‘ਦੀ ਬਲੈਕ ਪ੍ਰਿੰਸ’ ਫਿਲਮ ਦਾ ਇਤਿਹਾਸਕ ਤੇ ਵਰਤਮਾਨ ਪ੍ਰਸੰਗ

‘ਦੀ ਬਲੈਕ ਪ੍ਰਿੰਸ’ ਫਿਲਮ ਦਾ ਇਤਿਹਾਸਕ ਤੇ ਵਰਤਮਾਨ ਪ੍ਰਸੰਗ

ਮਹਿਮਾਨ ਸੰਪਾਦਕੀ :ਅਜਮੇਰ ਸਿਘ
ਉੱਘੇ ਇਤਾਲਵੀ ਕੂਟ-ਨੀਤੀਵਾਨ ਮਕਿਆਵਲੀ ਨੇ ਸੋਲ੍ਹਵੀਂ ਸਦੀ (1532 ਈਸਵੀ) ਵਿਚ ਲਿਖੀ ਆਪਣੀ ਟਕਸਾਲੀ ਰਚਨਾ ‘ਦੀ ਪ੍ਰਿੰਸ’ ਅੰਦਰ ਰਾਜਸੀ ਸੱਤਾ ਦੇ ਖਿਡਾਰੀਆਂ ਨੂੰ ਇਹ ਸਖ਼ਤ ਤਾਕੀਦ ਕੀਤੀ ਸੀ, ਕਿ ਫ਼ੌਜੀ ਤਾਕਤ ਦੇ ਬਲਬੂਤੇ ਜਾਂ ਫਰੇਬ ਨਾਲ ਕਿਸੇ ਹੁਕਮਰਾਨ ਕੋਲੋਂ ਸੱਤਾ ਹਥਿਆ ਲੈਣ ਤੋਂ ਬਾਅਦ ਇਹ ਜ਼ਰੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ ਕਿ ਸੱਤਾ ਤੋਂ ਲਾਂਭੇ ਕੀਤੇ ਹੁਕਮਰਾਨ ਤੇ ਉਸ ਦੇ ਕਿਸੇ ਵੀ ਵਾਰਸ ਨੂੰ ਜਿਉਂਦਾ ਨਹੀਂ ਛੱਡਣਾ ਚਾਹੀਦਾ-ਕਿਉਂਕਿ ਹਾਰੇ ਹੋਏ ਸ਼ਾਹੀ ਖਾਨਦਾਨ ਦੇ ਜੀਆਂ ਦੇ ਮਨਾਂ ਅੰਦਰ ਹਾਰ ਦੀ ਨਮੋਸ਼ੀ ਦੀ ਚੀਸ ਅਤੇ ਮੁੜ ਰਾਜ ਹਥਿਆਉਣ ਦੀ ਬੇਕਾਬੂ ਖ਼ਾਹਸ਼ ਕਦੇ ਵੀ ਮਰਦੀ ਨਹੀਂ। ਇਸ ਦੇ ਲਈ ਉਹ ਹਮੇਸ਼ਾ ਢੁਕਵੇਂ ਮੌਕੇ ਦੀ ਤਾਕ ਵਿਚ ਰਹਿੰਦੇ ਹਨ। ਜਿਸ ਕਰਕੇ ਉਨ੍ਹਾਂ ਵੱਲੋਂ ਕਦੇ ਵੀ ਅਵੇਸਲੇ ਨਹੀਂ ਹੋਣਾ ਚਾਹੀਦਾ। ਬਰਤਾਨਵੀ ਸਾਮਰਾਜੀਆਂ ਨੇ 1849 ਈਸਵੀ ਵਿਚ ਸਿੱਖਾਂ ਕੋਲੋਂ ਧੋਖੇ ਤੇ ਮੱਕਾਰੀ ਨਾਲ ਲਾਹੌਰ ਦਾ ਤਖ਼ਤ ਹਥਿਆ ਲੈਣ ਤੋਂ ਬਾਅਦ ਆਪਣੇ ਕੂਟਨੀਤਕ ਉਸਤਾਦ ਮਕਿਆਵਲੀ (ਜਿਸ ਨੂੰ ਠੀਕ ਹੀ ਪੱਛਮ ਦਾ ‘ਚਾਣਕਯ’ ਕਿਹਾ/ਮੰਨਿਆ ਜਾਂਦਾ ਹੈ) ਦੀ ਉਪਰੋਕਤ ਸਿੱਖਿਆ ਉਤੇ ਅਮਲ ਕਰਨ ਵਿਚ ਆਪਣੇ ਵੱਲੋਂ ਕੋਈ ਉਕਾਈ ਨਹੀਂ ਵਰਤੀ ਸੀ। ਉਨ੍ਹਾਂ ਨੇ ਮੱਕਾਰੀ ਭਰੀਆਂ ਕੂਟਨੀਤਕ ਚਾਲਾਂ ਦੇ ਜ਼ਰੀਏ ਜਿੱਥੇ ਲਾਹੌਰ ਦਰਬਾਰ ਦੇ ਅੰਦਰ ਖ਼ਾਨਾਜੰਗੀ ਭੜਕਾਉਣ ਅਤੇ ਇਸ ਤਰੀਕੇ ਨਾਲ ਸਿੱਖਾਂ ਦੇ ਬਹੁਤ ਸਾਰੇ ਆਗੂਆਂ ਨੂੰ ਇਕ ਦੂਜੇ ਦੇ ਹੱਥੋਂ ਕਤਲ ਕਰਵਾ ਕੇ, ਉਨ੍ਹਾਂ ਨੂੰ ਆਪਣੇ ਰਾਹ ਵਿਚੋਂ ਲਾਂਭੇ ਕਰ ਦੇਣ ਵਿਚ ਪੂਰੀ ਕਾਮਯਾਬੀ ਹਾਸਲ ਕਰ ਲਈ ਸੀ, ਉਥੇ ਇਸ ਬੰਦੇ-ਖਾਣੀ ਖ਼ਖੇਡ ਵਿਚੋਂ ਜਿਉਂਦੇ ਬਚੇ ਸ਼ੇਰ-ਏ-ਪੰਜਾਬ ਦੇ ਇਕੋ-ਇਕ ਸਪੁੱਤਰ ਬਾਲਕ ਦਲੀਪ ਸਿੰਘ ਨੂੰ ਜਾਨੋਂ ਮਾਰਨ ਦਾ ਜ਼ੋਖ਼ਮ ਉਠਾਉਣਾ ਤਾਂ ਠੀਕ ਨਾ ਸਮਝਿਆ, ਕਿਉਂਕਿ ਇਸ ਨਾਲ ਸਿੱਖਾਂ ਅੰਦਰ ਤੁਰੰਤ ਰੋਹ ਭੜਕ ਪੈਣ ਦਾ ਡਰ ਸੀ। ਪਰ ਮਕਿਆਵਲੀ ਦੇ ਯੋਗ ਸ਼ਗਿਰਦਾਂ ਨੇ ਇਸ ਸੰਭਾਵਿਤ ਖ਼ਤਰੇ ਤੋਂ ਸੁਰਖ਼ੁਰੂ ਹੋਣ ਲਈ ਇਕ ਸ਼ਾਤਰ, ਅਤੇ ਪੁੱਜ ਕੇ ਘਿਨਾਉਣੀ, ਕੂਟਨੀਤਕ ਤਰਕੀਬ ਵਰਤੀ। ਉਨ੍ਹਾਂ ਨੇ ਪੰਜਾਂ ਸਾਲਾਂ ਦੇ ਮਾਸੂਮ ਬਾਲਕ ਨੂੰ ਆਪਣੀ ਰੋਂਦੀ ਕੁਰਲਾਉਂਦੀ ਮਾਂ ਦੀ ਗੋਦੀ ‘ਚੋਂ ਖੋਹ ਕੇ, ਉਸ ਨੂੰ ਆਪਣੀ ਮਾਂ ਅਤੇ ਆਪਣੇ ਪੁਰਖਿਆਂ ਦੀ ਸਰਜ਼ਮੀਨ ਤੇ ਸ਼ੇਰ-ਏ-ਪੰਜਾਬ ਪ੍ਰਤੀ ਮੁਹੱਬਤ ਦੇ ਜਜ਼ਬੇ ਨਾਲ ਭਰੇ ਆਪਣੇ ਲੋਕਾਂ ਤੋਂ ਸੱਤ ਸਮੁੰਦਰੋਂ ਦੂਰ ਲਿਜਾ ਕੇ, ਉਸ ਦੀ ਪਿਛਲੀ ਯਾਦਾਸ਼ਤ ਭੁਲਾ ਦੇਣ ਅਤੇ ਉਸ ਨੂੰ ਆਪਣੇ ਮਨਚਾਹੇ ਸਾਂਚੇ ਵਿਚ ਢਾਲ ਲੈਣ ਦੀ ਨਿਪੁੰਨ ਚਾਲ ਅਜ਼ਮਾਈ, ਤਾਂ ਜੋ ਉਸ ਅੰਦਰ ਆਪਣਾ ਖੋਹਿਆ ਹੋਇਆ ਰਾਜ ਹਾਸਲ ਕਰਨ ਦੀ ਰੀਝ ਤੇ ਤੜਪ ਹਮੇਸ਼ਾ ਲਈ ਖ਼ਤਮ ਹੋ ਜਾਵੇ।
ਇਨੀਂ ਦਿਨੀਂ ਦੇਸ਼ ਵਿਦੇਸ਼ ਦੇ ਸਿੱਖ ਭਾਈਚਾਰੇ ਤੇ ਦੁਨੀਆਂ ਭਰ ਦੇ ਫ਼ਿਲਮੀ ਹਲਕਿਆਂ ਅੰਦਰ ਤਿੱਖੀ ਦਿਲਚਸਪੀ ਤੇ ਚਰਚਾ ਦਾ ਵਿਸ਼ਾ ਬਣੀ ਫ਼ਿਲਮ ‘ਦੀ ਬਲੈਕ ਪ੍ਰਿੰਸ’ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਦੀ ਇਸੇ ਤਰਾਸਦਿਕ ਵਿਥਿਆ ਦਾ ਕਲਾਤਮਿਕ ਵਰਨਣ ਹੈ। ਭਰਪੂਰ ਲਗਨ, ਸ਼ਿੱਦਤ, ਜਜ਼ਬੇ ਤੇ ਕਲਾਤਮਿਕ ਪੁਖ਼ਤਗ਼ੀ ਨਾਲ ਬਣਾਈ ਇਹ ਫਿਲਮ ਦਰਸ਼ਕਾਂ ਨੂੰ ਇਤਿਹਾਸ ਦੇ ਉਨ੍ਹਾਂ ਭਾਵਪੂਰਤ ਤੇ ਉਦਾਸ ਪਲਾਂ ਨਾਲ ਜੋੜ ਦਿੰਦੀ ਹੈ, ਜਦੋਂ ਸਿੰਘਾਂ ਦੇ ਸਦੀ ਭਰ ਲੰਮੇ ਲਹੂ-ਵੀਟਵੇਂ ਸੰਘਰਸ਼ ਅਤੇ ਬੇਸ਼ੁਮਾਰ ਕੁਰਬਾਨੀਆਂ ਤੋਂ ਬਾਅਦ ਕਾਇਮ ਕੀਤਾ ਗਿਆ ਖ਼ਾਲਸਾ ਰਾਜ ਤੀਲਾ ਤੀਲਾ ਹੋ ਕੇ ਬਿਖ਼ਰ ਗਿਆ ਸੀ ਅਤੇ ਲਾਹੌਰ ਤਖ਼ਤ ਦਾ ਹੱਕੀ ਵਾਰਸ ਦਲੀਪ ਸਿੰਘ, ਇੰਗਲੈਂਡ ਅੰਦਰ ਦਿਲ-ਫਰੇਬ ਫ਼ਰੰਗੀਆਂ ਦੀਆਂ ਕੂਟ ਚਾਲਾਂ ਵਿਚ ਘਿਰਿਆ ਆਪਣੇ ਧਰਮ, ਸਭਿਆਚਾਰ, ਇਤਿਹਾਸ ਤੇ ਵਿਰਸੇ ਨੂੰ ਪੂਰੀ ਤਰ੍ਹਾਂ ਭੁਲ-ਭੁਲਾ ਚੁੱਕਾ ਸੀ। ਉਹ ਆਪਣੀ ਇਤਿਹਾਸਕ ਜਿੰਮੇਵਾਰੀ ਤੋਂ ਬੇਖ਼ਬਰ, ਇੰਗਲੈਂਡ ਅੰਦਰ ਸਿੱਖ ਰਾਜ ਦੇ ਵੈਰੀਆਂ ਦੀ ਸੰਗਤ ਵਿਚ ਵਿਲਾਸਮਈ ਜੀਵਨ ਬਤੀਤ ਕਰ ਰਿਹਾ ਸੀ।
ਪਰ ਫਿਰ ਵਾਹਿਗੁਰੂ ਦੀ ਕਿਰਪਾ ਨਾਲ ਅਜਿਹੇ ਸਾਧਨ ਬਣੇ ਕਿ ਨੌਜਵਾਨ ਦਲੀਪ ਸਿੰਘ ਦੇ ਚੇਤੇ ਅੰਦਰ ਪੁਰਾਣੀਆਂ ਯਾਦਾਂ ਮੁੜ ਹਰੀਆਂ ਹੋ ਗਈਆਂ। ਉਸ ਦੇ ਹਿਰਦੇ ਅੰਦਰ ਆਪਣੀ ਮਾਂ (ਮਹਾਰਾਣੀ ਜਿੰਦਾਂ) ਨੂੰ ਮਿਲਣ ਦੀ ਅਮੋੜ ਇੱਛਾ ਜਾਗ ਪਈ ਅਤੇ ਫਰੰਗੀਆਂ ਦੇ ਲੱਖ ਮਨ੍ਹਾਂ ਕਰਨ ਦੇ ਬਾਵਜੂਦ ਉਹ ਆਪਣੀ ਮਾਂ ਨੂੰ ਮਿਲਣ ਤੇ ਉਸ ਨੂੰ ਆਪਣੇ ਨਾਲ ਹੀ ਇੰਗਲੈਂਡ ਲੈ ਜਾਣ ਵਿਚ ਸਫ਼ਲ ਹੋ ਗਿਆ, ਭਾਵੇਂ ਕਿ ਦਿਲ-ਕਾਲੇ ਫਰੰਗੀਆਂ ਵੱਲੋਂ ਲਾਈਆਂ ਰੋਕਾਂ ਕਰਕੇ ਉਸ ਨੂੰ ਪੰਜਾਬ ਦੀ ਸਰਜ਼ਮੀਨ ਉਪਰ ਪੈਰ ਪਾਉਣੇ ਨਸੀਬ ਨਾ ਹੋ ਸਕੇ ਅਤੇ 13 ਸਾਲਾਂ ਦੇ ਹੋਣੀਆਂ ਭਰਪੂਰ ਵਕਫ਼ੇ ਤੋਂ ਬਾਅਦ ਮਾਂ ਨਾਲ ਮਿਲਣ ਦੀ ਸਧਰ ਕਲਕੱਤਾ ਵਿਖੇ ਹੀ ਪੂਰੀ ਕਰਨੀ ਪਈ ਸੀ। ਮਾਂ ਨੇ ਉਸ ਨੂੰ ਫਰੰਗੀਆਂ ਦੇ ਝੂਠ, ਫਰੇਬ, ਘਿਨਾਉਣੇ ਜ਼ੁਲਮਾਂ ਤੇ ਕਮੀਨਗ਼ੀਆਂ ਦੀ ਸਾਰੀ ਦਾਸਤਾਂ ਸੁਣਾਈ ਅਤੇ ਉਸ ਦੀਆਂ ਰਗਾਂ ਅੰਦਰ ਦੌੜਦੇ ਸ਼ੇਰ-ਏ-ਪੰਜਾਬ ਦੇ ਖ਼ੂਨ ਦੇ ਵਾਸਤੇ ਪਾ ਕੇ, ਉਸ ਨੂੰ ਆਪਣੀ ਇਤਿਹਾਸਕ ਜਿੰਮੇਵਾਰੀ ਦੀ ਪਛਾਣ ਕਰਨ ਲਈ ਉਤੇਜਿਤ ਕੀਤਾ। ਇਸ ਤਰ੍ਹਾਂ ਉਸ ਦੇ ਹਿਰਦੇ ਅੰਦਰ, ਫਰੰਗੀਆਂ ਵੱਲੋਂ ਬਲ ਨਾਲੋਂ ਜ਼ਿਆਦਾ ਛਲ ਨਾਲ ਹਥਿਆਏ ਤੇ ਉਜਾੜੇ ਗਏ ਖ਼ਾਲਸਾ ਰਾਜ ਪ੍ਰਤੀ ਮੋਹ ਜਾਗ ਪਿਆ, ਅਤੇ ਖੋਹੇ ਗਏ ਰਾਜ ਨੂੰ ਮੁੜ ਹਾਸਲ ਕਰਨ ਦੀ ਖ਼ਾਹਸ਼ ਤੇ ਰੀਝ ਅੰਗੜਾਈ ਲੈ ਉਠੀ। ਇਸ ਤਰ੍ਹਾਂ ਵਿਲਾਸਮਈ ਜੀਵਨ ਨੂੰ ਅਲਵਿਦਾ ਕਹਿ ਕੇ, ਸ਼ੇਰ-ਏ-ਪੰਜਾਬ ਦੇ ਸਪੁੱਤਰ ਨੇ ਆਪਣੇ ਪੁਰਖਿਆਂ ਕੋਲੋਂ ਪ੍ਰੇਰਨਾ ਲੈ ਕੇ ਖ਼ਤਰਿਆਂ ਨਾਲ ਖੇਡਣ ਦਾ ਫੈਸਲਾ ਕਰ ਲਿਆ। ਉਸ ਨੇ ਮੁੜ ਰਾਜ ਹਾਸਲ ਕਰਨ ਲਈ ਪੁਖ਼ਤਾ ਰਣਨੀਤੀ ਤਿਆਰ ਕੀਤੀ, ਪੰਜਾਬ ਅੰਦਰ ਸਿੱਖ ਰਾਜ ਦੀ ਆਰਜੂ ਰੱਖਣ ਵਾਲੇ ਪਤਵੰਤਿਆਂ (ਸਿੱਖ ਸਰਦਾਰਾਂ) ਨਾਲ ਗੁਪਤ ਰਾਬਤਾ ਕਾਇਮ ਕੀਤਾ, ਯੂਰਪ ਤੇ ਏਸ਼ੀਆ ਦੇ ਅੰਗਰੇਜ਼ਾਂ ਨਾਲ ਦੁਸ਼ਮਣੀ ਰੱਖਣ ਵਾਲੇ ਹੁਕਮਰਾਨਾਂ ਦੀ ਮੱਦਦ ਲੈਣ ਲਈ ਕੂਟਨੀਤਕ ਚਾਰਾਜ਼ੋਈ ਕੀਤੀ, ਅਤੇ ਦੁਸ਼ਮਣ ਉਤੇ ਢੁਕਵੇਂ ਸਮੇਂ ਕਰਾਰੀ ਸੱਟ ਮਾਰਨ ਲਈ ਜਾਨ-ਹੂਲਵੀਆਂ ਤਿਆਰੀਆਂ ਵਿਚ ਜੁਟ ਗਿਆ। ਪਰ ਉਸ ਦੇ ਭਾਗਾਂ ਵਿਚ ਜਿੱਤ ਨਹੀਂ ਲਿਖੀ ਹੋਈ ਸੀ। ਦੁਸ਼ਮਣ ਦੇ ਚੁਕੰਨੇ ਹੋ ਜਾਣ ਅਤੇ ਕੁੱਝ ਆਪਣਿਆਂ ਦੀਆਂ ਗ਼ਦਾਰੀਆਂ ਕਾਰਨ ਮਹਾਰਾਜਾ ਦਲੀਪ ਸਿੰਘ ਦੇ ਸਾਰੇ ਯਤਨ ਨਾਕਾਮ ਹੋ ਗਏ। ਹਾਰ, ਬੇਉਮੀਦੀ ਤੇ ਬੇਵਸੀ ਨੇ ਦਲੀਪ ਸਿੰਘ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ ਅਤੇ ਅੰਤ ਵਿਚ ਉਹ ਪੈਰਿਸ ਦੇ ਇਕ ਹੋਟਲ ਵਿਚ ਗਰੀਬੀ ਤੇ ਬੀਮਾਰੀ ਨਾਲ ਜੂਝਦਾ ਹੋਇਆ, ‘ਮਹਾਰਾਜਾ’ ਬਣਨ ਦੀ ਸਧਰ ਮਨ ਅੰਦਰ ਲੈ ਕੇ ਇਸ ਜਹਾਨ ਨੂੰ ਸਦੀਵੀ ਅਲਵਿਦਾ ਕਹਿ ਗਿਆ। ਇਸ ਨੂੰ ਫ਼ਿਲਮ ਦੀ ਕਾਮਯਾਬੀ ਕਹਿ ਲਓ ਜਾਂ ਖੂਬਸੂਰਤੀ, ਕਿ ਬਦਨਸੀਬ ਮਹਾਰਾਜੇ ਦੇ ਜੀਵਨ ਤੇ ਫਿਲਮ ਦਾ ਅੰਤ ਏਨਾ ਨਿਰਾਸ਼ਾਜਨਕ ਹੋਣ ਦੇ ਬਾਵਜੂਦ, ਫ਼ਿਲਮ ਦਰਸ਼ਕਾਂ ਦੇ ਮਨਾਂ ਉਤੇ ਜਿੱਥੇ ਉਦਾਸੀ ਦਾ ਹਲਕਾ ਜਿਹਾ ਪਰਭਾਵ ਛੱਡਦੀ ਹੈ, ਉਥੇ ਨਾਲ ਹੀ ਇਹ ਉਨ੍ਹਾਂ ਦੇ ਮਨਾਂ ਅੰਦਰ ਸਿੱਖ ਰਾਜ ਪ੍ਰਤੀ ਮੋਹ ਦਾ ਤੀਬਰ ਵਲਵਲਾ ਵੀ ਪੈਦਾ ਹੁੰਦਾ ਹੈ। ਫਿਲਮ ਨੂੰ ਵੇਖ ਕੇ ਸਿੱਖ ਦਰਸ਼ਕਾਂ ਦੇ ਮਨਾਂ ਅੰਦਰ ਆਪਣੇ ਖੁੱਸੇ ਹੋਏ ਜਾਂ ਖੋਹੇ ਗਏ ਰਾਜ ਦਾ ਹੇਰਵਾ ਅਤੇ ਇਸ ਨੂੰ ਮੁੜ ਹਾਸਲ ਕਰਨ ਦੀ ਅਮੋੜ ਖ਼ਾਹਸ਼ ਪੈਦਾ ਹੁੰਦੀ ਹੈ। ਉਹ ਫਿਲਮ ਨੂੰ ਸਿਰਫ਼ ਇਤਿਹਾਸਕ ਦ੍ਰਿਸ਼ਟੀ ਤੋਂ ਨਹੀਂ ਵੇਖਦੇ, ਸੁਤੇ ਸਿੱਧ ਹੀ ਇਸ ਦੀਆਂ ਤਾਰਾਂ ਵਰਤਮਾਨ ਨਾਲ ਜੁੜ ਜਾਂਦੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਇਹ ਸਾਫ਼ ਪਤਾ ਚੱਲ ਜਾਂਦਾ ਹੈ ਕਿ ਦੁਨਿਆਵੀ ਸਰੋਕਾਰਾਂ ਨੂੰ ਮੁੱਖ ਰੱਖਣ ਵਾਲੇ ਸਾਰੇ ਹੁਕਮਰਾਨ ਵਰਗਾਂ ਤੇ ਰਾਜਾਂ ਦਾ ਮੂਲ ਖ਼ਾਸਾ ਇਕੋ ਜਿਹਾ ਹੀ ਹੁੰਦਾ ਹੈ। ਉਹ ਮਕਿਆਵਲੀ ਤੋਂ ਪ੍ਰੇਰਨਾ ਲੈਣ ਭਾਵੇਂ ਚਾਣਕਯ ਕੋਲੋਂ, ਸਦੀ ਉਨ੍ਹੀਵੀਂ ਹੋਵੇ ਜਾਂ ਇਕੀਵੀਂ, ਰਾਜ ਦਾ ਸਰੂਪ ਇੱਕਪੁਰਖਾਸ਼ਾਹੀ (ਮੋਨਾਰਕੀ) ਹੋਵੇ ਜਾਂ ਲੋਕਤੰਤਰੀ, ਉਹ ਮੁੱਖ ਤੌਰ ‘ਤੇ ਝੂਠ, ਫਰੇਬ, ਧੋਖਾਧੜੀ ਤੇ ਹਕੂਮਤੀ ਬਲ ਤੇ ਦਹਿਸ਼ਤ ਦੇ ਆਸਰੇ ਰਾਜ ਕਰਦੇ ਹਨ। ਉਹ ਸਾਰੇ ਇੱਕੋ ਜਿੰਨੇ ਕਪਟੀ ਤੇ ਅੱਤਿਆਚਾਰੀ ਹੁੰਦੇ ਹਨ। ਇਸ ਕਰੂਰ ਸਚਾਈ ਨੂੰ ਸਿੱਖ ਕੌਮ ਨੇ ਪੰਜ ਸਦੀਆਂ ਤੋਂ ਆਪਣੇ ਪਿੰਡੇ ਉਤੇ ਹੰਢਾਇਆ ਹੈ। ਹੁਕਮਰਾਨ ਮੁਗ਼ਹੋਣ, ਬਰਤਾਨਵੀ ਹੋਣ ਤੇ ਭਾਵੇਂ ਹਿੰਦੂ-ਬ੍ਰਾਹਮਣਵਾਦੀ ਹੋਣ, ਸਿੱਖਾਂ ਨਾਲ ਕਿਸੇ ਨੇ ੁਤੇ ਖੜ੍ਹੇ ਸਾਰੇ ਹੀ ਰਾਜਾਂ ਤੇ ਸਮਾਜਾਂ ਅੰਦਰ ਇਕੋ ਜਿੰਨੀ ਜਲਣ ਤੇ ਭੈਅ ਪੈਦਾ ਕਰਦੀ ਹੈ।
