ਕੈਪਟਨ ਹੋਣਗੇ ਮੁੱਖ ਮੰਤਰੀ ਦੇ ਉਮੀਦਵਾਰ : ਰਾਹੁਲ

ਕੈਪਟਨ ਹੋਣਗੇ ਮੁੱਖ ਮੰਤਰੀ ਦੇ ਉਮੀਦਵਾਰ : ਰਾਹੁਲ

ਮਜੀਠਾ (ਅੰਮ੍ਰਿਤਸਰ)/ਬਿਊਰੋ ਨਿਊਜ਼
‘ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ‘ਤੇ ‘ਚਿੱਟੇ’ ਵਰਗੇ ਨਸ਼ਿਆਂ ਖਿਲਾਫ ਸਖ਼ਤ ਕਾਨੂੰਨ ਬਣਾਵਾਂਗੇ, ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਸਖ਼ਤ ਸ਼ਜਾਵਾਂ ਦਿਵਾ ਕੇ ਜੇਲ੍ਹਾਂ ‘ਚ ਸੁੱਟਾਂਗੇ ਤੇ ਪਿਛਲੇ 10 ਸਾਲਾਂ ਤੋਂ ਬਾਦਲ ਪਰਿਵਾਰ ਵੱਲੋਂ ਪੰਜਾਬ ਅਤੇ ਪੰਜਾਬੀਆਂ ਦਾ ਲੁੱਟਿਆ ਪੈਸਾ ਵਾਪਸ ਲਿਆਵਾਂਗੇ।’ ਇਹ ਐਲਾਨ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਆਪਣੀ ਪੰਜਾਬ ਦੀ ਪਲੇਠੀ ਚੋਣ ਰੈਲੀ ਦੌਰਾਨ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਗੜ੍ਹ ਮਜੀਠਾ ਵਿਖੇ ਵੱਡੀ ਗਿਣਤੀ ‘ਚ ਜੁੜੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ । ਇਸ ਦੇ ਨਾਲ ਹੀ ਕਾਂਗਰਸੀ ਖੇਮਿਆਂ ‘ਚ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਸਬੰਧੀ ਚੱਲ ਰਹੀਆਂ ਕਿਆਸ ਅਰਾਈਆਂ ਨੂੰ ਵਿਰਾਮ ਲਗਾਉਂਦਿਆਂ ਰਾਹੁਲ ਗਾਂਧੀ ਨੇ ਐਲਾਨ ਕੀਤਾ ਕਿ ਕਾਂਗਰਸ ਦੀ ਸਰਕਾਰ ਬਨਣ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਗੇ । ਪਾਰਟੀ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਤੇ ਲੋਕ ਸਭਾ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਦਾਣਾ ਮੰਡੀ ਮਜੀਠਾ ਵਿਖੇ ਹੋਈ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪੰਜ ਦਰਿਆਵਾਂ ਵਾਲੀ ਪੰਜਾਬ ਦੀ ਧਰਤੀ ‘ਤੇ ਕਦੇ ਨੂਰ ਬਰਸਦਾ ਸੀ, ਤੇ ਇਸ ਪੰਜਾਬ ਦੀ ਧਰਤੀ ਤੋਂ ਸਾਰੇ ਦੇਸ਼ ਵਿੱਚ ਨੂਰ ਫੈਲਦਾ ਸੀ । ਉਨ੍ਹਾਂ ਕਿਹਾ ਕਿ ਪੰਜਾਬ ਪੂਰੇ ਦੇਸ਼ ਦਾ ਪੇਟ ਭਰਦਾ ਸੀ ਤੇ ਪੰਜਾਬ ਦੀ ਤਾਕਤ ਨਾਲ ਹੀ ਹਿੰਦੁਸਤਾਨ ਅੱਗੇ ਵਧਦਾ ਸੀ । ਬਾਦਲ ਪਰਿਵਾਰ ਦੇ ਪੰਜਾਬ ‘ਚ 10 ਵਰ੍ਹਿਆਂ ਦੇ ਰਾਜ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਅਸਮਾਨ ‘ਚ ਬੱਦਲ ਆਉਣ ਤਾਂ ਕਿਸਾਨਾਂ ਦੇ ਚਿਹਰੇ ਖਿੜ ਉੱਠਦੇ ਹਨ ਪਰ ਜਦੋਂ ਦੇ ਪੰਜਾਬ ‘ਚ ਬਾਦਲ ਆਏ ਹਨ ਪੰਜਾਬ ‘ਚ ਹਨੇਰਾ ਛਾਇਆ ਹੋਇਆ ਹੈ । ਪੰਜਾਬ ‘ਚ ਚਿੱਟੇ ਵਰਗੇ ਨਸ਼ਿਆਂ ਦੀ ਵਿਕਰੀ ਦੀ ਗੱਲ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਕੁੱਝ ਸਾਲ ਪਹਿਲਾਂ ਜਦੋਂ ਪੰਜਾਬ ‘ਚ ਪਹਿਲੀ ਵਾਰ ਨਸ਼ਿਆਂ ਦੀ ਵਿਕਰੀ ਦੀ ਗੱਲ ਕੀਤੀ ਸੀ ਕਿ ਪੰਜਾਬ ‘ਚ 70 ਪ੍ਰਤੀਸ਼ਤ ਨੌਜਵਾਨ ਨਸ਼ਿਆਂ ‘ਚ ਗ੍ਰਸਤ ਹਨ, ਤੇ ਉਦੋਂ ਮੇਰੀ ਗੱਲ ਦਾ ਮਜ਼ਾਕ ਉਡਾਇਆ ਗਿਆ ਸੀ, ਪਰ ਅੱਜ ਪੂਰਾ ਪੰਜਾਬ ਚਿੱਟੇ ਵਰਗੇ ਨਸ਼ਿਆਂ ‘ਚ ਵਹਿ ਰਿਹਾ ਹੈ । ਉਨ੍ਹਾਂ ਕਿਹਾ ਅਕਾਲੀ ਦਲ-ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਨਅਤ ਪੰਜਾਬ ‘ਚੋਂ ਬਾਹਰ ਜਾ ਰਹੀ ਹੈ ਤੇ ਇਥੇ ਦੇ ਨੌਜਵਾਨਾਂ ਨੂੰ ਆਪਣਾ ਭਵਿੱਖ ਦਿਖਾਈ ਨਹੀਂ ਦੇ ਰਿਹਾ । ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਕਾਰੋਬਾਰ ਵਿੱਚ ਬਾਦਲ ਪਰਿਵਾਰ ਦੀ ਹੀ ਅਜ਼ਾਰੇਦਾਰੀ ਹੈ । ਕਿਸੇ ਦਾ ਨਾਂਅ ਲਏ ਬਿਨਾਂ ਰਾਹੁਲ ਨੇ ਕਿਹਾ ਕਿ ਜਿਹੜੇ ਲੋਕ ਚਿੱਟੇ ਦਾ ਕਾਰੋਬਾਰ ਕਰਦੇ ਹਨ, ਉਹ ਕੰਨ ਖੋਲ੍ਹ ਕੇ ਸੁਣ ਲੈਣ, ਕਿ ਪੰਜਾਬ ‘ਚ ਕਾਂਗਰਸ ਦੀ ਸਰਕਾਰ ਬਨਣ ‘ਤੇ ਚਿੱਟੇ ਵਰਗੇ ਨਸ਼ਿਆਂ ਵਿਰੁੱਧ ਸਖਤ ਕਾਨੂੰਨ ਬਣਾਵਾਂਗੇ ਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਜੇਲ੍ਹਾਂ ‘ਚ ਡੱਕਾਂਗੇ । ਆਪਣੇ 30 ਮਿੰਟ ਦੇ ਕਰੀਬ ਭਾਸ਼ਣ ਦੌਰਾਨ ਬਾਦਲ ਪਰਿਵਾਰ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੋਦੀਖਾਨੇ ਵਾਲੀ ‘ਤੇਰਾਂ ਤੇਰਾਂ’ ਤੋਲਣ ਵਾਲੀ ਸਾਖੀ ਦੇ ਕੁੱਝ ਅੰਸ਼ ਸਾਂਝੇ ਕਰਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ‘ਤੇਰਾ ਤੇਰਾ’ ਦਾ ਸਿਧਾਂਤ ਦੇ ਕੇ ਸੇਵਾ ਕਰਨ ਦੀ ਜਾਚ ਦੱਸੀ, ਪਰ ਬਾਦਲ ਪਰਿਵਾਰ ਨੇ 10 ਸਾਲਾਂ ਦੇ ਰਾਜ ਦੌਰਾਨ ਸੇਵਾ ਦੇ ਇਸ ਸਿਧਾਂਤ ਦੇ ਉਲਟ ਜਾ ਕੇ ‘ਮੇਰਾ ਮੇਰਾ’ ਕਹਿ ਕੇ ਪੰਜਾਬ ਤੇ ਪੰਜਾਬੀਆਂ ਨੂੰ ਲੁੱਟਿਆ ਹੈ ।
ਬਾਦਲ ਅਕਾਲੀ ਦਲ ‘ਤੇ ਨਸ਼ਿਆਂ ਤੋਂ ਇਲਾਵਾ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਵਾਲੇ ਇਕ ਦਰਜਨ ਦੇ ਕਰੀਬ ਗੈਰਕਾਨੂੰਨੀ ਕਾਰੋਬਾਰ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਜਿਸ ਮੋੜ ‘ਤੇ ਪੰਜਾਬ ਨੂੰ ਪਹੁੰਚਾ ਦਿੱਤਾ ਗਿਆ ਹੈ ਉਸਤੋਂ ਵਾਪਸੀ ਸਾਨੂੰ ਆਪਣੇ ਖੂਨ ਪਸੀਨੇ ਨਾਲ ਕਰਨੀ ਪਵੇਗੀ । ਉਨ੍ਹਾਂ ਕਿਹਾ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਦਾ ਬਾਦਲ ਪਰਿਵਾਰ ਵੱਲੋਂ ਲੁੱਟਿਆ ਪੈਸਾ ਵਾਪਸ ਲਿਆਵਾਂਗੇ ।
ਪ੍ਰਧਾਨ ਮੰਤਰੀ ਨਰਿੰਦਰ ‘ਤੇ ਵਰ੍ਹਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਸ੍ਰੀ ਮੋਦੀ ਜੋ ਕਿ ਭ੍ਸ਼ਿਟਾਚਾਰ ਵਿਰੁੱਧ ਲੜਾਈ ਲੜਨ ਦੀ ਗੱਲ ਕਰਦੇ ਹਨ, ਪਰ ਜਦੋਂ ਉਹ ਪੰਜਾਬ ਆਉਂਦੇ ਹਨ ਤਾਂ ਸੁਖਬੀਰ ਸਿੰਘ ਬਾਦਲ ਵਰਗੇ ਲੋਕਾਂ ਨਾਲ ਖੜਦੇ ਹਨ, ਜੋ ਕਥਿੱਤ ਤੌਰ ‘ਤੇ ਭ੍ਸ਼ਿਟਾਚਾਰ ਵਿੱਚ ਲਿਪਤ ਹਨ । ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀ ਲੈਂਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਕੇਜਰੀਵਾਲ ਵੱਲੋਂ ਪੂਰੇ ਨਹੀਂ ਕੀਤੇ ਗਏ ਤੇ ਹੁਣ ਪੰਜਾਬ ਦੇ ਲੋਕਾਂ ਨਾਲ ਝੂਠ ਵਾਅਦੇ ਕਰਕੇ ਉਹ ਮੁੱਖ ਮੰਤਰੀ ਪੰਜਾਬ ਬਨਣ ਦੇ ਸੁਪਨੇ ਲੈ ਰਹੇ ਹਨ ਜੋ ਕਿ ਕਦੇ ਪੂਰੇ ਨਹੀਂ ਹੋਣਗੇ । ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੀ ਚੋਣ ਜਿੱਤਣ ਲਈ ਦਿੱਲੀ ਤੋਂ 40 ਹਜ਼ਾਰ ਲੋਕ ਪੰਜਾਬ ਵਿੱਚ ਬਿਠਾਈ ਬੈਠਾ ਹੈ ਲੇਕਿਨ ਨੀਤੀ ਕੋਈ ਨਹੀਂ ਹੈ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦਾ ਹੀ ਹੋਣਾਂ ਚਾਹੀਦਾ ਹੈ ਤੇ ਕਾਂਗਰਸ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਗੇ ਤੇ ਉਹ ਆਪਣੇ ਸਾਥੀ ਪਾਰਟੀ ਵਰਕਰਾਂ ਤੇ ਸੂਬੇ ਦੇ ਲੋਕਾਂ ਨੂੰ ਨਾਲ ਲੈ ਕੇ ਕੰਮ ਕਰਨਗੇ ਤੇ ਪੰਜਾਬ ਨੂੰ ਮੁੜ ਪਹਿਲਾਂ ਵਾਲੇ ਰੂਪ ਵਿੱਚ ਬਹਾਲ ਕੀਤਾ ਜਾਵੇਗਾ । ਉਨ੍ਹਾਂ ਸੱਦਾ ਦਿੱਤਾ ਹੈ ਕਿ ਨਸ਼ੇ ਦੇ ਸਰਪ੍ਰਸਤਾਂ ਅਤੇ ਸੂਬੇ ਦੀ ਆਰਥਿਕਤਾ ਤਬਾਹ ਕਰਨ ਵਾਲਿਆਂ ਦੀਆਂ ਜੜ੍ਹਾਂ ਤੁਸੀਂ ਉਖਾੜ ਦਿਓ, ਅਸੀਂ ਉਨ੍ਹਾਂ ਨੂੰ ਭੱਜਣ ਨਹੀਂ ਦਿਆਂਗੇ । ਇਸ ਤੋ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ, ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਵੱਲੋਂ ਪੰਜਾਬ ਦੇ ਸੰਭਾਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਬੋਧਨ ‘ਚ ਬਾਦਲ ਪਾਰਟੀ ਵੱਲੋਂ ਫੈਲਾਏ ਮਾਫੀਆ ਰਾਜ ਅਤੇ ਗੁੰਡਾ ਅਨਸਰਾਂ ਦੀ ਸਰਪ੍ਰਸਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ‘ਚ ਕਾਂਗਰਸ ਸਰਕਾਰ ਬਨਣ ‘ਤੇ 4 ਹਫਤਿਆਂ ‘ਚ ਕਾਨੂੰਨ ਬਣਾ ਕੇ ਨਸ਼ੇ ਵੇਚਣ ਵਾਲਿਆਂ ਦੀਆਂ ਜਾਇਦਾਦਾਂ ਜ਼ਬਤ ਕਰਾਂਗੇ । ਕੈਪਟਨ ਨੇ ਕਿਹਾ ਕਿ ਪੰਜਾਬ ਜੋ ਕਿ ਕਦੇ ਦੇਸ਼ ਦਾ ਨੰਬਰ 1 ਸੂਬਾ ਸੀ, ਅਕਾਲੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹੁਣ 19ਵੇਂ ਨੰਬਰ ‘ਤੇ ਪੁੱਜ ਗਿਆ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੀ ਅਬਾਦੀ 2 ਕਰੋੜ ਹੈ ਤੇ 18 ਤੋਂ 35 ਸਾਲ ਤੱਕ ਦੇ 90 ਲੱਖ ਨੌਜਵਾਨਾਂ ‘ਚੋਂ 5 ਲੱਖ ਨੌਜਵਾਨਾਂ ਤੇ ਪਰਚੇ ਦਰਜ ਕੀਤੇ ਗਏ ਹਨ ਤੇ ਮਜੀਠਾ ਹਲਕਾ ਅਜਿਹੇ ਪਰਚਿਆਂ ਨਾਲ ਭਰਿਆ ਪਿਆ ਹੈ । ਉਨ੍ਹਾਂ ਨਸ਼ਿਆਂ, ਭ੍ਸ਼ਿਟਾਚਾਰ ਤੇ ਝੂਠੇ ਪਰਿਚਆਂ ਲਈ ਸ: ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੂੰ ਦੋਸ਼ੀ ਠਹਿਰਾਉਂਦਿਆ ਕਿਹਾ ਕਿ ਕਾਂਗਰਸ ਸਰਕਾਰ ਆਉਣ ‘ਤੇ ਸਾਰੇ ਝੂਠੇ ਪਰਚੇ ਰੱਦ ਕਰਾਂਗੇ, ਹਰ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਵਾਂਗੇ, ਕਿਸਾਨਾਂ ਦੇ ਕਰਜ਼ਿਆਂ ਦਾ ਭਾਰ ਆਪਣੇ ਮੋਢਿਆਂ ਤੇ ਚੁੱਕਾਂਗੇ ।

ਸਰਕਾਰ ਬਣਨ ‘ਤੇ ‘ਮਜੀਠੇ ਆਲੇ’ ਨੂੰ ਮੂਧਾ ਟੰਗਾਂਗੇ-ਸਿੱਧੂ
