ਲੋਥਾਂ ‘ਤੇ ਰਾਜਨੀਤੀ : ਗੋਧਰਾ ਤੋਂ ਅੰਮ੍ਰਿਤਸਰ ਵਾਇਆ ਮੌੜ ਮੰਡੀ

ਲੋਥਾਂ ‘ਤੇ ਰਾਜਨੀਤੀ : ਗੋਧਰਾ ਤੋਂ ਅੰਮ੍ਰਿਤਸਰ ਵਾਇਆ ਮੌੜ ਮੰਡੀ

ਮਨਜੀਤ ਸਿੰਘ ਟਿਵਾਣਾ

ਭਾਰਤੀ ਰਾਜਨੀਤੀ ਦੇ ਸਿਆਹ ਪੰਨਿਆਂ ਵਿਚ ਦੁਸਹਿਰੇ ਮੌਕੇ ਅੰਮ੍ਰਿਤਸਰ ਵਿਚ ਹੋਏ ਰੇਲ ਹਾਦਸੇ ਤੋਂ ਬਾਅਦ ਰਾਜਨੇਤਾਵਾਂ ਵੱਲੋਂ ਨਿੱਜੀ ਮੁਫਾਦ ਲਈ ਉਡਾਈ ਜਾ ਰਹੀ ਖੇਹ ਦਾ ਕਾਲਾ ਵਰਕਾ ਵੀ ਜੁੜ ਗਿਆ ਹੈ। ਸ਼ੁਕਰ ਹੈ ਕਿ ਪੰਜਾਬ ਦੀ ਭਾਈਚਾਰਕ ਤੇ ਸਾਂਝੀਵਾਲਤਾ ਵਾਲੀ ਗੁਰੂਆਂ ਦੀ ਵਰੋਸਾਈ ਧਰਤੀ ਹੈ, ਜਿਸ ਉਤੇ ਇਹ ਲੋਕ ਸਿਰਫ ਜ਼ਹਿਰੀਲੀ ਭਾਸ਼ਣਬਾਜ਼ੀ ਦੀ ਸਿਆਸਤ ਹੀ ਖੇਡ ਸਕਦੇ ਹਨ, ਨਹੀਂ ਤਾਂ ਸੰਨ ੨੦੦੨ ਵਿਚ ਗੁਜਰਾਤ ਦੇ ਗੋਧਰਾ ਵਿਚ ਇਕ ਰੇਲ-ਡੱਬੇ ਨੂੰ ਲੱਗੀ ਅੱਗ ਨਾਲ ਹੋਈਆਂ ਮੌਤਾਂ ਤੋਂ ਬਾਅਦ ਸਿਆਸਤਦਾਨਾਂ ਨੇ ਇਕ ਫਿਰਕੇ ਨੂੰ ਵਿਸ਼ੇਸ਼ ਤੌਰ ਉਤੇ ਨਿਸ਼ਾਨਾ ਬਣਾ ਕੇ, ਜੋ ਖੂਨ ਦੀ ਹੋਲੀ ਖੇਡੀ ਸੀ, ਉਸ ਨੂੰ ਤਸੱਵਰ ਕਰਕੇ ਅੱਜ ਵੀ ਰੂਹ ਕੰਬਦੀ ਹੈ। ਨਵੰਬਰ-੮੪ ਵਿਚ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਾਡੇ ਇਨ੍ਹਾਂ ਫਿਰਕੂ ਨੇਤਾਵਾਂ ਦੇ ਨਫਰਤੀ ਭਾਸ਼ਣਾਂ ਦੁਆਰਾ ਸਿੱਖ ਕੌਮ ਨੂੰ ਲਹੂ-ਲੁਹਾਣ ਕਰਕੇ ਦਿੱਤੇ ਗਏ ਜ਼ਖਮ ਹਾਲਾਂ ਵੀ ਅੱਲੇ ਹਨ।
ਲੰਘੀਆਂ ਵਿਧਾਨ ਸਭਾ ਚੋਣਾਂ ਮੌਕੇ ਸੰਨ ੨੦੧੭ ‘ਚ ਮੌੜ ਮੰਡੀ ਵਿਚ ਬੰਬ ਧਮਾਕੇ ਦੌਰਾਨ ਮਾਰੇ ਗਏ ਮਾਸੂਮਾਂ ਦੇ ਘਰ-ਪਰਿਵਾਰਾਂ ਦਾ ਕੀ ਹਾਲ ਹੈ, ਇਹ ਤਾਂ ਸ਼ਾਇਦ ਕਿਸੇ ਦੇ ਚਿੱਤ ਚੇਤੇ ਵੀ ਨਾ ਹੋਵੇ ਪਰ ਸਾਡੇ ਰਾਜਨੇਤਾਵਾਂ ਨੇ ਇਨ੍ਹਾਂ ਬੇਦੋਸ਼ਿਆਂ ਦੀਆਂ ਚੀਖਾਂ ਤੇ ਹਉਕਿਆਂ ਨੂੰ ਆਪੋ-ਆਪਣੀਆਂ ਵੋਟਾਂ ਵਿਚ ਤਬਦੀਲ ਕਰਨ ਲਈ ਪੂਰੀ ਵਾਹ ਲਗਾ ਦਿੱਤੀ ਸੀ। ਇਥੋਂ ਤਕ ਕਿ ਇਸ ਬੰਬ ਕਾਂਡ ਦੀ ਸ਼ੱਕ ਦੀ ਸੂਈ ਖੁਦ ਸਿਆਸਤਦਾਨਾਂ ਵੱਲ ਘੁੰਮਦੀ ਹੋਣ ਦੇ ਬਾਵਜੂਦ ਕਿਸੇ ਨੇ ਮੁੜ ਕੇ ਕੋਈ ਜਾਂਚ-ਪੜਤਾਲ ਦੀ ਬਾਤ ਤਕ ਨਹੀਂ ਪੁੱਛੀ।
ਅੰਮ੍ਰਿਤਸਰ ਦੇ ਭਿਆਨਕ ਰੇਲ ਹਾਦਸੇ ਤੋਂ ਬਾਅਦ ਸੋਗ ਦੇ ਇਸ ਮਾਹੌਲ ਵਿਚ, ਜਿਸ ਤਰ੍ਹਾਂ ਦੀ ਸਿਆਸੀ ਆਪਾ-ਧਾਪੀ ਸਾਹਮਣੇ ਆਈ ਹੈ, ਉਸ ਨੇ ਹਰ ਸੰਜੀਦਾ ਸ਼ਖ਼ਸ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ। ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਨਿਸ਼ਾਨੇ ਉਤੇ ਕਾਂਗਰਸ ਸਰਕਾਰ ਵਿਚ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਧਰਮ ਪਤਨੀ ਹੈ। ਪੰਜਾਬ ਵਿਚ ਵਿਰੋਧੀ ਧਿਰ ਦੇ ਇਸ ਗੈਰ-ਜ਼ਿੰਮੇਵਾਰਾਨਾ ਰਵੱਈਏ ਨੇ ਸਭ ਦਾ ਮਨ ਦੁਖਾਇਆ ਹੈ। ਨਵਜੋਤ ਸਿੰਘ ਸਿੱਧੂ ਦੇ ਵਜ਼ਾਰਤ ਤੋਂ ਅਸਤੀਫ਼ੇ ਦੇ ਨਾਲ-ਨਾਲ ਸਬੰਧਤ ਸਮਾਗਮ ਦੀ ਮੁੱਖ ਮਹਿਮਾਨ ਨਵਜੋਤ ਕੌਰ ਸਿੱਧੂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ।ਇਥੋਂ ਤਕ ਕਿ ਅਕਾਲੀ-ਭਾਜਪਾ ਆਗੂਆਂ ਨੇ ਦੋਵਾਂ ਦੇ ਪੁਤਲੇ ਤਕ ਸਾੜੇ ਹਨ। ਅਜਿਹੇ ਮਾਹੌਲ ਵਿਚ ਜੇਕਰ ਆਪਣਿਆਂ ਦੀਆਂ ਮੌਤਾਂ ਨਾਲ ਆਹਤ ਹੋਏ ਲੋਕ ਭੜਕਦੇ ਹਨ ਤੇ ਕੋਈ ਹੋਰ ਜਾਨੀ-ਮਾਲੀ ਨੁਕਸਾਨ ਹੋ ਜਾਂਦਾ ਹੈ, ਤਾਂ ਇਸ ਹਾਦਸੇ ਤੋਂ ਵੀ ਮਾੜੀ ਗੱਲ ਹੋ ਸਕਦੀ ਹੈ। ਤੱਥ ਜੱਗ ਜ਼ਾਹਿਰ ਹੈ ਕਿ ਬੀਤੇ ਵਿਚ ਸਿੱਧੂ ਜੋੜੀ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਇਕ-ਦੂਜੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾਉਣ ਲਈ ਕਿਸ ਹੱਦ ਤੱਕ ਜਾਂਦੇ ਰਹੇ ਹਨ।ਆਮ ਮਾਹੌਲ ਵਿਚ ਲੋਕ ਇਨ੍ਹਾਂ ਦੀ ਕੁੱਕੜਾਂ ਵਾਂਗ ਲੜਾਈ ਦਾ ਮਨੋਰੰਜਨ ਵੀ ਕਰਦੇ ਰਹੇ ਹਨ ਪਰ ਇਸ ਦੁਖ ਦੀ ਘੜੀ ਵਿਚ ਸਿਆਸੀ ਰੋਟੀਆਂ ਸੇਕਣ ਦੀਆਂ ਕਾਰਵਾਈਆਂ ਨੂੰ ਫਿੱਟ-ਲਾਹਣਤਾਂ ਹੀ ਪਾਈਆਂ ਜਾ ਸਕਦੀਆਂ ਹਨ।
ਤਾਜ਼ਾ ਘਟਨਾਕ੍ਰਮ ਵਿਚ ਇਸ ਹਾਦਸੇ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਹੋ ਗਏ ਹਨ। ਰੇਲ ਵਿਭਾਗ ਨੇ ਭਾਵੇਂ ਇਸ ਹਾਦਸੇ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਪਟੜੀ ਪਾਰ ਕਰਨ ਦੇ ਮਾਮਲੇ ਨਾਲ ਜੋੜ ਕੇ ਪਹਿਲਾਂ ਤਾਂ ਜਾਂਚ ਕਰਵਾਉਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ ਪਰ ਹੁਣ ਏਡੀਜੀਪੀ (ਰੇਲਵੇ) ਨੂੰ ਜਾਂਚ ਕਰਨ ਲਈ ਕਹਿ ਦਿੱਤਾ ਗਿਆ ਹੈ।
