ਪੈਸਾ ਵੰਡਣ ਤੋਂ ਰੋਕਿਆ ਤਾਂ ਅਕਾਲੀ ਸਰਪੰਚ ਨੇ ਸਾਬਕਾ ਕਾਂਗਰਸੀ ਸਰਪੰਚ ਦਾ ਹੱਥ ਵੱਢਿਆ

ਪੈਸਾ ਵੰਡਣ ਤੋਂ ਰੋਕਿਆ ਤਾਂ ਅਕਾਲੀ ਸਰਪੰਚ ਨੇ ਸਾਬਕਾ ਕਾਂਗਰਸੀ ਸਰਪੰਚ ਦਾ ਹੱਥ ਵੱਢਿਆ

ਅਕਾਲੀਆਂ ਨੇ ਘਰ ਆ ਕੇ ਕੀਤਾ ਹਮਲਾ, ਗਵਾਂਢੀ ਦੀਆਂ ਉਂਗਲਾਂ ਵੀ ਵੱਢੀਆਂ
ਪੱਟੀ/ਬਿਊਰੋ ਨਿਊਜ਼ :
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਹਲਕੇ ਪੱਟੀ ਵਿਚ ਇਕ ਸਾਬਕਾ ਕਾਂਗਰਸੀ ਸਰਪੰਚ ਦਾ ਹੱਥ ਵੱਢ ਦਿੱਤਾ ਗਿਆ। ਐਫ.ਆਈ.ਆਰ. ਮੁਤਾਬਕ, ਸਾਬਕਾ ਕਾਂਗਰਸੀ ਸਰਪੰਚ ਹਰਜਿੰਦਰ ਸਿੰਘ ਬੋਪਾਰਾਏ ਨੇ ਬੁੱਧਵਾਰ ਦੇਰ ਰਾਤ ਅਕਾਲੀ ਸਰਪੰਚ ਸੁਖਦੇਵ ਸਿੰਘ ਨੂੰ ਪੈਸੇ ਵੰਡਣ ਤੋਂ ਰੋਕਿਆ ਸੀ। ਸੁਖਦੇਵ ਅਕਾਲੀ ਵਰਕਰਾਂ ਨਾਲ ਮਿਲ ਕੇ ਲੋਕਾਂ ਨੂੰ ਦੋ-ਦੋ ਹਜ਼ਾਰ ਰੁਪਏ ਦੇ ਨੋਟ ਵੰਡ ਰਿਹਾ ਸੀ। ਚੋਣ ਕਮਿਸ਼ਨ ਮੁਤਾਬਕ, ਪੱਟੀ ਤੋਂ ਜ਼ਿਆਦਾ ਸੰਵੇਦਨਸ਼ੀਲ ਮੁੱਖ ਮੰਤਰੀ ਦਾ ਹਲਕਾ ਲੰਬੀ, ਉਪ ਮੁੱਖ ਮੰਤਰੀ ਦਾ ਹਲਕਾ ਜਲਾਲਾਬਾਦ ਤੇ ਬਿਕਰਮ ਮਜੀਠੀਆ ਦਾ ਹਲਕਾ ਮਜੀਠਾ ਹੈ।
ਵੀਰਵਾਰ ਸਵੇਰੇ ਅਕਾਲੀ ਸਰਪੰਚ 8 ਲੋਕਾਂ ਸਮੇਤ ਸਾਬਕਾ ਕਾਂਗਰਸੀ ਸਰਪੰਚ ਦੇ ਘਰ ਪਹੁੰਚਿਆ ਤੇ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰ ਨਾਲ ਇਕ ਹੱਥ ਵੱਢ ਦਿੱਤਾ, ਨਾਲ ਹੀ ਇਕ ਹੋਰ ਵਿਅਕਤੀ ਦੀਆਂ ਦੋ ਉਂਗਲਾਂ ਵੱਢ ਦਿੱਤੀਆਂ।
ਹਮਲਾਵਰਾਂ ਵਿਚ ਇਕ ਔਰਤ ਵੀ ਸ਼ਾਮਲ