ਹਾਲ ਹੀ ਵਿੱਚ ਭਾਜਪਾ ਛੱਡ ਕੇ ਕਾਂਗਰਸ ‘ਚ ਸ਼ਾਮਿਲ ਹੋਏ ਪਾਰਟੀ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਆਪਣੇ ਰਵਾਇਤੀ ਅੰਦਾਜ਼ ‘ਚ ਆਪਣੀ ਸ਼ੇਅਰੋ ਸ਼ਾਇਰੀ ਤੇ ਸਿਆਸੀ ਭਾਸ਼ਣ ਦੇ ਚੌਕੇ ਛੱਕੇ ਮਾਰਦਿਆਂ ਮਜੀਠਾ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ 4 ਫਰਵਰੀ ਵਾਲੇ ਦਿਨ ਵੋਟਾਂ ਦਾ ਐਸਾ ਛੱਕਾ ਮਾਰੋ ਕਿ ਬਾਦਲ ਪੰਜਾਬ ਦੀ ਧਰਤੀ ਤੋਂ ਬਾਹਰ ਜਾ ਡਿੱਗਣ । ਉਨ੍ਹਾਂ ਕਿਹਾ ਕਿ ਸਰਕਾਰ ਬਣ ਲੈਣ ਦਿਉ ਕੁੱਝ ਦਿਨਾਂ ਬਾਅਦ ਹੀ ‘ਮਜੀਠੇ ਆਲੇ’ ਨੂੰ ਮੂੰਧਾ ਟੰਗਾਂਗੇ ਤੇ ਜਲੇਬੀ ਵਾਂਗੂੰ ਕੱਠਾ ਕਰਾਂਗੇ । ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਤੇ ਵਰ੍ਹਦਿਆਂ ਸਿੱਧੂ ਨੇ ਕਿਹਾ ਕਿ ਦੋਵਾਂ ਨੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਖਰਾਬ ਕਰ ਦਿੱਤੀ । ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਪਰਿਵਾਰ ਨੇ ਪੰਜਾਬ ਦੇ 70 ਹਜ਼ਾਰ ਕਰੋੜ ਰੁਪਏ ਦੀ ਕਥਿਤ ਚੋਰੀ ਕੀਤੀ ਹੈ ਤੇ ਇਨ੍ਹਾਂ ਵੱਲੋਂ ਲੁੱਟਿਆ ਪੰਜਾਬ ਤੇ ਪੰਜਾਬੀਆਂ ਦਾ ਪੈਸਾ ਵਾਪਸ ਲਿਆਵਾਂਗੇ । ਉਨ੍ਹਾਂ ਕਿਹਾ ਕਿ ਮਜੀਠਾ ਹਲਕੇ ‘ਚ ਮਜੀਠੀਆ ਦੀ ਸ਼ਹਿ ‘ਤੇ ਹੋਏ ਸਾਰੇ ਨਜਾਇਜ਼ ਪਰਚੇ ਰੱਦ ਕਰਾਵਾਂਗੇ ।
ਇਸ ਤੋਂ ਪਹਿਲਾਂ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਲਾਲੀ ਮਜੀਠੀਆ ਰਾਹੁਲ ਗਾਂਧੀ ਤੇ ਕੈਪਟਨ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਮੈਨੂੰ ਜਿੱਤ ਪ੍ਰਾਪਤ ਕਰਕੇ ਕੋਈ ਮੰਤਰੀ ਪਦ ਨਹੀਂ ਚਾਹੀਦਾ, ਬੱਸ ਇੱਕ ਹਫ਼ਤੇ ਲਈ ਮਜੀਠੀਆ ਮੇਰੇ ਹਵਾਲੇ ਜ਼ਰੂਰ ਕਰ ਦਿਓ । ਇਸ ਤੋਂ ਪਹਿਲਾਂ ਕਾਂਗਰਸ ਦੀ ਜਨਰਲ ਸਕੱਤਰ ਆਸ਼ਾ ਕੁਮਾਰੀ ਤੇ ਲੋਕ ਸਭਾ ਜ਼ਿਮਨੀ ਚੋਣ ਲਈ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਵੀ ਸੰਬੋਧਨ ਕੀਤਾ । ਇਸ ਮੌਕੇ ਸ੍ਰੀ ਰਮੇਸ਼ ਕੁਮਾਰ, ਡਾ: ਰਾਜ ਕੁਮਾਰ ਵੇਰਕਾ, ਓਮ ਪ੍ਰਕਾਸ਼ ਸੋਨੀ, ਜੁਗਲ ਕਿਸ਼ੋਰ ਸ਼ਰਮਾ, ਤਰਸੇਮ ਸਿੰਘ ਡੀ.ਸੀ., ਸੁਖਵਿੰਦਰ ਸਿੰਘ ਡੈਨੀ ਤੋਂ ਇਲਾਵਾ ਕਾਂਗਰਸੀ ਆਗੂ ਤਜਿੰਦਰ ਸਿੰਘ ਬਿੱਟੂ, ਜਸਵਿੰਦਰ ਸਿੰਘ ