ਧੀਆਂ ਦੀ ਲੋਹੜੀ ਤੇ ਟੁੱਟੀ-ਗੰਢਣ ਦਾ ਦਿਨ

ਧੀਆਂ ਦੀ ਲੋਹੜੀ ਤੇ ਟੁੱਟੀ-ਗੰਢਣ ਦਾ ਦਿਨ

ਮਨਜੀਤ ਸਿੰਘ ਟਿਵਾਣਾ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਸਾਰ ਤੱਤ ਅਤੇ ਸਿੱਖ ਗੁਰੂ ਸਾਹਿਬਾਨਾਂ ਦਾ ਜੀਵਨ ਆਚਾਰ-ਵਿਵਹਾਰ ਸਾਨੂੰ ਹਰ ਦਿਨ-ਵਾਰ, ਤਿੱਥ-ਤਿਉਹਾਰ ਤੇ ਜੰਮਣ ਤੋਂ ਮਰਨ ਤਕ ਦੇ ਹਰ ਸੰਸਕਾਰ ਵਾਸਤੇ ਸੱਚ-ਕਰਮ ਨਿਭਾਉਣ ਦਾ ਰਸਤਾ ਦਿਖਾਉਂਦਾ ਹੈ। ਭਾਰਤੀ ਤੇ ਖਾਸ ਕਰਕੇ ਪੰਜਾਬੀ ਰਹਿਤਲ ਦੇ ਤਿਉਹਾਰਾਂ ਬਾਰੇ ਆਪਣੇ ਸਿੱਖਾਂ ਨੂੰ ਸੁਚੱਜੀ ਪਹੁੰਚ ਅਪਨਾਉਣ ਵਾਸਤੇ ਗੁਰੂ ਪਿਤਾ ਨੇ ਸਾਨੂੰ ਕਦੇ ਸਿੱਧੇ ਰੂਪ ਵਿਚ ਤਾਕੀਦ ਕੀਤੀ ਹੈ ਤੇ ਕਦੇ ਗੁਰਬਾਣੀ ਵਿਚਾਰ ਤੇ ਆਪਣੇ ਜੀਵਨ ਰਾਹੀਂ ਸੂਖਮ ਰੂਪ ਵਿਚ ਸਾਨੂੰ ਦਿਸ਼ਾ ਦਿਖਾਈ ਹੈ। ਸਰਦ ਰੁੱਤ ਦੇ ‘ਲੋਹੜੀ’ ਦੇ ਤਿਉਹਾਰ ਤੇ ਮਾਘੀ ਦੇ ਦਿਹਾੜੇ ਮੌਕੇ ਵੀ ਸਿੱਖ ਇਤਿਹਾਸ ਸਾਨੂੰ ਆਪਣੇ ਜੀਵਨ ਵਿਚ ਪਸਰੇ ਅਗਿਆਨ ਤੇ ਦੁਖਾਂ ਦੇ ਹਨੇਰੇ ਤੋਂ ਪਾਰ ਲੈ ਜਾਣ ਵਿਚ ਸਹਾਈ ਹੁੰਦਾ ਹੈ।
‘ਲੋਹੜੀ’ ਕਦੇ ਪੰਜਾਬੀਆਂ ਲਈ ਰੁੱਤ ਬਦਲਣ ਦੇ ਸੰਕੇਤ ਦਾ ਤਿਉਹਾਰ ਸੀ। ਸਾਡੇ ਬਹੁਤੇ ਤਿਉਹਾਰ ਮੂਲ ਰੂਪ ‘ਚ ਰੁੱਤਾਂ ਦੇ ਬਦਲਣ ਦੇ ਪ੍ਰਤੀਕ ਵਜੋਂ ਹੀ ਹੋਂਦ ‘ਚ ਆਏ ਹੋਏ ਹਨ। ਵਿਸਾਖੀ, ਬਸੰਤ ਪੰਚਮੀ ਤੇ ਹੋਲੀ ਆਦਿ ਵੀ ਇਸੇ ਲੜੀ ਅਧੀਨ ਆਉਂਦੇ ਹਨ। ਸਮਾਂ ਬੀਤਣ ਨਾਲ ਇਨਾਂ ਤਿਉਹਾਰਾਂ ਨੂੰ ਮਨਾਉਣ ਤੇ ਰੰਗਾਂ-ਢੰਗਾਂ ਵਿਚ ਵਿਕਾਰ ਵੀ ਆਉਂਦੇ ਗਏ ਤੇ ਕਈ ਹੋਰ ਮਿੱਥਕ ਕਹਾਣੀਆਂ ਜੁੜ ਜਾਣ ਕਰਕੇ ਇਹ ਆਪਣਾ ਰੂਪ ਵੀ  ਵਟਾਉਂਦੇ ਗਏ। ‘ਲੋਹੜੀ’ ਦੇ ਤਿਉਹਾਰ ਨਾਲ ਵੀ ਅਜਿਹਾ ਕੁਝ ਹੀ ਵਾਪਰਿਆ ਜਦੋਂ ਇਹ ਮਰਦ ਪ੍ਰਧਾਨ ਸਮਾਜ ਦੇ ਪ੍ਰਭਾਵ ਅਧੀਨ ਕਿਸੇ ਨੂੰਹ-ਧੀ ਦੀ ਕੁੱਖ ਵਿਚੋਂ ਸਿਰਫ ਮੁੰਡਾ ਜੰਮਣ ਦੀਆਂ ਖੁਸ਼ੀਆਂ ਮਨਾਉਣ ਤਕ ਸੀਮਤ ਕਰ ਦਿੱਤਾ ਗਿਆ। ‘ਲੋਹੜੀ’ ਨੂੰ ਕਿਸੇ ਪਰਿਵਾਰ ‘ਚ ਮੁੰਡੇ ਦੇ ਪੈਦਾ ਹੋਣ ਦੀ ਖੁਸ਼ੀ ਅਤੇ ‘ਦੁੱਲਾ-ਭੱਟੀ’ ਵਾਲੀ ਪੰਜਾਬੀ ਅਣਖ਼ ਨਾਲ ਜੋੜ ਕੇ ਮਨਾਇਆ ਜਾਂਦਾ ਹੈ। ਸਾਡੇ ਸਿਆਣਿਆਂ ਨੇ ਇਸ ਤਿਉਹਾਰ ਨੂੰ ਕੜਾਕੇ ਦੀ ਸਰਦੀ ਦੇ ਲੋਹੜੇ ਦਾ ਘਰ-ਘਰ, ਹਰ ਗਲੀ-ਮੁਹੱਲੇ ਵਿਚ ਅੱਗ ਬਾਲ ਕੇ ਮੁਕਾਬਲਾ ਕਰਨ ਦੀ ਭਾਵਨਾ ਨੂੰ ਦਰਸਾਉਣ ਦਾ ਪ੍ਰਤੀਕ ਵੀ ਬਣਾਇਆ ਹੈ। ਕਿਸੇ ਵੇਲੇ ਬਿਪਰਵਾਦੀ ਸੋਚ ਨੇ ਆਪਣੇ ਤੁੱਛ ਸਵਾਰਥ ਲਈ ਅਜਿਹੀਆਂ ਬਹੁਤ ਸਾਰੀਆਂ ਕੂੜ ਕਹਾਣੀਆਂ ਧਰਮ ਦੇ ਨਾਮ ਹੇਠ ਸਾਡੇ ਲੋਕਾਂ ਦੀ ਭੋਲੀ-ਭਾਲੀ ਸੋਚ ਅੰਦਰ ਇਸ ਕਦਰ ਘੁਸੇੜੀਆਂ ਕਿ ਇਹ ਸਾਡੇ ਲਹੂ ਵਿਚ ਰਚ ਗਈਆਂ। ਸਾਡੇ ਸਮਾਜ ‘ਚ ਮੁੰਡਾ ਪੈਦਾ ਹੋਣ ਨੂੰ ਪਿੱਤਰਾਂ ਦੀ ਮੁਕਤੀ ਹੋਣ ਵਿਚ ਸਹਾਈ ਹੋਣ ਤਕ ਦੀਆਂ ਤਰਕਹੀਣ, ਮਨੋ-ਕਲਪਿਤ ਕਹਾਣੀਆਂ ਨਾਲ ਜੋੜ ਦਿੱਤਾ ਗਿਆ। ਇਸ ਤਰ੍ਹਾਂ ‘ਲੋਹੜੀ’ ਸਿਰਫ਼ ਮੁੰਡੇ ਜੰਮਣ ਦੀ ਖੁਸ਼ੀ ਤਕ ਸੀਮਤ ਹੋ ਗਈ। ਅੱਗੇ ਜਾ ਕੇ ਕੁੜੀਆਂ ਨੂੰ ਜੰਮਦਿਆਂ ਹੀ ਮਾਰ ਦੇਣ ਦੀ ਅਲਾਮਤ ਇਸੇ ਭੈੜੀ ਸੋਚ ਵਿਚੋਂ ਜਨਮੀ। ‘ਲੋਹੜੀ’ ਤੋਂ ਅਗਲੇ ਦਿਨ ਦੇਸੀ ਮਹੀਨੇ ਮਾਘ ਦੀ ਸੰਗਰਾਂਦ ਵਾਲੇ ਦਿਨ ‘ਮਾਘੀ’ ਮਨਾਈ ਜਾਂਦੀ ਹੈ। ਸਿੱਖ ਇਤਿਹਾਸ ਵਿਚ ਇਹ ਦਿਨ ਸਿੱਖਾਂ ਦੀ ਗੁਰੂ ਨਾਲੋਂ ਟੁੱਟੀ ਗੰਢਣ ਦਾ ਗਵਾਹ ਹੈ।
ਗੁਰੂ ਪਿਤਾ ਨੇ ਸਾਰੇ ਸਮਾਜ ਅਤੇ ਆਪਣੇ ਸਿੱਖਾਂ ਨੂੰ ਕੁੜੀ ਮਾਰਨ ਦੀ ਗੈਰ-ਮਾਨਵੀ, ਅਸਭਿਅਕ ਤੇ ਕਰੂਰਤਾ ਭਰੀ ਅਲਾਮਤ ਤੋਂ ਬਚਾਉਣ ਲਈ ਵੱਡਾ ਕਾਰਜ ਕੀਤਾ ਹੈ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਨੇ ਪਹਿਲੀ ਵਾਰ ਔਰਤ ਜਾਤੀ ਦੇ ਸਵੈਮਾਣ ਨੂੰ ਜਗਾਉਂਦਿਆਂ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।।’ ਦਾ ਸ਼ਬਦ ਉਚਾਰਿਆ, ਗ੍ਰਹਿਸਤ ਧਰਮ ਨੂੰ ਉਤਮਤਾ ਦਾ ਦਰਜਾ ਦੇਣ ਦਾ ਇਕ ਭਾਵ ਉਸ ਸਮੇਂ ਦੇ ਸਮਾਜ ਵਿਚ ਔਰਤ ਜਾਤੀ ਨੂੰ ਹਿਕਾਰਤ ਨਾਲ ਦੇਖੇ ਜਾਣ ਦੀ ਸੋਚ ਦਾ ਮੁੰਹ ਭੰਨਣਾ ਵੀ ਸੀ।
ਦਸਵੇਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤਾਂ ਆਪਣੇ ਸਿੱਖਾਂ ਨੂੰ ਲਿਖਤੀ ਤੌਰ ‘ਤੇ ਹੁਕਮਨਾਮਾ ਜਾਰੀ ਕਰਕੇ ਕੁੜੀਮਾਰਾਂ ਨਾਲ ਰੋਟੀ-ਬੇਟੀ ਤਕ ਦੀ ਸਾਂਝ ਨਾ ਰੱਖਣ, ਭਾਵ ਅਜਿਹੇ ਲੋਕਾਂ ਦੇ ਸਮਾਜਿਕ ਬਾਈਕਾਟ ਦੀ ਤਾਕੀਦ ਕੀਤੀ ਗਈ ਹੈ। ਸਾਹਿਬ ਸ੍ਰੀ ਗੁਰੂ  ਗੋਬਿੰਦ ਸਿੰਘ ਜੀ ਦੇ ਕੁੱਲ ਚੌਂਤੀ ਹੁਕਮਨਾਮੇ ਮੰਨੇ ਗਏ ਹਨ, ਜਿਨ੍ਹਾਂ ਵਿਚੋਂ ਇਕ ਵਿਚ ਹੋਰ ਕਈ ਸਾਰੀਆਂ ਹਦਾਇਤਾਂ ਦੇ ਨਾਲ ਹੀ ਸਿੱਖਾਂ ਨੂੰ ਕੁੜੀ ਮਾਰਨ ਦੀ ਕੁਰਹਿਤ ਤੋਂ ਸਖਤੀ ਨਾਲ ਵਰਜਿਆ ਗਿਆ ਹੈ। ੨੬ ਜੇਠ ਸੰਮਤ ੧੭੫੬ ਨੂੰ ਦਸਵੇਂ ਗੁਰੂ ਦੇ ਨਾਮ ਹੇਠ ਜਾਰੀ ਮਿਲਦੇ ਇਸ ਹੁਕਮਨਾਮੇ ਵਿਚ  ”….. ਮਾਸ ਖਾਵੈ  ਨਾਹੀ । ਤਮਾਕੂ ਨਾ ਵਰਤਣਾ । ਭਾਦਣੀ ਤਥਾ ਕੰਨਿਯਾ ਮਾਰਨ ਵਾਲੇ ਸੇ ਮੇਲ ਨਾ ਰਖੋ।” ਦਰਜ ਹੈ।
ਅੱਜ ਭਾਵੇਂ ਮਨੁੱਖ ਦੀ ਸੋਚ ਵਿਚ ਪਹਿਲਾਂ ਨਾਲੋਂ ਕਈ ਪੱਖਾਂ ਵਿਚ ਨਿਖਾਰ ਵੀ ਆਇਆ ਹੈ। ਹੁਣ ਸਾਡੇ ਸਮਾਜ ਵਿਚ ਧੀਆਂ ਦੀ ਲੋਹੜੀ ਵੀ ਮਨਾਉਣੀ ਕਿਤੇ-ਕਿਤੇ ਸ਼ੁਰੂ ਹੋ ਗਈ ਹੈ। ਸਵਾਲ ਇਹ ਵੀ ਹੈ ਕਿ ਧੀਆਂ ਦੀ ਲੋਹੜੀ ਮਨਾਉਣ ਨਾਲ ਅਸੀਂ ਮੁੰਡੇ ਜੰਮਣ ਦੀ ਲਾਲਸਾ ਨਾਲ ਗ੍ਰਸੀ ਸੋਚ ਨੂੰ ਕਿੰਨਾ ਕੁ ਬਦਲ ਸਕੇ ਹਾਂ? ਅੰਕੜਿਆਂ ਮੁਤਾਬਕ ਪੰਜਾਬ ‘ਚ ਮੁੰਡੇ-ਕੁੜੀਆਂ ਦੀ ਅਨੁਪਾਤ ‘ਚ ਹਜ਼ਾਰ ਪਿੱਛੇ 137 ਦਾ ਫ਼ਰਕ ਹਾਲਾਂ ਵੀ ਹੈ। ਹੁਣ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਕੁੱਖਾਂ ਵਿਚ ਹੀ ਮਾਰਨ ਦਾ ਰਿਵਾਜ਼ ਹੈ। ਕਾਫੀ ਸਾਰੇ ਪਰਚਾਰ ਕਾਰਨ ਬਹੁਤ ਥੋੜ੍ਹਾ ਅਸਰ ਹੋਇਆ ਹੈ। ਇਕ ਪਾਸੇ ਸਾਡੇ ਪੰਜਾਬ ਉਤੇ ਕੁੜੀਮਾਰ ਹੋਣ ਦਾ ਕਲੰਕ ਲੱਗ ਰਿਹਾ ਹੈ, ਦੂਜੇ ਪਾਸੇ ਇਸ ਤਰ੍ਹਾਂ ਕਰਕੇ ਅਸੀਂ ਗੁਰੂ-ਪਿਤਾ ਨੂੰ ਵੀ ਬੇਦਾਵਾ ਦੇ ਰਹੇ ਹਾਂ।
ਜਿਹੜੇ ਤਿਉਹਾਰ ਸਾਡੇ ਸੱਭਿਆਚਾਰ ਨਾਲ ਗੂੜ੍ਹੇ ਰੂਪ ਵਿਚ ਜੁੜੇ ਹੋਏ ਹਨ, ਉਨ੍ਹਾਂ ਤਿਉਹਾਰਾਂ ਨੂੰ ਮਨਾਉਂਦੇ ਸਮੇਂ ਸਾਨੂੰ ਇਹ ਲੇਖਾ-ਜੋਖਾ ਤਾਂ ਕਰ ਹੀ ਲੈਣਾ ਚਾਹੀਦਾ ਹੈ ਕਿ ਆਖ਼ਰ ਅਸੀਂ ਕਿੱਥੇ ਖੜ੍ਹੇ ਹਾਂ? ਸਾਡੇ ਪੁਰਖਿਆਂ ਦਾ ਉਹ ਇਖਲਾਕ, ਜਿਸ ਨੇ ਸਾਨੂੰ ਅਸਲੋਂ ਪਰਮ ਮਨੁੱਖ ਬਣਨ ਦੇ ਰਾਹ ਉਤੇ ਚੱਲਣ ਦੀ ਸ਼ਕਤੀ ਦਿੱਤੀ ਸੀ, ਉਹ ਹੁਣ ਕਿਥੇ ਗੁੰਮ ਗਿਆ ਹੈ? ਕਦਰਾਂ-ਕੀਮਤਾਂ ਜਿਹੜੀਆਂ ਸਾਡੀ ਕੌਮ ਨੇ ਸੰਘਰਸ਼ ਕਰਕੇ, ਨਿਖਾਰੀਆਂ ਸਨ, ਉਹ ਆਖ਼ਰ ਮਾਂਦ ਕਿਉਂ ਪੈਂਦੀਆਂ ਜਾ ਰਹੀਆਂ ਹਨ? ਸ਼ਾਇਦ ਅਸੀਂ ਆਪਣੇ ਮੂਲ ਨਾਲੋਂ ਟੁੱਟ ਕੇ ਆਪਣੀ ਹੋਂਦ ਗੁਆਉਣ ਵੱਲ ਨਿਰੰਤਰ ਵਧਦੇ ਜਾ ਰਹੇ ਹਾਂ। ਅਸੀਂ ਤਾਂ ਨਿੱਤ ਦਿਨ ਗੁਰੂ ਤੋਂ ਬੇਮੁੱਖ ਹੋ ਕੇ ਬੇਦਾਵਿਆਂ ਦੇ ਅੰਬਾਰ ਸਿਰਜਦੇ ਜਾ ਰਹੇ ਹਾਂ। ‘ਲੋਹੜੀ’ ਜਾਂ ‘ਮਾਘੀ’ ਦੀ ਸਾਰਥਿਕਤਾ ਤਾਂ ਹੀ ਮੰਨੀ ਜਾ ਸਕਦੀ ਹੈ, ਜੇ ਅਸੀਂ ਇਨ੍ਹਾਂ ਦਿਹਾੜਿਆਂ ਉਤੇ ਗੁਰੂ ਨਾਲੋਂ ਟੁੱਟੀ ਗੰਢਣ ਦਾ ਯਤਨ ਕਰੀਏ। ਆਓ ਗੁਰੂ ਪਿਤਾ ਅੱਗੇ ਅਰਦਾਸ ਕਰੀਏ ਕਿ ਸਾਡੇ ਚੇਤਿਆਂ ਦਾ ‘ਮੁਕਤਸਰ’ ਸਾਨੂੰ ਸਾਡੀ ਮੁਕਤੀ ਦਾ ਬਰ ਦੇਵੇ।