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਹ ਹਾਦਸਾ ਜਿੰਨਾ ਦਿਲ ਕੰਬਾਊ ਹੈ, ਉਸ ਤੋਂ ਵੀ ਵੱਧ ਭਵਿੱਖ ਵਿਚ ਅਜਿਹੇ ਹਾਦਸੇ ਹੋਣ ਤੋਂ ਰੋਕਣ ਲਈ ਚਾਰਾਜੋਈ ਕਰਨ ਵਾਸਤੇ ਵੱਡੀ ਨਸੀਹਤ ਵੀ ਦਿੰਦਾ ਹੈ। ਸਰਕਾਰੀ ਪੱਧਰ ‘ਤੇ ਪਹਿਲਕਦਮੀ ਹੋਈ ਵੀ ਹੈ ਪਰ ਤਾਂ ਵੀ ਇਕ ਸਵਾਲ ਅਕਸਰ ਹੀ ਅਜਿਹੀਆਂ ਘਟਨਾਵਾਂ ਦੇ ਵਾਪਰਨ ਤੋਂ ਬਾਅਦ ਸਾਡੇ ਸਾਹਮਣੇ ਆ ਖਲੋਂਦਾ ਹੈ ਕਿ ਅਸੀਂ ਹਮੇਸ਼ਾ ਸੱਟ ਖਾਣ ਤੋਂ ਬਾਅਦ ਹੀ ਕਿਉਂ ਜਾਗਦੇ ਹਾਂ? ਸੱਪ ਲੰਘਣ ਤੋਂ ਬਾਅਦ ਹੀ ਲਕੀਰ ਕਿਉਂ ਪਿੱਟੀ ਜਾਂਦੀ ਹੈ। ਇਹ ਵੀ ਦੇਖਣ ਵਿਚ ਆਉਂਦਾ ਹੈ ਕਿ ਜਦੋਂ ਕੋਈ ਅਜਿਹੀ ਘਟਨਾ ਵਾਪਰਦੀ ਹੈ, ਤਾਂ ਅਸੀਂ ਬਹੁਤ ਹਾਲ-ਪਾਹਰਿਆਂ ਕਰਦੇ ਹਾਂ ਪਰ ਕੁਝ ਦਿਨਾਂ ਬਾਅਦ ਸਭ ਕੁਝ ਛੱਡ-ਛੁਡਾ ਦਿੱਤਾ ਜਾਂਦਾ ਹੈ।
ਦੁਸਹਿਰੇ ਵਾਲੇ ਦਿਨ ਮੁਲਕ ਵਿਚ ਅਣਗਿਣਤ ਥਾਵਾਂ ਉੱਤੇ ਰਾਵਣ ਦੇ ਪੁਤਲੇ ਸਾੜੇ ਗਏ। ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਬਹੁਤ ਸਾਰੀਆਂ ਵੀਡੀਓਜ਼ ਰਾਹੀਂ ਪਤਾ ਲਗਦਾ ਹੈ ਕਿ ਬੀਤੇ ਵਿਚ ਕਿੰਨੇ ਹੀ ਥਾਵਾਂ ‘ਤੇ ਹਾਦਸਿਆਂ ਤੋਂ ਵਾਲ-ਵਾਲ ਬਚਾਅ ਹੋਇਆ ਪਰ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਨੇ ਅਜਿਹੇ ਸਭ ਤੋਂ ਕੋਈ ਸਬਕ ਲਿਆ ਨਹੀਂ ਜਾਪਦਾ। ਕਿੰਨੇ ਹੀ ਧਾਰਮਿਕ ਅਸਥਾਨਾਂ ਉਤੇ ਕਿੰਨੀ ਹੀ ਵਾਰ ਆਮ ਹੀ ਮਚੀ ਭਗਦੜ ਲੋਕਾਂ ਦੀ ਜਾਨ ਲੈ ਚੁੱਕੀ ਹੈ ਪਰ ਪ੍ਰਸ਼ਾਸਨ ਹਮੇਸ਼ਾ ਹੀ ਲਾਪਰਵਾਹੀ ਵਾਲਾ ਰਵੱਈਆ ਅਖਤਿਆਰ ਕਰ ਕੇ ਰੱਖਦਾ ਹੈ। ਭਾਰਤੀ ਰੇਲਵੇ ਵਿਭਾਗ ਦਾ ਹਾਲ ਇਸ ਤੋਂ ਵੀ ਮਾੜਾ ਹੈ। ਹਰ ਸਾਲ ਟੁੱਟੀਆਂ ਪਟੜੀਆਂ ਕਾਰਨ ਹੀ ਹਾਦਸੇ ਹੁੰਦੇ ਰਹਿੰਦੇ ਹਨ।