ਅੰਮ੍ਰਿਤਸਰ ਦੇ ਹਸਪਤਾਲ ਵਿਚ ਭਰਤੀ ਹਰਜਿੰਦਰ ਨੇ ਦੱਸਿਆ, ‘ਅਕਾਲੀ ਸਰਪੰਚ ਸੁਖਦੇਵ ਵੋਟਰਾਂ ਨੂੰ ਆਪਣੇ ਹੱਕ ਵਿਚ ਕਰਨ ਲਈ ਦੋ-ਦੋ ਹਜ਼ਾਰ ਰੁਪਏ ਦੇ ਨੋਟ ਵੰਡ ਰਿਹਾ ਸੀ। ਉਹ ਘਟਨਾ ਰਾਤ 7 ਤੋਂ 8 ਵਜੇ ਦੀ ਹੈ। ਸੂਚਨਾ ਮਿਲੀ ਤਾਂ ਅਸੀਂ ਵਿਰੋਧ ਕਰਨ ਪਹੁੰਚ ਗਏ। ਸੁਖਦੇਵ ਦੇ ਨਾਲ ਵਰਿਆਮ ਸਿੰਘ, ਬਲਸੇਵਕ ਸਿੰਘ, ਚਰਨ ਸਿੰਘ, ਸਤਨਾਮ ਸਿੰਘ, ਗੁਰਲਾਲ ਸਿੰਘ, ਨਰਿੰਦਰ ਕੌਰ ਤੇ ਜਗਸੀਰ ਸਿੰਘ ਸਨ। ਅਸੀਂ ਉਨ੍ਹਾਂ ਨੂੰ ਰੋਕਿਆ ਤਾਂ ਝੜਪ ਹੋ ਗਈ। ਲੋਕਾਂ ਨੇ ਵਿਚ ਪੈ ਕੇ ਬਚਾਅ ਕਰਕੇ ਮਾਮਲਾ ਸ਼ਾਂਤ ਕਰਵਾਇਆ। ਇਸ ਤੋਂ ਬਾਅਦ ਅਸੀਂ ਘਰ ਆ ਗਏ।’ ਪੁਲੀਸ ਅਨੁਸਾਰ ਸਵੇਰੇ ਸਾਢੇ ਸੱਤ ਵਜੇ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਲੈ ਹੋ ਕੇ ਘਰ ‘ਤੇ ਹੀ ਹਮਲਾ ਕਰ ਦਿੱਤਾ। ਇਸ ਵਿਚ ਹਰਜਿੰਦਰ ਦਾ ਹੱਥ ਵੱਢਿਆ ਗਿਆ।
ਚੋਣ ਕਮਿਸ਼ਨ ਨੂੰ ਭੇਜੀ ਸ਼ਿਕਾਇਤ
ਕਾਂਗਰਸ ਨੇ ਇਸ ਘਟਨਾ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਵੀ ਭੇਜੀ ਹੈ। ਸ਼ਿਕਾਇਤ ਵਿਚ ਲਿਖਿਆ ਹੈ ਕਿ ਹਲਕੇ ਵਿਚ ਪੈਸੇ ਵੰਡਣ ਤੋਂ ਰੋਕਣ ਲਈ ਚੋਣ ਕਮਿਸ਼ਨ ਨੂੰ ਵਿਸ਼ੇਸ਼ ਟੀਮਾਂ ਬਣਾਉਣੀਆਂ ਚਾਹੀਦੀਆਂ ਸਨ। ਡੀ.ਐਸ.ਪੀ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਇਕ ਔਰਤ ਸਮੇਤ ਕੁੱਲ 8 ਵਿਅਕਤੀਆਂ ‘ਤੇ ਕੇਸ ਦਰਜ ਕਰ ਲਿਆ ਗਿਆ ਹੈ। ਸਾਰੇ ਮੁਲਜ਼ਮ ਫਰਾਰ ਹਨ।