਪਿਆਰਾ ਲੜੀਵਾਰ ਪ੍ਰੋਗਰਾਮ ਰਿਹਾ ਹੈ। ਦੂਰਦਰਸ਼ਨ ਪਟਿਆਲਾ ਦੇ ਗੱਲਾਂ ਤੇ ਗੀਤਅਤੇ ਅੱਜ ਦਾ ਮਸਲਾਵਿਚ ਬਤੌਰ ਮਾਹਿਰ ਮਹਿਮਾਨ ਮੈਂ ਜਾਂਦਾ ਰਹਿੰਦਾ ਹਾਂ। ਯੂ-ਟਿਊਬ ਤੇ ਮੇਰਾ ਸੀ-ਟੈੱਕ ਪੰਜਾਬੀ (cTechPunjabi) ਨਾਂ ਦਾ ਚੈਨਲ ਹੈ ਜਿਸ ਤੇ ਕੰਪਿਊਟਰੀ ਨੁਕਤੇ ਅਤੇ ਪੰਜਾਬੀ ਕੰਪਿਊਟਰਕਾਰੀ ਬਾਰੇ ਮੈਂ ਲਗਾਤਾਰ ਵੀਡੀਓਜ਼ ਪਾਉਂਦਾ ਰਹਿੰਦਾ ਹਾਂ। ਇਸੇ ਨਾਂ ਤੇ ਮੇਰਾ ਫੇਸਬੁਕ ਪੇਜ ਅਤੇ ਟਵਿਟਰ ਹੈਂਡਲ ਹੈ ਪਾਠਕ ਉਸ ਨੂੰ ਫਾਲੋ ਕਰ ਸਕਦੇ ਹਨ। ਪੰਜਾਬੀ ਕੰਪਿਊਟਰਕਾਰੀ ਬਾਰੇ ਤਾਜ਼ਾ-ਤਾਰੀਨ ਜਾਣਕਾਰੀ ਪੜ੍ਹਨ ਲਈ ਪਾਠਕ ਮੇਰੇ ਬਲੌਗ ਸੀਪੀਕੰਬੋਜ.ਕਾਮ (www.cpkamboj.com) ਨੂੰ ਲੌਗ-ਇਨ ਕਰ ਸਕਦੇ ਹਨ।

ਅੰਗਰੇਜ ਸਿੰਘ ਵਿੱਕੀ
ਪਿੰਡ + ਡਾਕ. ਕੋਟਗੁਰੂ
ਤਹਿਸੀਲ + ਜਿਲਾ ਬਠਿੰਡਾ (ਪੰਜਾਬ)
ਪਿੰਨ ਕੋਡ 151401
ਮੋਬਾਇਲ 98888 70822
Email- 
Vickytribunebti@gmail.com