ਭਾਜਪਾ ਦੇ ਮੂੰਹ ਰਾਜਸੀ ਚਪੇੜ

ਭਾਜਪਾ ਦੇ ਮੂੰਹ ਰਾਜਸੀ ਚਪੇੜ

ਮੋਦੀ-ਅਮਿਤ ਸ਼ਾਹ ਜੋੜੀ ਦੀ ਆਪਣੇ ਹੀ ਰਾਜ ਬੁਰੀ ਤਰ੍ਹਾਂ ‘ਬੂਥ’ ਲੱਗੀ
ਭਾਰਤ ਦੀ ਪਾਰਲੀਮੈਂਟ ਦੇ ਉਪਰਲੇ ਸਦਨ ਵਜੋਂ ਜਾਣੀ ਜਾਂਦੀ ਰਾਜ ਸਭਾ ਲਈ ਗੁਜਰਾਤ ਤੋਂ ਤਿੰਨ ਮੈਂਬਰਾਂ ਦੀ ਚੋਣ ਲਈ ਮੰਗਲਵਾਰ ਨੂੰ ਪਈਆਂ ਵੋਟਾਂ ਅਤੇ ਉਸ ਤੋਂ ਬਾਅਦ ਅੱਧੀ ਰਾਤ ਤੱਕ ਚੱਲੀ ਕਸ਼ਮਕਸ਼ ਬਾਅਦ ਆਏ ਨਤੀਜਿਆਂ ਨੇ ਭਾਰਤੀ ਜਨਤਾ ਪਾਰਟੀ ਦੇ ‘ਸ਼ਕਤੀਸ਼ਾਲੀ’ ਪ੍ਰਧਾਨ ਅਮਿਤ ਸ਼ਾਹ ਨੂੰ ਇੱਕ ਤਰ੍ਹਾਂ ਨਾਲ ‘ਦਿਨੇ ਤਾਰੇ ਵਿਖਾ’ ਦਿੱਤੇ ਹਨ। ਮੌਜੂਦਾ ਸਮੇਂ ਵਿੱਚ ਭਾਰਤੀ ਦੀ ਰਾਜਨੀਤੀ ਦੇ ‘ਚਾਣਕੀਯ’ ਵਜੋਂ ਤੇ ਹਰ ਮੈਦਾਨ ਫਤਹਿ ਕਰਦੇ ਆ ਰਹੇ ਅਮਿਤ ਸ਼ਾਹ ਵਲੋਂ ਰਾਜ ਸਭਾ ਦੀਆਂ ਤਿੰਨ ਸੀਟਾਂ ਨੂੰ ਆਪਣੀ ਜੇਬ ਵਿੱਚ ਕਰਨ ਲਈ ਹਰ ਹੀਲਾ ਵਰਤਣ ਦੇ ਬਾਵਜੂਦ ਕਾਂਗਰਸ ਪਾਰਟੀ ਦੇ ਉਮੀਦਵਾਰ ਅਹਿਮਦ ਪਟੇਲ ਦਾ ਇੱਕ ਸੀਟ ਉਤੇ ਜੇਤੂ ਰਹਿਣਾ ਭਾਜਪਾ ਪ੍ਰਧਾਨ ਹੀ ਨਹੀਂ ਬਲਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ‘ਨੈਤਿਕ ਪੱਖੋਂ ਵੱਡੀ ਰਾਜਸੀ ਹਾਰ’ ਹੈ। ਆਪਣੀ ਪਾਰਟੀ ਦੇ ‘ਕਾਂਗਰਸ ਮੁਕਤ ਭਾਰਤ’ ਪ੍ਰੋਗਰਾਮ ਅਧੀਨ ਆਪਣੇ ਜੱਦੀ ਰਾਜ ਗੁਜਰਾਤ ਤੋਂ ਮੋਦੀ-ਅਮਿਤ ਸ਼ਾਹ ਜੋੜੀ ਨੇ ਬੜੀ ਕਮਜ਼ੋਰ ਅਤੇ ਮਸਾਂ ਸਾਹ ਘੜੀਸਦੀ ਆ ਰਹੀ ਮੁੱਖ ਵਿਰੋਧੀ ਪਾਰਟੀ ਦਾ ਪੂਰੀ ਤਰ੍ਹਾਂ ਲੱਕ ਤੋੜਣ ਲਈ ਹੀ ਅਹਿਮਦ ਪਟੇਲ ਦੇ ਪੰਜਵੀਂ ਵਾਰ ਰਾਜ ਸਭਾ ‘ਚ ਦਾਖਲੇ ਨੂੰ ਰੋਕਣ ਲਈ ਕਾਫ਼ੀ ਸਮਾਂ ਪਹਿਲਾਂ ਤੋਂ ਹੀ ਰਣਨੀਤੀ ਘੜ ਲਈ ਸੀ। ਕਾਂਗਰਸ ਪਾਰਟੀ ਦੇ ਅਹਿਮ ਨੀਤੀਕਾਰਾਂ/ਜੋੜ-ਤੋੜ ਕਰਨ ਵਾਲੇ ਮੁੱਖ ਮਾਹਰਾਂ ‘ਚੋਂ ਗਿਣੇ ਜਾਂਦੇ ਅਹਿਮਦ ਪਟੇਲ ਦੇ ਗੁਜਰਾਤ ਨਾਲ ਹੀ ਸਬੰਧ ਰੱਖਦੇ ਹੋਣ ਕਾਰਨ ਸੂਬੇ ਵਿੱਚ ਪਾਰਟੀ ਨੂੰ ਔਖੇ-ਸੌਖੇ ਮੁੜ ਪੈਰਾਂ ਸਿਰ ਕਰਨ ਵਾਲਿਆਂ ‘ਚ ਵੀ ਨਜ਼ਰ ਆਉਂਦੇ ਹੋਣ ਕਾਰਨ ਅਮਿਤ ਸ਼ਾਹ ਲਈ ਉਹ ‘ਵੱਡਾ ਰਾਜਸੀ ਸ਼ਿਕਾਰ’ ਸਨ। ਇਸ ਤੋਂ ਵੀ ਅਹਿਮ ਗੱਲ ਇਹ ਕਿ ਅਹਿਮਦ ਪਟੇਲ ਅਸਲ ਵਿੱਚ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਖ਼ਾਸਮ-ਖ਼ਾਸ ਅਤੇ ਪਾਰਟੀ ਦੇ ਮੁੱਖ ਦਫ਼ਤਰ ਦੇ ਕਰਤਾ-ਧਰਤਾ ਹਨ। ਇਸ ਲਈ ਕਾਂਗਰਸ ਪਾਰਟੀ ਨੂੰ ਮੈਦਾਨੋਂ ਹਟਾਉਣ ਲਈ ਲਈ ਭਾਜਪਾ ਵਾਲਿਆਂ ਲਈ ਪਟੇਲ ਨੂੰ ਜੜੋਂ ਵੱਢਣਾ ਲਾਜ਼ਮੀ ਸੀ।
ਖ਼ੈਰ ਅਪਣੇ ਰਾਜਸੀ ਵਿਰੋਧੀਆਂ ਨੂੰ ਹਰ ਫਰੰਟ ਉਤੇ ਹਰਾਉਣਾ ਹਰ ਰਾਜਸੀ ਪਾਰਟੀ ਤੇ ਉਸ ਦੇ ਮੋਹਰੀਆਂ ਦੀ ਰਣਨੀਤੀ ਵਿੱਚ ਸ਼ਾਮਲ ਹੁੰਦਾ ਹੈ। ਪਰ ਆਪਣੇ ਰਾਜਸੀ ਵਿਰੋਧੀਆਂ ਪ੍ਰਤੀ ਭਾਜਪਾ ਵਾਲਿਆਂ ਜਿਹੜੀ ‘ਦੁਸ਼ਮਣੀ ਵਾਲੀ ਰਣਨੀਤੀ’ ਅਖ਼ਤਿਆਰ ਕੀਤੀ ਹੈ, ਉਹ ਕੇਵਲ ਹੋਰਨਾਂ ਰਾਜਸੀ ਧਿਰਾਂ ਲਈ ਹੀ ਨਹੀਂ ਬਲਕਿ ਭਾਰਤੀ ਲੋਕਰਾਜ ਲਈ ਵੀ ਬੜੀ ਮਾਰੂ ਅਤੇ ਖ਼ਤਰਨਾਕ ਹੈ। ਸਾਲ 2014 ਵਿੱਚ ਰਿਕਾਰਡਤੋੜ ਬਹੁਮਤ ਨਾਲ ਕੇਂਦਰ ਵਿੱਚ ਸੱਤਾ ਵਿੱਚ ਆਈ ਭਾਰਤੀ ਜਨਤਾ ਪਾਰਟੀ ਨੇ ਉਸ ਤੋਂ ਬਾਅਦ ਵੱਖ ਵੱਖ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਜ਼ਿਮਨੀ ਚੋਣਾਂ ‘ਚ ਜਿਸ ਤਰ੍ਹਾਂ ਪ੍ਰਚਾਰ ਕੀਤਾ ਉਹ ਰਾਜਸੀ ਮਾਪਦੰਡਾਂ ਅਨੁਸਾਰ ਇਤਰਾਜ਼ਯੋਗ ਹੋਣ ਦੇ ਨਾਲ ਨਾਲ ਰਾਜਸੀ ਮਰਿਯਾਦਾ ਤੋਂ ਹੇਠਲੀ ਪੱਧਰ ਦਾ ਹੋਣ ਕਾਰਨ ਸਮਾਜਿਕ ਤੌਰ ਉਤੇ ਲੋਕਾਂ ‘ਚ ਗੰਭੀਰ ਵੰਡੀਆਂ ਪਾਉਂਦਾ ਨਜ਼ਰ ਆ ਰਿਹਾ ਹੈ। ਪਿਛੇ ਜਿਹੇ ਹੋਈਆਂ ਗੋਆ ਤੇ ਅਰੁਣਾਚਲ ਦੀਆਂ ਵਿਧਾਨ ਸਭਾ ਚੋਣਾਂ ‘ਚ ਲੋੜੀਂਦਾ ਬਹੁਮਤ ਨਾ ਮਿਲਣ ਦੇ ਬਾਵਜੂਦ ਭਾਜਪਾ ਵਾਲਿਆਂ ਨੇ ਜੋੜ-ਤੋੜ ਤੇ ਖਰੀਦੋ-ਫਰੋਖ਼ਤ ਨਾਲ ਜਿਸ ਤਰ੍ਹਾਂ ਅਪਣੀਆਂ ਸਰਕਾਰਾਂ ਬਾਣਾਈਆਂ, ਉਹ ਅਸਲ ‘ਚ ਇਸ ਵਾਰ ਰਾਮ ਦੁਹਾਈ ਦੇਣ ਵਾਲੀ  ਕਾਂਗਰਸ ਵਲੋਂ ਆਪਣੇ ਸੱਤਾਕਾਲ ਦੌਰਾਨ ਅਪਣਾਏ ਜਾਂਦੇ ਰਹੇ ਗਲਤ ਢੰਗ ਤਰੀਕਿਆਂ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਸਨ। ਉਸ ਤੋਂ ਬਾਅਦ ਬਿਹਾਰ ਵਿੱਚ ਲਾਲੂ ਪ੍ਰਸ਼ਾਦ ਯਾਦਵ ਦਾ ਰਾਜਸੀ ਸਫ਼ਾਇਆ ਕਰਨ ਹਿੱਤ ਨਿਤਿਸ਼ ਕੁਮਾਰ ਨਾਲ ਗਠਜੋੜ ਵੀ ਭਾਜਪਾ ਦੀਆਂ ਤਾਨਾਸ਼ਾਹੀ ਨੀਤੀਆਂ ਦੀ ਸਪਸ਼ਟ ਮਿਸਾਲ ਹੈ। ਤੇ ਗੁਜਰਾਤ ਤੋਂ ਰਾਜ ਸਭਾ ਚੋਣ ਤੋਂ ਐਨ ਪਹਿਲਾਂ ਕਾਂਗਰਸ ਦੇ ਵਿਧਾਇਕਾਂ ਦੀ ਦਲ ਬਾਦਲੀ, ਉਨ੍ਹਾਂ ਨੂੰ ‘ਖਰੀਦਣ’, ‘ਡਰਾਉਣ-ਧਮਕਾਉਣ’ ਤੇ ‘ਅਗਵਾ ਕਰਨ’ ਦੇ ਦੋਸ਼ ਨਿਰਆਧਾਰ ਨਹੀਂ ਕਹੇ ਜਾ ਸਕਦੇ। ਮੰਗਲਵਾਰ ਰਾਤੀਂ ਕਈ ਘੰਟੇ ਗੁਰਜਰਾਤ ਦੀ ਰਾਜਧਾਨੀ ਅਹਿਮਦਾਬਾਦ ਤੇ ਨਵੀਂ ਦਿੱਲੀ ਵਿੱਚ ਹੋਏ ‘ਰਾਜਸੀ ਡਰਾਮੇ’ ਦੇ ਮੁੱਖ ਟੀਵੀ ਚੈਨਲਾਂ ਤੋਂ ਲਗਾਤਾਰ ਹੁੰਦੇ ਪ੍ਰਸਾਰਨ ਦੌਰਾਨ ਜੋ ਕੁਝ ਵੇਖਣ/ਸੁਣਨ ਨੂੰ ਮਿਲਿਆ ਉਸ ਤੋਂ ਭਾਜਪਾ ਉਤੇ ਕਾਂਗਰਸ ਤੇ ਹੋਰਨਾਂ ਵਿਰੋਧੀ ਪਾਰਟੀਆਂ ਵਲੋਂ ਲਾਏ ਜਾਂਦੇ ਦੋਸ਼ਾਂ ਦੇ ਸਹੀ ਹੋਣ ਦੀ ਪੁਸ਼ਟੀ ਹੁੰਦੀ ਹੈ। ਅਹਿਮ ਗੱਲ ਇਹ ਕਿ ਇਸ ਸਾਰੇ ਮਾਮਲੇ ਵਿੱਚ ਮੋਦੀ ਦੇ ਮੰਤਰੀਆਂ ਦੀ ਫੌਜ ਵਲੋਂ ਮੰਗਲਵਾਰ ਦੇਰ ਰਾਤੀਂ ਨਵੀਂ ਦਿੱਲੀ ‘ਚ ਭਾਰਤੀ ਚੋਣ ਕਮਿਸ਼ਨ ਦੇ ਮੁੱਖ ਦਫ਼ਤਰ ਉੱਤੇ ਦੇਰ ਰਾਤੀਂ ਵਾਰ ਵਾਰ ਚੜ੍ਹਾਈ ਕਰਕੇ ਪਾਏ ਜਾਂਦੇ ਦਬਾਅ ਦੇ ਬਾਵਜੂਦ ਚੋਣ ਕਮਿਸ਼ਨ ਵਲੋਂ ਦਿੱਤਾ ਫੈਸਲਾ ਭਾਰਤੀ ਲੋਕ ਰਾਜ ਲਈ ਘੋਰ ਰਾਜਸੀ ਹਨੇਰੇ ਵਿੱਚ ਆਸ ਦੀ ਕਿਰਨ ਹੈ।
ਵੈਸੇ ਵਰ੍ਹਿਆਂ ਤੱਕ ਸੱਤਾ ‘ਚ ਰਹਿਣ ਦੌਰਾਨ ਅਪਣੇ ਲੋਕ ਵਿਰੋਧੀ ਤੇ ਤਾਨਾਸ਼ਾਹੀ ਕਾਰਨਾਮਿਆਂ ਸਦਕਾ ਹੁਣ ਸਾਹਸੱਤਹੀਣ ਹੋਈ ਤੇ ਲੱਕੋਂ ਟੁੱਟੀ ਕਾਂਗਰਸ ਦੀ ਜਿਹੜੀ ਦੁਰਗਤ ਭਾਜਪਾ ਵਾਲੇ ਕਰ ਰਹੇ ਹਨ ਰਾਹੁਲ ਢਾਣੀ ਸਮੇਤ ਸਮੁਚੀ ਲੀਡਰਸ਼ਿਪ ਉਸਦੀ ਕਿਸੇ ਹੱਦ ਤੱਕ ਹੱਕਦਾਰ ਵੀ ਹੈ। ਇਸ ਹਾਲਾਤ ਦੀ ਰੋਸ਼ਨੀ ਵਿੱਚ ਪਾਰਟੀ ਦੇ ਸੀਨੀਅਰ ਆਗੂ ਜੈ ਰਾਮ ਰਮੇਸ਼ ਵਲੋਂ ਪਾਰਟੀ ਦੀ ਅੰਦਰੂਨੀ ਤੇ ਬਾਹਰੀ ਨਲਾਇਕੀ ਬਾਰੇ ਸੋਮਵਾਰ ਨੂੰ ਦਿੱਤੇ ਧੜੱਲੇਦਾਰ ਬਿਆਨ ਕਿ ”ਸਲਤਨਤ ਖ਼ਤਮ ਹੋਣ ਦੇ ਬਾਵਜੂਦ ਸੁਲਤਾਨਾਂ ਵਾਲੀ ਮੌਜ ਵਿੱਚ ਰਹਿਣਾ/ਵਿਚਰਣਾ” ਪਾਰਟੀ ਦੇ ਮੋਹਰੀਆਂ ਵਿਸ਼ੇਸ਼ ਤੌਰ ਉੱਤੇ ਰਾਹੁਲ ਗਾਂਧੀ ਤੇ ਉਸਦੀ ਬਚਗਾਨਾ ਰਣਨੀਤੀ ਲਈ ਮਹਿਜ਼ ਬਿਆਨਬਾਜ਼ੀ ਕਰਦੇ ਰਹਿਣ ਦੀ ਬਜਾਏ ਅਮਲੀ ਤੌਰ ਉੱਤੇ ਕੁਝ ਕਰਨ/ਮਰਨ ਦਾ ਸੁਨੇਹਾ ਹੈ।
ਬੁੱਧਵਾਰ ਵੱਡੇ ਤੜਕੇ ਨਤੀਜੇ ਆਉਣ ਬਾਅਦ ਅਹਿਮਦ ਪਟੇਲ ਵਲੋਂ ‘ਸਤਿਯਮੇਵ ਜੈਯਤੇ’ ਸ਼ਬਦਾਂ ਨਾਲ ਪ੍ਰਗਟਾਇਆ ਪ੍ਰਤੀਕਰਮ ਹਿੰਦੂਤਵ ਦੇ ਝੰਡਾਬਰਦਾਰ ਨਰਿੰਦਰ ਮੋਦੀ ਤੇ ਉਸ ਦੇ ਜਰਨੈਲ ਅਮਿਤ ਸ਼ਾਹ ਨੂੰ ਉਨ੍ਹਾਂ ਦੇ ਹੀ ਧਾਰਮਿਕ ਲਹਿਜ਼ੇ ‘ਚ ਜਿੱਚ ਕਰਨ ਵਾਲਾ ਬੜਾਂ ਢੁਕਵਾਂ ਤੇ ਮੂੰਹ ਤੋੜਵਾਂ ਉੱਤਰ ਹੈ।
ਨਿਰਸੰਦੇਹ ਇਹ ਨਤੀਜਾ ਦਿਨੋਂ ਦਿਨ ਖੇਰੂੰ ਖੇਰੂੰ ਹੋ ਰਹੀ ਕਾਂਗਰਸ ਪਾਰਟੀ ਲਈ ਰਾਜਸੀ ਪੱਖੋਂ ਬਹੁਤਾ ਠੁੰਮਣਾ ਦੇਣ ਵਾਲ ਨਹੀਂ। ਨਾ ਹੀ ਸਾਹ ਸੱਤ ਹੋਈ ਵਿਰੋਧੀ ਧਿਰ ਲਈ ਸਿੱਧੇ ਰੂਪ ‘ਚ ਕੋਈ ਲੋਕ ਹੁੰਗਾਰਾ ਕਿਹਾ ਜਾ ਸਕਦੈ। ਪਰ ਇਹ ਅਜਿਹੀ ਨੈਤਿਕ ਜਿੱਤ ਹੈ ਜਿਹੜੀ ਭੂਤਰੇ ਹੋਏ ਹਿੰਦੂਤਵੀਆਂ ਅਨਸਰਾਂ ਦੇ ਭਾਰਤ ਦੇ ਠੀਕ ਸੋਚਣੀ ਵਾਲੇ ਅਗਾਂਹਵਧੂ ਲੋਕਾਂ ਖ਼ਾਸ ਕਰ ਮੁਸਲਮਾਨਾਂ, ਦਲਿਤਾਂ ਅਤੇ ਹੋਰਨਾਂ ਘੱਟ ਗਿਣਤੀਆਂ ਵਿਰੁਧ ‘ਜਨੂੰਨੀ ਅਤੇ ਧੱਕੇਸ਼ਾਹੀ’ ਵਾਲੇ ਮਨਸੂਬਿਆਂ ਅੱਗੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ। ਇਹ ਸੁਨੇਹਾ ਵੀ ਲੁਕਿਆ ਹੋਇਆ ਹੈ ਕਿ ‘ਅੱਤ ਦੀ ਆਦੁਰਗਤ’ ਹੋਇਆ ਕਰਦੀ ਹੈ… ਹੋਣੀ ਤੇ ਕਰਨੀ ਵੀ ਚਾਹੀਦੀ ਹੈ।