ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ ਵੋਹ ਕਮ ਹੈ

ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ ਵੋਹ ਕਮ ਹੈ

ਨਿਸ਼ਾਨ ਸਿੰਘ
ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ।
ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ ਵੋਹ ਕਮ ਹੈ।
ਹਰਚੰਦ ਮਿਰੇ ਹਾਥ ਮੇਂ ਪੁਰ ਜੌਰ ਕਲਮ ਹੈ,
ਸਤਿਗੁਰ ਕੇ ਲਿਖੂੰ ਵਸਫ ਕਹਾਂ ਤਾਬਿ ਰਕਮ ਹੈ।
ਇਕ ਆਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ,
ਸਾਹਿਲ ਕੋ ਯਾ ਮੰਝਧਾਰ ਕੋ, ਜਾ ਲਹਿਰ ਕੋ ਦੇਖੇ ।
-ਯੋਗੀ ਅੱਲਾ ਯਾਰ ਖਾਂ
ਸੰਮਤ 1723 ਬਿਕ੍ਰਮੀ 1718 ਪੋਹ ਸ਼ਨੀਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਡੇਢ ਪਹਿਰ ਬਾਕੀ ਸੀ ਕਿ ਪਟਨੇ ਸ਼ਹਿਰ ਬਿਹਾਰ, ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਪੁੱਤਰ ਪੈਦਾ ਹੋਇਆ, ਜਿਸ ਦਾ ਨਾਮ ਗੋਬਿੰਦ ਰੱਖਿਆ ਗਿਆ। ਉਸ ਵੇਲੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੋਧਪੁਰ ਦੇ ਰਾਜੇ ਦੇ ਨਾਲ ਬੰਗਾਲ ਵੱਲ ਗਏ ਸਨ। ਆਪ ਜੀ ਨੂੰ ਆਪਣੇ ਗ੍ਰਹਿ ਵਿਖੇ ਹੋਏ ਸਪੁੱਤਰ ਦਾ ਪਤਾ ਉਸੇ ਜਗ੍ਹਾ ‘ਤੇ ਹੀ ਲੱਗਾ। ਜਿਵੇਂ ਕੇ ਗੋਬਿੰਦ ਰਾਇ ਦੇ ਜਨਮ ਨਾਲ ਕਈ ਸਿੱਖਾਂ ਨੇ ਕਰਾਮਾਤੀ ਸਾਖੀਆਂ ਵੀ ਜੋੜੀਆਂ ਹਨ, ਉਨ੍ਹਾਂ ਵਿੱਚ ਬਹੁਤੀ ਸਚਾਈ ਨਹੀਂ ਭਾਸਦੀ, ਇਸ ਲਈ ਉਨ੍ਹਾਂ ਕਰਾਮਾਤਾਂ ਦੇ ਵਰਨਣ ਦੀ ਖਾਸ ਲੋੜ ਨਹੀਂ। ਗੁਰੂ ਗੋਬਿੰਦ ਸਿੰਘ ਜੀ ਜਦੋਂ ਥੋੜ੍ਹੇ ਵੱਡੇ ਹੋਏ ਤਾਂ ਆਪਣੇ ਹਾਣ ਦੇ ਹਾਣੀਆਂ ਨਾਲ ਅਥਾਹ ਪਿਆਰ ਪਿਆ। ਆਪ ਆਪਣੇ ਹਾਣੀਆਂ ਨਾਲ ਟੋਲੀਆਂ ਬਣਾ ਕੇ ਬਾਕਾਇਦਾ ਜੰਗ ਕਰਵਾਉਂਦੇ। ਆਪ ਜੀ ਨੂੰ ਨਿਸ਼ਾਨੇ ਲਾਉਣ ਦਾ ਬਹੁਤ ਸ਼ੌਕ ਸੀ। ਛੋਟੀ ਉਮਰ ਤੋਂ ਹੀ ਆਪ ਬਹੁਤ ਨਿਡਰ ਸਨ।
ਆਪ ਜੀ ਦੇ ਬਹਾਦਰੀ ਦੇ ਛੋਟੀ ਉਮਰੇ ਕਿੱਸੇ ਬੇਅੰਤ ਹਨ ਪਰ ਪਾਠਕਾਂ ਨਾਲ ਸੰਖੇਪ ਵਿਚਾਰ ਰੱਖਦੇ ਹਾਂ। ਇਕ ਦਿਨ ਆਪ ਆਪਣੇ ਹਾਣੀਆਂ ਨਾਲ ਖੇਡ ਰਹੇ ਸਨ, ਉਸੇ ਪਾਸਿਓਂ ਪਟਨਾ ਦੇ ਨਵਾਬ ਦੀ ਸਵਾਰੀ ਗੁਜ਼ਰੀ। ਚੋਬਦਾਰ ਨੇ ਮੁੰਡਿਆਂ ਨੂੰ ਕਿਹਾ ਨਵਾਬ ਜੀ ਨੂੰ ਸਲਾਮ ਕਰੋ ਤਾਂ ਛੋਟੀ ਉਮਰੇ ਗੁਰੂ ਜੀ ਨੇ ਦ੍ਰਿੜ ਫੈਸਲਾ ਲਿਆ ਕਿ, ਨਹੀਂ ਸਲਾਮ ਕਰਾਂਗੇ। ਇਸ ਤਰ੍ਹਾਂ ਛੋਟੀ ਉਮਰੇ ਆਪ ਜੀ ਨੇ ਕਈ ਜੌਹਰ ਵਿਖਾਏ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੰਜਾਬ ਪਹੁੰਚ ਕੇ ਅਨੰਦਪੁਰ ਨਾਮੀ ਸ਼ਹਿਰ ਵਸਾਇਆ, ਫਿਰ ਪਿਛੋਂ ਆਪਣੇ ਪਰਿਵਾਰ ਨੂੰ ਵੀ ਪਟਨੇ ਤੋਂ ਵਾਪਸ ਬੁਲਾ ਲਿਆ। ਗੁਰੂ ਤੇਗ ਬਹਾਦਰ ਜੀ ਸਾਹਮਣੇ ਸਮੇਂ ਦੇ ਸਾਰੇ ਹਾਲਾਤ ਮੌਜੂਦ ਸਨ। ਕਈ ਤਰ੍ਹਾਂ ਦੀਆਂ ਰਾਜਸੀ ਧਾਰਮਿਕ ਈਰਖਾ ਜੁੜ ਗਈਆਂ ਸਨ ਤਾਂ ਗੁਰੂ ਜੀ ਨੇ ਆਪਣੇ ਸਪੁੱਤਰ ਨੂੰ ਧਾਰਮਿਕ ਵਿਦਿਆ ਦੇ ਨਾਲ ਨਾਲ ਹਰ ਤਰ੍ਹਾਂ ਦੀ ਜੰਗੀ ਵਿਦਿਆ- ਸ਼ਸਤ੍ਰ ਵਿਦਿਆ, ਘੋੜ ਸਵਾਰੀ ਦੇ ਨਾਲ ਨਾਲ ਖ਼ਾਸ ਤੌਰ ‘ਤੇ ਫਾਰਸੀ ਭਾਸ਼ਾ ਅਤੇ ਅਣਗਿਣਤ ਹੋਰ ਭਾਸ਼ਾਵਾਂ ਦਾ ਅਧਿਐਨ ਵੀ ਕਰਵਾਇਆ। ਗੁਰੂ ਤੇਗ ਬਹਾਦਰ ਜੀ ਦੀ ਦੂਰ ਅੰਦੇਸ਼ੀ ਸੋਚ ਦਾ ਸਿੱਟਾ ਗੁਰੂ ਗੋਬਿੰਦ ਸਿੰਘ ਜੀ ਲਈ ਬਹੁਤ ਹੀ ਗੁਣਕਾਰੀ ਸਾਬਤ ਹੋਇਆ। ਜਿਸ ਵੇਲੇ ਗੁਰੂ ਜੀ ਆਪਣੀ ਵਿਦਿਆ ਲੈਣ ਵਿੱਚ ਪੂਰੀ ਤਰ੍ਹਾਂ ਲਿਪਤ ਸਨ, ਤਾਂ ਉਸ ਵੇਲੇ, ਪਿਤਾ ਗੁਰੂ ਤੇਗ ਬਹਾਦਰ ਜੀ ਆਦੁਤੀ ਕੁਰਬਾਨੀ ਦੇਣ ਦੀ ਤਿਆਰੀ ਵਿੱਚ ਸਨ। ਸਮਾਂ ਔਰੰਗਜ਼ੇਬ ਦੇ ਰਾਜ ਦਾ ਸੀ। ਔਰੰਗਜ਼ੇਬ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਉਣ ‘ਤੇ ਤੁਲਿਆ ਸੀ। ਦੋ ਵਰਣਾਂ ਤੋ ਇੱਕ ਵਰਣ ਬਣਾਉਣ ਲਈ ਕਾਹਲਾ ਸੀ ਅਤੇ ਹਿੰਦੂ ਕੌਮ ਉਸ ਦੇ ਜ਼ੁਲਮਾਂ ਤੋਂ ਅਕਹਿ ਤੇ ਅਸਹਿ ਹੋ ਚੁੱਕੀ ਸੀ। ਕਸ਼ਮੀਰ ਵਿੱਚ ਹਿੰਦੂਆਂ ਨੂੰ ਮੁਸਲਮਾਨ ਬਣਾਉਣ ‘ਤੇ ਉਸ ਨੇ ਸਾਰਾ ਟਿੱਲ ਲਾ ਦਿੱਤਾ ਅਤੇ ਸਾਰੀ ਤਾਕਤ ਖਰਚ ਦਿੱਤੀ। ਉਸ ਵੇਲੇ ਸਿੱਖ ਕੌਮ ਦੀ ਹਾਲਤ ਕਾਫੀ ਚੰਗੀ ਸੀ ਅਤੇ ਸਿੱਖਾਂ ਦਾ ਦਬਦਬਾ ਵੀ ਚੰਗਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਵਕਤ ਕਈ ਵਾਰ ਲਾਹੌਰ ਅਤੇ ਦਿੱਲੀ ਦੇ ਤਖ਼ਤ ਦੀਆਂ ਗੋਡੀਆਂ ਲੱਗ ਚੁੱਕੀਆਂ ਸਨ। ਹਿੰਦੂ ਕੌਮ ਸਿੱਖਾਂ ਦੀ ਇੱਸ ਗੱਲ ਦਾ ਲੋਹਾ ਮੰਨਦੀ ਸੀ। ਇਸ ਲਈ ਸਿਆਣੇ ਬ੍ਰਾਹਮਣ ਕਸ਼ਮੀਰ ਤੋਂ ਸਿੱਧਾ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਪਣੇ ਧਰਮ ਨੂੰ ਬਚਾਉਣ ਦੀ ਫਰਿਆਦ ਲੈ ਕੇ ਆਏ। ਸਾਰੀ ਦੁੱਖ ਭਰੀ ਕਹਾਣੀ ਸੁਣਾਈ। ਗੁਰੂ ਜੀ ਪੰਡਤਾਂ ਦੀ ਦੁਖਭਰੀ ਦਾਸਤਾਨ ਸੁਣ ਕੇ ਦ੍ਰਵ ਹੋ ਗਏ। ਬਾਲ ਗੋਬਿੰਦ ਜੀ ਦੇ ਪੁੱਛਣ ‘ਤੇ ਗੁਰੂ ਤੇਗ ਬਹਾਦਰ ਜੀ ਨੇ ਪੰਡਤਾਂ ਦੀ ਸਾਰੀ ਦਾਸਤਾਨ ਬਾਲ ਨੂੰ ਦੱਸੀ ਤਾਂ ਬਾਲ ਗੋਬਿੰਦ ਜੀ ਨੇ ਝੱਟ ਜਵਾਬ ਦਿੱਤਾ, ਪਿਤਾ ਜੀ ਤੁਸੀਂ ਇਨ੍ਹਾਂ ਦੇ ਧਰਮ ਦੀ ਰੱਖਿਆ ਕਰ ਸਕਦੇ ਹੋ, ਆਪ ਜਾਓ ਔਰੰਗਜ਼ੇਬ ਨਾਲ ਟੱਕਰ ਲਓ। ਦੂਸਰੇ ਬੰਨੇ ਔਰੰਗਜ਼ੇਬ ਨੂੰ ਸਿੱਖਾਂ ਦੀ ਚੜ੍ਹਦੀਕਲਾ ਰੜਕਦੀ ਸੀ। ਉਪਰੋਂ ਪੰਡਤਾਂ ਨੂੰ ਗੁਰੂ ਜੀ ਵਲੋਂ ਮਿਲੀ ਮਦਦ ਨਾਲ ਉਸ ਨੂੰ ਅੱਗ ਲੱਗ ਗਈ ਅਤੇ ਗੁਰੂ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਉਨ੍ਹਾਂ ਦਾ ਸੀਸ ਧੜ ਨਾਲੋਂ ਵੱਖ ਕਰ ਕੇ ਸ਼ਹੀਦ ਕਰ ਦਿੱਤਾ। ਉਨ੍ਹਾਂ ਦਾ ਸੀਸ ਜੀਵਨ ਨਾਮ ਦਾ ਇੱਕ ਸਿੱਖ ਸ਼੍ਰੀ ਆਨੰਦਪੁਰ ਸਾਹਿਬ ਲਿਆਇਆ ਅਤੇ ਸੀਸ ਦਾ ਸਸਕਾਰ ਕੀਤਾ। ਗੁਰੂ ਜੀ ਨੇ ਆਪਣੇ ਪਿਤਾ ਜੀ ਬਾਬਤ ਕਿਹਾ-
ਠੀਕਰ ਫੋਰਿ ਦਿਲੀਸ ਸਿਰਿ ਪ੍ਰਭ ਪੁਰ ਕੀਯਾ ਪਯਾਨ£
ਤੇਗ ਬਹਾਦਰ ਸੀ ਕ੍ਰਿਆਂ ਕਰੀ ਨ ਕਿਨਹੂੰ ਆਨ£
ਤੇਗ ਬਹਾਦਰ ਕੇ ਚਲਤ ਭਯੌ ਜਗਤ ਕੋ ਸੋਕ,
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ£
ਮੱਘਰ ਸੁਦੀ 5 11 ਮੱਘਰ ਸੰਮਤ 1732 ਮੁਤਾਬਕ 11 ਨਵੰਬਰ ਸੰਨ 1675 ਨੂੰ ਆਨੰਦਪੁਰ ਸਾਹਿਬ ਦੀ ਧਰਤੀ ਆਪ ਜੀ ਨੂੰ ਗੁਰਿਆਈ ਮਿਲੀ। ਆਪ ਦਾ ਆਨੰਦ ਕਾਰਜ ਲਾਹੌਰ ਨਿਵਾਸੀ ਸ੍ਰੀ ਹਰਜਸ ਦੀ ਸਪੁੱਤਰੀ ਸ੍ਰੀ ਮਾਤਾ ਜੀਤੋ ਜੀ ਨਾਲ 23 ਹਾੜ ਸੰਮਤ 1734 ਨੂੰ ਹੋਇਆ ਅਤੇ ਦੂਸਰਾ ਆਨੰਦ ਕਾਰਜ ਲਾਹੌਰ ਨਿਵਾਸੀ ਸ੍ਰੀ ਰਾਮਸਰਨ ਦੀ ਸਪੁੱਤਰੀ ਸ਼੍ਰੀ ਮਾਤਾ ਸੁੰਦਰੀ ਜੀ ਨਾਲ 7 ਵੇਸਾਖ ਸੰਮਤ 1741 ਨੂੰ ਹੋਇਆ, ਤੀਸਰਾ ਆਨੰਦ ਕਾਰਜ ਰਹੋਤਾਸ ਨਿਵਾਸੀ ਭਾਈ ਰਾਮੂ ਦੀ ਸਪੁੱਤਰੀ ਸ੍ਰੀ ਮਾਤਾ ਸਾਹਿਬ ਕੌਰ ਜੀ ਨਾਲ 18 ਵੈਸਾਖ ਸੰਮਤ 1747 ਨੂੰ ਹੋਇਆ। ਆਪ ਜੀ ਦੇ ਗ੍ਰਹਿ ਚਾਰ ਸਪੁੱਤਰਾਂ ਨੇ ਜਨਮ ਲਿਆ- ਬਾਬਾ ਅਜੀਤ ਸਿੰਘ ਜੀ ਸੰਨ 1687, ਬਾਬਾ ਜੁਝਾਰ ਸਿੰਘ ਜੀ 1690, ਬਾਬਾ ਜੋਰਾਵਾਰ ਸਿੰਘ ਜੀ 1696, ਬਾਬਾ ਫਤਿਹ ਸਿੰਘ ਜੀ 1699 ਨੂੰ ਪ੍ਰਗਟ ਹੋਏ। ਆਪ ਜੀ ਨੇ ਮਜਲੂਮਾਂ ਦੀ ਰਾਖੀ ਕਰਨ ਲਈ ਅਤੇ ਖਾਲਸੇ ਪੰਥ ਨੂੰ ਆਜ਼ਾਦ ਐਲਾਨਣ ਲਈ ਦੋ ਧਰਮਾਂ ਤੋਂ ਨਿਆਰਾ ਤੀਸਰਾ ਪੰਥ ਚਲਾਉਣ ਲਈ ਆਪ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਖੰਡੇ ਦੀ ਧਾਰ ਵਿਚੋਂ ਖਾਲਸਾ ਪੰਥ ਪਰਗਟ ਕੀਤਾ। ਆਪ ਜੀ ਦੀ ਠਾਠ ਬਾਠ ਵੇਖ ਕੇ ਬਾਈਧਾੜ ਦੇ ਰਾਜੇ ਗੁਰੂ ਜੀ ਨਾਲ ਈਰਖਾ ਕਰਦੇ ਸਨ। ਭਾਰਤ ਦੇਸ਼ ਅੰਦਰ ਸ਼ੂਦਰ ਜਾਤੀ ਦੇ ਹਿੱਸੇ ਆਈ ਹੋਲੀ ਨੂੰ ਮਹਾਰਾਜ ਨੇ ਹੋਲਾ ਮਨਾਉਣ ਦੀ ਕਵਾਇਤ ਵੀ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਅਰੰਭ ਕੀਤੀ, ਜੋ ਨਿਰੰਤਰ ਜਾਰੀ ਹੈ। ਅਸਲ ਵਿੱਚ ਦਸ਼ਮੇਸ਼ ਪਿਤਾ ਜੀ ਦੀ ਤਾਂਘ ਇਹ ਸੀ ਕਿ ਇਸ ਦੇਸ਼ ਦੀਆਂ ਸਭ ਜਾਤਾਂ ਦੇ ਲੋਕਾਂ ਅੰਦਰ ਪਾਏ ਵਹਿਮਾਂ ਨੂੰ ਕੱਢਣਾ। ਉਨ੍ਹਾਂ ਵਿੱਚ ਧਰਮ ਅਤੇ ਸਵੈ ਦੀ ਤਾਂਘ ਜਗਾ ਕੇ ਉਨ੍ਹਾਂ ਤਨਾਂ, ਮਨਾਂ, ਨੂੰ ਬਲਵਾਣ ਬਣਾ ਕੇ ਆਜ਼ਾਦੀ ਅਤੇ ਸਵੈ-ਮਾਣ ਦੀ ਅਲੱਖ ਜਗਾਉਣਾ ਸੀ। ਇਹ ਗੱਲਾਂ ਪਹਾੜੀ ਰਾਜਿਆ ਦੇ ਗਲੋਂ ਥੱਲੇ ਨਹੀਂ ਸਨ ਉਤਰਦੀਆਂ। ਫਿਰ ਆਪ ਜੀ ਨੂੰ ਬਾਈ ਧਾੜ ਦੇ ਰਾਜੇ ਅਤੇ ਔਰੰਗਜ਼ੇਬ ਨਾਲ ਛੋਟੀਆ ਵੱਡੀਆਂ 14 ਜੰਗਾਂ ਲੜਨੀਆਂ ਪਈਆਂ ਅਤੇ ਸਾਰਿਆਂ ਵਿੱਚ ਜਿੱਤ ਪ੍ਰਾਪਤ ਹੋਈ। ਆਪ ਜੀ ਨੂੰ ਖਾਲਸਾ ਪੰਥ ਦੇ ਕਹਿਣ ‘ਤੇ ਸ੍ਰੀ ਆਨੰਦਪੁਰ ਸਾਹਿਬ ਜੀ ਦਾ ਕਿਲ੍ਹਾ ਛੱਡਣਾ ਪਿਆ। ਆਪ ਜੀ ਦਾ ਸਰਸਾ ਨਦੀ ਦੇ ਕਿਨਾਰੇ ਪੂਰਾ ਪਰਿਵਾਰ ਵਿਛੜਿਆ। ਆਪ ਜੀ ਨਾਲ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜ੍ਹੀ ਵੱਲ ਚਲੇ ਗਏ ਅਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਨਾਲ ਸਰਹਿੰਦ ਵਾਲੇ ਪਾਸੇ ਚਲੇ ਗਏ। ਮਾਤਾਵਾਂ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਚਲੀਆਂ ਗਈਆਂ। ਇੱਕ ਹਫ਼ਤੇ ਵਿੱਚ ਆਪ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਹੋਏ। ਛੋਟੇ ਸਾਹਿਬਜ਼ਾਦੇ ਸਰਹਿੰਦ ਦੀਆਂ ਨੀਂਹਾਂ ਵਿੱਚ ਮੁਗ਼ਲ ਹਕੂਮਤ ਵਲੋਂ ਦੀਵਾਰਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤੇ ਗਏ। ਆਪ ਜੀ ਦੀ ਮਾਤਾ ਗੁਜਰ ਕੌਰ ਵੀ ਸ਼ਹੀਦ ਹੋ ਗਈ। ਆਪ ਜੀ ਨੇ ਅਮ੍ਰਿਤ ਦੀ ਦਾਤ ਛੱਕਣ ਲੱਗਿਆਂ ਖਾਲਸੇ ਨਾਲ ਕੀਤਾ ਵਾਅਦਾ ਨਿਭਾਉਂਦੇ ਹੋਏ ਆਪਣਾ ਸਾਰਾ ਸਰਬੰਸ ਸਮੁੱਚੀ ਮਨੁੱਖਤਾ ਉਪਰੋਂ ਵਾਰ ਦਿੱਤਾ। ਆਪ ਸੰਗਤਾਂ ਨੂੰ ਤਾਰਦੇ ਹੋਏ ਖਿਦਰਾਣੇ ਦੀ ਢਾਬ ਪਹੁੰਚੇ ਜਿਥੇ ਵਜੀਰ ਖਾਂ ਨੇ ਗੁਰੂ ਜੀ ਨਾਲ ਜੰਗ ਕੀਤੀ ਅਤੇ ਵਜ਼ੀਰ ਖਾਂ ਦੀ ਸ਼ਰਮਨਾਕ ਹਾਰ ਜੰਗ ਦੌਰਾਨ ਹੋਈ। ਆਪ ਜੀ ਜੀ ਜਿੱਤ ਹੋਈ। ਆਪ ਜੀ ਨੇ ਉਸ ਜਗ੍ਹਾ ਦਾ ਨਾਮ ਮੁਕਤਸਰ ਰੱਖਿਆ। ਆਪ ਅੱਗੇ ਸਾਬੋ ਕੀ ਤਲਵੰਡੀ ਵੱਲ ਗਏ। ਉਥੇ ਆਪ ਜੀ ਨੇ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਜੀ ਪਾਸੋਂ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ। ਫਿਰ ਆਪ ਜੀ ਸਿੱਧਾ ਦੱਖਣ ਵੱਲ ਚਲੇ ਗਏ। ਆਪ ਜੀ ਦੀ ਔਰੰਗਜ਼ੇਬ ਨੂੰ ਪਾਈ ਹੋਈ ਚਿੱਠੀ ਮਿਲੀ ਭਾਵ ਜਫ਼ਰਨਾਮਾ। ਔਰੰਗਜ਼ੇਬ ਦੀ ਜਫ਼ਰਨਾਮਾ ਪੜ੍ਹ ਕੇ ਮੌਤ ਹੋ ਗਈ। ਫਿਰ ਆਪ ਜੀ ਨੇ ਬਹਾਦਰਸ਼ਾਹ ਨੂੰ ਦਿੱਲੀ ਦੇ ਤਖ਼ਤ ‘ਤੇ ਬਿਠਾਇਆ। ਆਪ ਜੀ ਅੱਗੇ ਹਜੂਰ ਸਾਹਿਬ ਵੱਲ ਚਲੇ ਗਏ। ਉਥੇ ਆਪ ਜੀ ਦਾ ਮਿਲਾਪ ਮਾਧੋ ਦਾਸ ਬੈਰਾਗੀ ਨਾਲ ਹੋਇਆ। ਆਪ ਜੀ ਨੇ ਉਸ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਬੰਦਾ ਸਿੰਘ ਬਹਾਦਰ ਬਣਾਇਆ ਅਤੇ ਪੰਜਾਬ ਵੱਲ ਬਦਲਾ ਲੈਣ ਲਈ ਤੋਰਿਆ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਹੁਕਮ ਦਿੱਤਾ, ‘ਆਗਿਆ ਭਈ ਅਕਾਲ ਕੀ, ਤਬੇ ਚਲਾਇਓ ਪੰਥ, ਸਭ ਸਿਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।’ ਮੇਰੀ ਆਤਮਾ ਗੁਰੂ ਗ੍ਰੰਥ ਅਤੇ ਮੇਰਾ ਸਰੀਰ ਖਾਲਸਾ ਪੰਥ ਇਹ ਹੁਕਮ ਖਾਲਸੇ ਪੰਥ ਨੂੰ ਕੀਤੇ, ਕਿਸੇ ਵੀ ਦੇਹਧਾਰੀ ਨੂੰ ਮੰਨਣ ਤੋਂ ਵਰਜਿਤ ਕੀਤਾ ਅਤੇ ਸਦਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਅਤੇ ਗੁਰਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਕੇ, ਆਪ ਜੀ ਕੱਤਕ ਸੁਦੀ ਪੰਜ, 6 ਕੱਤਕ ਸੰਮਤ 1764 ਮੁਤਾਬਕ ਸੱਤ ਅਕਤੂਬਰ ਸੰਨ 1708 ਨੂੰ ਸੱਚ ਖੰਡ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਨਾਂਦੇੜ (ਦੱਖਣ) (ਹੁਣ ਮਹਾਰਾਸ਼ਟਰ) ਵਿਖੇ ਜੋਤੀ ਜੋਤ ਸਮਾਏ।