ਵਿਸ਼ਵ ਦਾ ਸਭ ਤੋਂ ਛੋਟੀ ਉਮਰ ਦਾ ਏਅਰਲਾਈਨ ਕਮਾਂਡਰ ਬਣਿਆ  ਉਦੈਵੀਰ ਸਿੰਘ ਧਾਲੀਵਾਲ

ਵਿਸ਼ਵ ਦਾ ਸਭ ਤੋਂ ਛੋਟੀ ਉਮਰ ਦਾ ਏਅਰਲਾਈਨ ਕਮਾਂਡਰ ਬਣਿਆ  ਉਦੈਵੀਰ ਸਿੰਘ ਧਾਲੀਵਾਲ

ਸੰਗਰੂਰ/ਏਟੀ ਨਿਊਜ਼ :
ਸੰਗਰੂਰ ਸ਼ਹਿਰ ਦੇ ਨੌਜਵਾਨ ਕੈਪਟਨ ਉਦੈਵੀਰ ਸਿੰਘ ਧਾਲੀਵਾਲ ਨੂੰ 25 ਸਾਲ ਦੀ ਉਮਰ ਵਿਚ ਹੀ ਏਅਰਲਾਈਨ ਕਮਾਂਡਰ ਬਣਨ ਦਾ ਮਾਣ ਹਾਸਲ ਹੋਇਆ ਹੈ। ਧਾਲੀਵਾਲ ਪਰਿਵਾਰ ਦਾ ਦਾਅਵਾ ਹੈ ਕਿ ਉਦੈਵੀਰ ਸਿੰਘ ਧਾਲੀਵਾਲ ਨੇ ਵਿਸ਼ਵ ਭਰ ਦੀਆਂ ਏਅਰਲਾਈਨਜ਼ ਵਿਚ ਤਾਇਨਾਤ ਕਮਾਂਡਰਾਂ 'ਚੋਂ ਸਭ ਤੋਂ ਛੋਟੀ ਉਮਰ ਦਾ ਏਅਰਲਾਈਨ ਕਮਾਂਡਰ ਬਣ ਕੇ ਵਿਸ਼ਵ ਰਿਕਾਰਡ ਬਣਾਇਆ ਹੈ।
ਸ਼ਹਿਰ ਦੇ ਸੀਨੀਅਰ ਐਡਵੋਕੇਟ ਨਰਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਕੈਪਟਨ ਉਦੈਵੀਰ ਸਿੰਘ ਧਾਲੀਵਾਲ ਵਿਸਤਾਰਾ ਟਾਟਾ ਸਿੰਗਾਪੁਰ ਏਅਰਲਾਈਨਜ਼ ਵਿਚ ਹੈ ਜੋ ਉਨ੍ਹਾਂ ਦੇ ਛੋਟੇ ਭਰਾ ਕੈਪਟਨ ਜੇ.ਐੱਸ.ਧਾਲੀਵਾਲ ਦਾ ਪੁੱਤ ਹੈ। ਕੈਪਟਨ ਜੇ. ਐੱਸ. ਧਾਲੀਵਾਲ ਏਅਰ ਇੰਡੀਆ ਵਿਚ ਡਿਪਟੀ ਜਨਰਲ ਮੈਨੇਜਰ ਦੇ ਅਹੁਦੇ 'ਤੇ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ ਕੈਪਟਨ ਉਦੈਵੀਰ ਸਿੰਘ ਧਾਲੀਵਾਲ ਨੇ ਯੂਕੇ. ਦੀ ਕੇਟ ਐਮ.ਸੀ. ਵਿਲੀਅਮਸ ਦਾ ਰਿਕਾਰਡ ਤੋੜਿਆ ਹੈ, ਜੋ 26 ਸਾਲ ਦੀ ਉਮਰ ਵਿਚ ਏਅਰਲਾਈਨ ਕਮਾਂਡਰ ਬਣੀ ਸੀ। ਉਦੈਵੀਰ ਸਿੰਘ ਧਾਲੀਵਾਲ 25 ਸਾਲ 4 ਮਹੀਨੇ 6 ਦਿਨ ਦੀ ਉਮਰ ਵਿਚ ਏਅਰਲਾਈਨ ਕਮਾਂਡਰ ਬਣਿਆ ਹੈ। ਉਨ੍ਹਾਂ ਦੱਸਿਆ ਕਿ ਉਦੈਵੀਰ ਸਿੰਘ ਧਾਲੀਵਾਲ ਨੇ ਵਿਸਤਾਰਾ ਟਾਟਾ ਸਿੰਗਾਪੁਰ ਏਅਰਲਾਈਨਜ਼ ਵਿਚ ਫਸਟ ਅਫ਼ਸਰ ਵਜੋਂ ਜੁਆਇਨ ਕੀਤਾ ਸੀ ਤੇ 11 ਫਰਵਰੀ ਨੂੰ ਏਅਰਲਾਈਨ ਕਮਾਂਡਰ ਬਣਿਆ ਹੈ।