ਫਰਿਜ਼ਨੋ ਵਿਚ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਯਾਦ ਵਿਚ ਸਮਾਗਮ

ਫਰਿਜ਼ਨੋ ਵਿਚ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਯਾਦ ਵਿਚ ਸਮਾਗਮ

ਇੰਡੋ ਅਮੈਰੀਕਨ ਹੈਰੀਟੇਜ਼ ਫੋਰਮ ਨੇ ਬੱਚਿਆਂ ਦੇ ਭਾਸ਼ਣ ਮੁਕਾਬਲੇ ਕਰਵਾਏ
ਫਰਿਜ਼ਨੋ/ਕੁਲਵੰਤ ਧਾਲੀਆਂ/ਨੀਟਾ ਮਾਛੀਕੇ :
ਸੈਟਰਲ ਵੈਲੀ ਫਰਿਜ਼ਨੋ ਵਿਖੇ ਗ਼ਦਰੀ ਬਾਬਿਆਂ ਦੀ ਯਾਦ ਅੰਦਰ ਚਲ ਰਹੀ ਇੰਡੋ-ਅਮੈਰੀਕਨ ਹੈਰੀਟੇਜ਼ ਫੋਰਮ ਵੱਲੋਂ ਸ਼ਹੀਦ ਸ. ਊਧਮ ਸਿੰਘ ਸੁਨਾਮ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਯਾਦ ਨੂੰ ਸਮਰਪਿਤ ਸਾਲਾਨਾ ਬੱਚਿਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਦੀ ਸ਼ੁਰੂਆਤ ਸਭ ਨੂੰ ਜੀ ਆਇਆਂ ਕਹਿਣ ਨਾਲ ਕੀਤੀ ਗਈ। ਇਸ ਸਮੇਂ ਬੁਲਾਰਿਆ ਵਿੱਚ ਸ. ਗੁਰਦੀਪ ਸਿੰਘ ਅਣਖੀਂ, ਅਵਤਾਰ ਸਿੰਘ ਗੌਦਾਰਾ, ਸੰਤੋਖ ਸਿੰਘ ਮਿਨਹਾਸ ਨੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਪ੍ਰਿੰਸੀਪਲ ਹਜ਼ੂਰਾ ਸਿੰਘ ਨੇ ਵਾਰ ਅਤੇ ਕਰਤਾਰ ਸਿੰਘ ਕੌਕਰੀ ਨੇ ਕਵਿਤਾ ਗਾਇਨ ਕੀਤੀ। ਵੱਖ-ਵੱਖ ਗਰੁੱਪਾਂ ਦੇ ਭਾਸ਼ਣ ਮੁਕਾਬਲਿਆਂ ਨੂੰ ਐਲੀਮੈਂਟਰੀ ਸਕੂਲ ਤੋਂ ਕਾਲਜ ਪੱਧਰ ਤੱਕ ਦੇ ਬੱਚਿਆਂ ਨੂੰ ਵੱਖ-ਵੱਖ ਗਰੁੱਪਾਂ ਵਿੱਚ ਵੰਡਿਆ ਗਿਆ ਸੀ। ਇਸ ਵਿੱਚ ਵੱਖ-ਵੱਖ ਉਮਰ ਅਤੇ ਵਿਦਿਅਕ ਪੱਧਰ ਦੇ ਬੱਚਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਜੇਤੂ ਬੱਚਿਆਂ ਨੂੰ ਵਿਸ਼ੇਸ਼ ਨਕਦ ਇਨਾਮ ਦਿੱਤੇ ਗਏ। ਇਸ ਮੌਕੇ ਡਾ. ਗੁਰੂਮੇਲ ਸਿੰਘ ਸਿੱਧੂ, ਉਸਤਾਦ ਸ਼ਾਇਰ ਹਰਜਿੰਦਰ ਸਿੰਘ ਕੰਗ ਅਤੇ ਡਾ. ਅਰਜਨ ਸਿੰਘ ਜੋਸ਼ਨ ਨੇ ਬਤੌਰ ਜੱਜ ਸੇਵਾਵਾਂ ਨਿਭਾਈਆਂ। ਇਸ ਸਮੇਂ ਗੁਰੂ ਹਰ ਗੋਬਿੰਦ ਸਾਹਿਬ ਅਕੈਡਮੀ ਦੇ ਬੱਚਿਆਂ ਨੇ ਭੰਗੜੇ ਵੀ ਪਾਏ। ਅਖ਼ੀਰ ਵਿੱਚ ਬੁਲਾਰਿਆਂ ਨੇ ਆਪਣੇ ਦੇਸ਼ ਪ੍ਰੇਮ ਦੇ ਭਾਵ ਸਾਂਝੇ ਕੀਤੇ। ਇਸ ਸਮੇਂ ਗਲੋਬਲ ਪੰਜਾਬ ਟੀ.ਵੀ. ਨਾਲ ਗੱਲਬਾਤ ਕਰਦੇ ਹੋਏ ਸੁਰਿੰਦਰ ਸਿੰਘ ਮੰਢਾਲੀ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਹਰਜਿੰਦਰ ਸਿੰਘ ਢੇਸੀ ਨੇ ਬਾਖੂਬੀ ਕੀਤਾ। ਇਸ ਸਮੇਂ ਹਾਜ਼ਰੀਨ ਲਈ ਚਾਹ, ਪਕੌੜਾਂ ਦੇ ਲੰਗਰ ਦਾ ਸ਼ਾਨਦਾਰ ਪ੍ਰਬੰਧ ਵੀ ਕੀਤਾ ਗਿਆ ਸੀ।