ਅੰਮ੍ਰਿਤਸਰ ਹਾਦਸੇ ਤੋਂ ਬਾਅਦ ਜਿਸ ਤਰ੍ਹਾਂ ਦੀ ਸਿਆਸਤ ਸ਼ੁਰੂ ਹੋ ਗਈ ਹੈ, ਉਸ ਤੋਂ ਜਾਪਦਾ ਹੈ ਕਿ ਸਾਡੇ ਰਾਜਨੇਤਾ ਸਿਵਾਏ ਸੱਤਾ ਦੀ ਭੁੱਖ ਪੂਰੀ ਕਰਨ ਤੋਂ, ਕੋਈ ਸਾਰਥਕ ਕੰਮ ਕਰਨ ਦੀ ਇੱਛਾ ਹੀ ਨਹੀਂ ਰੱਖਦੇ। ਇਹ ਸਮਾਜ ਅਤੇ ਦੇਸ਼ ਪਤੀ ਇਕ ਬੇਹੱਦ ਗੈਰਜ਼ਿੰਮੇਵਾਰਾਨਾ ਰਵੱਈਆ ਹੈ। ਇਹ ਭਾਰਤੀ ਸਿਆਸਤ ਦੇ ਨਿਘਾਰ ਦੀ ਅੱਤ ਹੀ ਆਖੀ ਜਾ ਸਕਦੀ ਹੈ ਕਿ ਸਾਡੇ ਆਗੂ ਅਜਿਹੇ ਭਿਆਨਕ ਹਾਦਸਿਆਂ ਮੌਕੇ ਵੀ ਗਲੀ ਦੇ ਮੁਸ਼ਟੰਡਿਆਂ ਵਾਂਗ, ਇਕ-ਦੂਜੇ ਨੂੰ ਲਲਕਾਰਦੇ ਤੇ ਮਿਹਣੇ ਮਾਰਦੇ ਹਨ।
ਜੇ ਗੱਲ ਪੰਜਾਬ ਦੀ ਤੇ ਸਿੱਖ ਵਿਰਾਸਤ ਦੀ ਕਰੀਏ ਤਾਂ ਸਾਡੇ ਕੋਲ ਦੁਸ਼ਮਣ ਦੀ ਮੌਤ ਦਾ ਵੀ ਦੁਖ ਹੀ ਮਨਾਉਣ ਦੀ ਪਿਰਤ ਹੈ, ਅਤੇ ਇਸ ਦੀਆਂ ਮਿਸਾਲਾਂ ਵੀ ਹਨ। ਇਥੇ ਤਾਂ ਫਿਰ ਵੀ ਬੇਦੋਸ਼ ਗਰੀਬ ਲੋਕਾਂ ਦਾ ਖੂਨ ਵਗਿਆ ਹੈ। ਹਾਂ ਭਗਵੀਂ ਰਾਜਨੀਤੀ ਦਾ ਕੇਂਦਰ ਕਥਿਤ ਚਾਣਕਿਆਂ-ਨੀਤੀ ਜ਼ਰੂਰ ”ਸਾਮ-ਦਾਮ-ਦੰਡ-ਭੇਦ” ਹੀ ਸਿਖਾਉਂਦੀ ਹੈ। ਇਥੇ ਨੇਤਾਵਾਂ ਦੇ ਸਿਰ ਨੂੰ ”ਚਾਣਕਿਆਂ” ਕੁਝ ਜ਼ਿਆਦਾ ਹੀ ਚੜ੍ਹਿਆ ਹੋਇਆ ਜਾਪਦਾ ਹੈ। ਪੰਜਾਬ ਦੇ ਸਮਾਜ, ਸੱਭਿਆਚਾਰ ਤੇ ਸਿੱਖ ਫਲਸਫੇ ਵਿਚ ਸਿਰਫ ਸੱਤਾ ਹਾਸਲ ਕਰਨ ਲਈ ਅਜਿਹੀਆਂ ਸੰਵੇਦਨਹੀਣ ”ਰਾਜ-ਨੀਤੀਆਂ” ਲਈ ਕੋਈ ਥਾਂ ਨਹੀਂ ਹੈ।