ਫਿਲਮ ਕੋਲੋਂ ਦੂਜੀ ਅਹਿਮ ਸਿੱਖਿਆ ਇਹ ਮਿਲਦੀ ਹੈ, ਕਿ ਜਿੰਨਾ ਚਿਰ ਸਿੱਖ ਕੌਮ ਅੰਦਰ ਰੂਹਾਨੀਅਤ ਦਾ ਜਜ਼ਬਾ ਪ੍ਰਫੁਲਤ ਨਹੀਂ ਹੁੰਦਾ, ਅਰਥਾਤ ਜਿੰਨਾ ਚਿਰ ਸਿੱਖਾਂ ਦੇ ਸੰਘਰਸ਼ ਨੂੰ ਗੁਰੂ ਸਾਹਿਬਾਨ ਵੱਲੋਂ ਨਿਰਧਾਰਤ ਕੀਤੇ ਉਚੇਰੇ ਰੂਹਾਨੀ ਆਦਰਸ਼ਾਂ ਦੀ ਪਾਣ ਨਹੀਂ ਚਾੜ੍ਹੀ ਜਾਂਦੀ, ਉਨਾ ਚਿਰ ਕੌਮੀ ਗ਼ਦਾਰੀਆਂ ਦੇ ਨਾਮੁਰਾਦ ਵਰਤਾਰੇ ਤੋਂ ਪੂਰਨ ਨਿਜ਼ਾਤ ਨਹੀਂ ਮਿਲ ਸਕਦੀ। ਪਿਛਲੀ ਅੱਧੀ ਸਦੀ ਦਾ ਅਮਲ ਇਸ ਉਦਾਸ ਤੱਥ ਦੀ ਕਰੂਰ ਪੁਸ਼ਟੀ ਕਰਦਾ ਹੈ। ਕੌਮੀ ਗ਼ਦਾਰੀਆਂ ਤੋਂ ਇਲਾਵਾ, ਸਿੱਖ ਆਗੂਆਂ ਦੀਆਂ ਨਲਾਇਕੀਆਂ ਤੇ ਕਮਜ਼ੋਰੀਆਂ ਵੀ ਕੌਮੀ ਦੁਖਾਂਤ ਪੈਦਾ ਕਰਨ ਵਿਚ ਵੱਡਾ ਹਿੱਸਾ ਪਾਉਂਦੀਆਂ ਹਨ। ਅੱਜ ਸਿੱਖ ਕੌਮ ਦੀ ਜਿੰਨੀ ਦੁਰਦਸ਼ਾ ਹੋ ਰਹੀ ਹੈ, ਉਸ ਦਾ ਇਕ ਵੱਡਾ ਕਾਰਨ ਇਹ ਵੀ ਹੈ। ਇਤਿਹਾਸ ਦੇ ਕੁੱਝ ਮੋੜ ਅਜਿਹੇ ਵੀ ਆਉਂਦੇ ਹਨ ਜਦੋਂ ਆਗੂਆਂ ਦੀ ਨਲਾਇਕੀ ਗ਼ਦਾਰੀ ਜਿੰਨੀ ਹੀ ਤਬਾਹਕੁੰਨ ਹੋ ਨਿਬੜਦੀ ਹੈ। ਇਹ ਅਜੋਕੇ ਸਮੇਂ ਦਾ ਕੌੜਾ ਸੱਚ ਹੈ। ਫਿਲਮ ‘ਦੀ ਬਲੈਕ ਪ੍ਰਿੰਸ’ ਸਿੱਖਾਂ ਨੂੰ ਜਿੱਥੇ ਆਪਣੇ ਇਤਿਹਾਸ ਬਾਰੇ ਜਾਗਰੂਕ ਕਰਦੀ ਹੈ, ਉਥੇ ਨਾਲੋ-ਨਾਲ ਉਨ੍ਹਾਂ ਨੂੰ ਅੰਤਰੀਵ ਤੌਰ ‘ਤੇ ਆਪਣੀ ਸਮਕਾਲੀ ਦੁਰਦਸ਼ਾ ਬਾਰੇ ਵੀ ਝੰਜੋੜਦੀ ਹੈ।