ਸਿਆਸੀ ਧਾੜਵੀਆਂ ਦਾ ਦੋਸਤਾਨਾ ਦੰਗਲ

ਸਿਆਸੀ ਧਾੜਵੀਆਂ ਦਾ ਦੋਸਤਾਨਾ ਦੰਗਲ

ਭਰ ਸਰਦੀ ਦੇ ਇਨ੍ਹਾਂ ਦਿਨਾਂ ‘ਚ ਭਾਰਤ ਤੇ ਪੰਜਾਬ ‘ਚ ਦੋ ਵੱਖ ਵੱਖ ਤਰ੍ਹਾਂ ਦੇ ਸਿਆਸੀ ਦੰਗਲ ਉਭਰ ਕੇ ਸਾਹਮਣੇ ਆ ਰਹੇ ਹਨ। ਨਵੀਂ ਦਿੱਲੀ ਵਿੱਚ ਸਰਕਾਰ ਚਲਾ ਰਹੀ ਹਿੰਦੂਤਵੀ ਭਾਰਤੀ ਜਨਤਾ ਪਾਰਟੀ ਅਪਣੇ ਮੋਹਰੀ ਨਰਿੰਦਰ ਮੋਦੀ ਦੇ ਪਿੱਤਰੀ ਸੂਬੇ ਗੁਜਰਾਤ ਦੀਆਂ ਵਿਧਾਨ ਸਭਾਈ ਚੋਣਾਂ ਹਰ ਹੀਲੇ ਜਿੱਤਣ ਲਈ ਸਿਆਸੀ ਕਦਰਾਂ ਕੀਮਤਾਂ ਤੇ ਨੈਤਿਕਤਾ ਦੀਆਂ ਧੱਜੀਆਂ ਉਡਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦੇ ਰਹੀ। ਦੂਜੇ ਪਾਸੇ ਪੰਜਾਬ ਦੀਆਂ ਮਿਉਂਸਿਪਲ ਚੋਣਾਂ ਦੇ ਮਾਮਲੇ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੱਤਾਧਾਰੀ ਕਾਂਗਰਸ ਸਰਕਾਰ ਦੁਆਰਾ ਲੋਕ ਰਾਜੀ ਹੱਕਾਂ ਦੀਆਂ ਧੱਜੀਆਂ ਉਡਾਈ ਜਾਣ ਦੇ ਦੋਸ਼ਾਂ ਦੀ ਝੜੀ ਅਤੇ ਜੇਲ੍ਹਾਂ ਭਰ ਦੇਣ ਦੇ ਐਲਾਨ, ਪੰਜਾਬ ਵਿੱਚ 10 ਸਾਲ ਦੇ ਅਕਾਲੀ ਰਾਜ ਵੇਲੇ ਕਾਂਗਰਸ ਸਮੇਤ ਹੋਰਨਾਂ ਰਾਜਸੀ ਵਿਰੋਧੀਆਂ ਦੇ ਨੱਕ ‘ਚ ਦਮ ਕਰਨ ਅਤੇ ਆਮ ਲੋਕਾਂ ਦੀ ਕੁੱਟ ਤੇ ਲੁੱਟ ਦੇ ਸਾਹਮਣੇ ਹਾਸੋਹੀਣੇ ਲਗਦੇ ਹਨ। ਸੱਤਾਧਾਰੀ ਤੇ ਵਿਰੋਧੀ ਧਿਰਾਂ ਦੇ ਸਿਆਸਤਦਾਨਾਂ ਵਿਚਾਲੇ ਅਜਿਹੀ ਬੇਤੁੱਕੀ ਲੜਾਈ ਦੁਨੀਆ ਦਾ ਵੱਡਾ ਲੋਕ ਰਾਜ ਕਹਾਉਂਦੇ ਭਾਰਤ ਦੇ ਰਾਜਸੀ ਢਾਂਚੇ ਦਾ ਮਹਿਜ਼ ਝਲਕਾਰਾ ਹੈ। ਅਸਲੀਅਤ ‘ਚ ਤਾਂ ‘ਆਵਾ ਹੀ ਊਤਿਆ’ ਪਿਆ ਹੈ।ਭਾਰਤੀ ਅਖ਼ਬਾਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅਪਣੀਆਂ ਸਿਆਸੀ ਛੁਰਲੀਆਂ ਨਾਲ ਭਰੀਆਂ ਪਈਆਂ ਹਨ । ਉਸ ਵਲੋਂ  ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਬੰਧੀ ਗੁਜਰਾਤ ਦੀਆਂ ਚੋਣਾਂ ‘ਚ ਪਾਕਿਸਤਾਨ ਨਾਲ ਮਿਲ ਕੇ ਸਾਜ਼ਸ਼ ਦੀ ਟਿਪਣੀ ਕਿਸੇ ਦੇਸ਼ ਦੇ ਮੋਹਰੀ ਵਲੋਂ ਸਿਆਸੀ ਹਿੱਤਾਂ ਲਈ ਅਪਣੇ ਅਹੁਦੇ ਦੇ ਮਿਆਰ ਨੂੰ ਇੰਨਾ ਹੇਠਾਂ ਗਿਰਾ ਦੇਣ ਦੀ ਉਦਾਸ ਤੇ ਨਿਰਾਸ਼ ਕਰ ਵਾਲੀ ਮਿਸਾਲ ਹੈ। ਸਿਆਸੀ ਚਿੱਕੜ ਉਛਾਲਣ ਦੀ ਇਸ ਘਿਣਾਉਣੀ ਹਰਕਤ ਦੇ ਸਿੱਟੇ ਵਜੋਂ ਹੀ ਅਪਣੀ ਹਲੀਮੀ, ਲਿਆਕਤ, ਸੂਝਬੂਝ ਤੇ ਨਰਮ ਸੁਭਾਅ ਲਈ ਜਾਣੇ ਜਾਂਦੇ ਡਾ.ਮਨਮੋਹਨ ਸਿੰਘ ਨੂੰ ਪਲਟਵਾਰ ਕਰਦਿਆਂ ਇਹ ਕਹਿਣ ਲਈ ਮਜਬੂਰ ਹੋਣਾ ਪਿਆ ਕਿ  ਮੋਦੀ ਆਪਣੀ ‘ਕੁਲਹਿਣੀ ਸੋਚ’ ਨਾਲ ‘ਖ਼ਤਰਨਾਕ ਪਿਰਤ’ ਪਾ ਰਹੇ ਹਨ। ਇਸ ਬਦਲੇ ਉਸਨੂੰ ਦੇਸ਼ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਰਾਜਸੀ ਪਾਰਟੀਆਂ ਦੇ ਹੇਠਲੀ ਪੱਧਰ ਦੇ ਆਗੂਆਂ ਦੇ ਬਿਆਨ ਅਤੇ ਇੱਕ ਦੂਜੇ ਵਿਰੁਧ ਦੂਸ਼ਨਬਬਾਜ਼ੀ ਦਾ ਤਾਂ ਖ਼ੈਰ ਰੱਬ ਹੀ ਰਾਖ਼ਾ। ਹਾਂ ਹਰ ਕੋਈ ਅਪਣੀ ਪਾਰਟੀ ਅਤੇ ਖੁਦ ਅਪਣੇ ‘ਦੁੱਧ ਧੋਤਾ ਹੋਣ’ ਦਾ ਢੰਡੋਰਾ ਬੇਸ਼ਰਮੀ ਨਾਲ ਪਿੱਟਣ ‘ਚ ਕਿਸੇ ਨੂੰ ਬਰਾਬਰ ਨਹੀਂ ਢੁਕਣ ਦਿੰਦਾ । ਜਿੱਥੋਂ ਤੱਕ ਪੰਜਾਬ ਦਾ ਸਵਾਲ ਹੈ, ਕਰਜ਼ਿਆਂ ਦੇ ਵਿੰਨ੍ਹੇ ਕਿਸਾਨ ਨਿੱਤ ਖੁਦਕੁਸ਼ੀਆਂ ਲਈ ਮਜਬੂਰ ਹਨ। ਮੁਲਾਜ਼ਮ ਤੇ ਮਜਦੂਰ ਅਪਣੀਆਂ ਤਨਖਾਹਾਂ ਤੇ ਹੋਰ ਮੰਗਾਂ ਨੂੰ ਲੈ ਕੇ ਹਰ ਰੋਜ਼ ਧਰਨੇ ਦੇਣ ਅਤੇ ਪੁਲੀਸ ਦੀਆਂ ਡਾਂਗਾਂ ਝੱਲ ਰਹੇ ਨੇ। ਬੇਰੁਜ਼ਗਾਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲੇ ਵਾਅਦਿਆਂ ਦੇ ਜਿਹੜੇ ਛੁਣਛੁਣੇ ਹੱਥਾਂ ‘ਚ ਫੜਾਏ ਸਨ, ਉਹ ਖੜਕਣੋਂ ਹਟ ਗਏ ਨੇ। ਵਿਰੋਧੀ ਪਾਰਟੀਆਂ ਕੋਲ ਅਪਣੇ ਆਪ ਨੂੰ ਪੰਜਾਬ ਅਤੇ ਇਸਦੇ ਲੋਕਾਂ ਦਾ ਸਭ ਤੋਂ ਵੱਡਾ ਹਿਤੈਸ਼ੀ ਵਿਖਾਉਣ ਵਾਸਤੇ ਅਖ਼ਬਾਰੀ ਬਿਆਨ ਬਾਜ਼ੀ ਤੋਂ ਬਗੈਰ ਕੁਝ ਕਰਨ/ਕਰਾਉਣ ਲਈ ਨਜ਼ਰ ਨਹੀਂ ਆਉਂਦਾ।
ਇਸ ਵੇਲੇ ਰਾਜ ਵਿੱਚ ਹੋਣ ਵਾਲੀਆਂ ਮਿਉਂਸਪਲ ਚੋਣਾਂ ਨੇ ਰਾਜਸੀ ਅਖ਼ਾੜਾ ਕਾਫ਼ੀ ਮਘਾਇਆ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਅਫ਼ਸਰਸ਼ਾਹੀ ਅਤੇ ਕਾਂਗਰਸ ਪਾਰਟੀ ਦਾ ਪੂਰਾ ਜੋਚੋਣਾਂ ਵਿੱਚ ‘ਇਤਿਹਾਸਕ ਜਿੱਤ’ ਦਰਜ ਕਰਾਉਣ ਲਈ ਕਾਗਜ਼ੀ ਹੇਰਾਫੇਰੀਆਂ ਅਤੇ ਵਿਰੋਧੀਆਂ ਨਾਲ ਵਧੀਕੀਆਂ ਕਰਨ ਉੱਤੇ ਲੱਗਾ ਹੋਇਆ ਹੈ। ਵੈਸੇ ਜੋ ਕੁਝ ਕੀਤਾ/ਕਰਾਇਆ ਜਾ ਰਿਹਾ ਹੈ, ਉਹ ਨਵਾਂ ਜਾਂ ਹੈਰਾਨਕੁਨ ਨਹੀਂ। ਪਿਛਲੇ ਹੁਕਮਰਾਨ ਵੀ ਅਜਿਹਾ ਕਰਨ ਵਿੱਚ ਕਿਸੇ ਤੋਂ ਪਿੱਛੇ ਨਹੀਂ ਸਨ। ਕਾਂਗਰਸ ਤੇ ਅਕਾਲੀ ਦੋਵਾਂ ਦਾ ਮੁੱਖ ਨਿਸ਼ਾਨਾ ਆਮ ਆਦਮੀ ਪਾਰਟੀ ਹੈ ਜਿਸਨੇ ਇਸ ਸਾਲ ਦੇ ਸ਼ੁਰੂ ਵਿੱਚ ਹੋਈਆਂ ਚੋਣਾਂ ‘ਚ ਅਕਾਲੀਆਂ ਨੂੰ ਪਛਾੜ ਕੇ ਵਿਰੋਧੀ ਧਿਰ ਦਾ ਰੁਤਬਾ ਪ੍ਰਾਪਤ ਕੀਤਾ। ਸਿਤਮ ਇਹ ਕਿ ਅੱਗੋਂ ਇਸ ਪਾਰਟੀ ਦੇ ‘ਤੱਤੇ ਆਗੂ’ ਅਪਣੇ ‘ਸਿਰੀਂ ਛੇਤੀ ਤੋਂ ਛੇਤੀ ਸਿਆਸੀ ਤਾਜ ਸਜਾਉਣ’ ਲਈ ਇੱਕ ਦੂਜੇ ਨੂੰ ਠਿੱਬੀ ਮਾਰਨ ਦੀ ਖੇਡ ਖੇਡਣ ਵਿੱਚ ਅਜਿਹਾ ਉਲਝੇ ਹਨ ਕਿ ਪੰਜਾਬ ਦੇ ਬਹੁਤੇ ਲੋਕ ਜਿਸ ਪਾਰਟੀ ਨੂੰ ਕਿਸੇ ਮੌਕੇ ਅਪਣੀ ਸਮਝ ਸਭ ਕੁਝ ਵਾਰਨ ਨੂੰ ਤਿਆਰ ਸਨ, ਹੁਣ ਉਸਤੋਂ ਨਿਰਾਸ਼ ਹੋ ਰਹੇ ਹਨ।
ਦੂਜੇ ਪਾਸੇ ਚੇਤੰਨ ਲੋਕ ਇਸ ਗੱਲੋਂ ਹੈਰਾਨ ਹਨ ਕਿ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਸਦੇ ਜਰਨੈਲ ਇਸ ਸਿਆਸੀ ਰਾਮ ਰੌਲੇ ਦੌਰਾਨ ਦਮਗਜ਼ੇ ਮਾਰਨ ਦੇ ਬਾਵਜੂਦ ਅਪਣੇ ਤੀਰ ਮੁੱਖ ਮੰਤਰੀ ਅਮਰਿੰਦਰ ਸਿੰਘ ਵਲ ਚਲਾਉਣ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਦੇ ਹਨ। ਸਿਆਸੀ ਹਲਕਿਆਂ ‘ਚ ਚੁੰਝ ਚਰਚਾ ਤੇਜ ਹੈ ਕਿ ਬਾਦਲਾਂ ਤੇ ਪਟਿਆਲੇ ਵਾਲੇ ਰਾਜੇ ਵਿਚਾਲੇ ਜਿਹੜਾ ‘ਦੋਸਤਾਨਾ ਸਿਆਸੀ ਖੇਡ ਖੇਡਣ’ ਦਾ ‘ਅੰਦਰਖਾਤੇ ਸਮਝੌਤਾ’ ਹੋਇਆ ਹੋਇਆ ਹੈ, ਇਹ ਉਸੇ ‘ਰਣਨੀਤੀ’ ਦਾ ਪ੍ਰਗਟਾ ਹੈ। ਦੁੱਖ ਦੀ ਗੱਲ ਇਹ ਹੈ ਕਿ ਅਕਾਲੀਆਂ ਵਲੋਂ ਅਪਣੇ ਸਿਆਸੀ ਹਿੱਤਾਂ ਲਈ ਥਾਂ ਥਾਂ ਦਿੱਤੇ ਜਾਂਦੇ ਧਰਨਿਆਂ ਨੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ। ਆਮ ਲੋਕ ਅਕਾਲੀਆਂ ਵਲੋਂ ਧਰਨਿਆਂ ਦੇ ਨਾਂਅ ਹੇਠ ਸੜਕਾਂ ਉੱਤੇ ਆਵਾਜਾਈ ਰੋਕ ਕੇ ਬਾਘੀਆਂ ਪਾਉਣ ਕਾਰਨ ਪ੍ਰੇਸ਼ਾਨ ਹਨ ਤੇ ਸੂਝਵਾਨ ਪੰਜਾਬੀ ਇਸ ਗੱਲੋਂ ਹੈਰਾਨ ਕਿ ਅਕਾਲੀ ਦਲ ਵੱਲੋਂ ਜੇਲ੍ਹਾਂ ਭਰ ਦੇਣ ਦੇ ਐਲਾਨੇ ਪ੍ਰੋਗਰਾਮ ਦਾ ਲੋਕਾਂ ਦੇ ਮਸਲਿਆਂ ਨਾਲ ਕੀ ਵਾਸਤਾ ਹੈ। ਸਿਆਸਤਦਾਨ ਸੱਤਾ ‘ਚ ਹੋਣ ਜਾਂ ਸੱਤਾ ਤੋਂ ਬਾਹਰ ਇਨ੍ਹਾਂ ਨੂੰ ਵੋਟਾਂ ਮੰਗਣ ਦੇ ਦਿਨਾਂ ਤੋਂ ਬਿਨ੍ਹਾਂ ਲੋਕਾਂ ਦੀ ਕੱਦ ਪ੍ਰਵਾਹ ਹੁੰਦੀ ਹੈ। ਲਗਾਤਾਰ ਦੋ ਵਾਰ ਪੰਜਾਬ ਵਿੱਚ ਅਪਣੀ ਸਰਕਾਰ ਵੇਲੇ ਲੋਕਾਂ ਨੂੰ ਕੁਟਣ ਤੇ ਲੁਟਣ ਵਾਲਾ ਬਾਦਲ ਲਾਣਾ ਹੁਣ ਜਿਹੜੀ 1.20 ਲੱਖ ਵਰਕਰਾਂ ਦੀ ‘ਫੌਜ’ ਖੜ੍ਹੀ ਕਰਨ ਦੀ ਤਿਆਰੀ ਵਿੱਚ ਹੈ, ਉਹ ਸੁਖਬੀਰ ਦੇ ਉਸ ਹਰਾਵਲ ਦਸਤੇ ਤੋਂ ਕਿਵੇਂ ਵੱਖਰੀ ਹੋਵੇਗੀ, ਜਿਸਦੇ ਕਾਰਕੁਨ 10 ਸਾਲ ਰੇਤਾ, ਬਜਰੀ, ਠੇਕੇ, ਕਾਰੋਬਾਰ ਇੱਥੋਂ ਕਿ ਸਾਈਕਲ ਸਟੈਂਡਾਂ ਉੱਤੇ ਕਬਜ਼ਿਆਂ ਤੱਕ ਕਰਕੇ ਜਿੱਥੋਂ ਵੀ ਸੰਭਵ ਹੋਇਆ ਦੋਵੀਂ ਹੱਥੀਂ ਂਲੁੱਟ’ ਕਰਦੇ ਤੇ ਦਸਵੰਧ ਤੋਂ ਕਿਸੇ ਵੱਧ ਹਿੱਸਾ ਪੂਰੀ ਈਮਾਨਦਾਰੀ ਨਾਲ ਨਿਰਵਘਣ ‘ਬਾਦਲਾਂ ਦੇ ਗਰੀਬਖ਼ਾਨੇ’ ਪਹੁੰਚਾਉਂਦੇ ਰਹੇ। ਜਿਹੜਾ ਕੁਝ ਬਾਦਲਾਂ ਨੇ ਕੀਤਾ ਕੈਪਟਨ, ਉਸਦੇ ਸਲਾਹਕਾਰ ਤੇ ਕਾਂਗਰਸੀ ਆਗੂ ਉਸਤੋਂ ਘੱਟ ਨਹੀਂ ਗੁਜ਼ਾਰ ਰਹੇ।
ਮਿਰਜ਼ਾ ਗ਼ਾਲਿਬ ਦੇ ਸ਼ਬਦਾਂ ‘ਹੋਤਾ ਹੈ ਦਿਨ ਰਾਤ, ਤਮਾਸ਼ਾ ਮੇਰੇ ਆਗੇ’’ ਵਾਲੀ ਸਿਆਸੀ ਸਥਿੱਤੀ ਵਿੱਚ ਲੋਕਾਂ ਦਾ ਚੁੱਪ ਤੇ ‘ਦੜ ਵੱਟ ਜ਼ਮਾਨਾ ਖੱਟ’ ਵਾਲਾ ਰਵੱਈਆ ਸ਼ੰਕੇ ਤੇ ਸੰਸੇ ਖੜ੍ਹੇ ਕਰਦਾ ਹੈ ਕਿ ਇਨ੍ਹਾਂ ‘ਸਿਆਸੀ ਧਾੜਵੀਆਂ’ ਨੂੰ ਜੇ ਇਉਂ ਹੀ ‘ਖੁਲ੍ਹ ਖੇਡ ਖੇਡਣ’ ਦਿੱਤੀ ਜਾਂਦੀ ਰਹੀ ਤਾਂ ਫਿਰ ਪੰਜਾਬ ਦਾ ‘ਅੱਲ੍ਹਾ ਬੇਲੀ’ ।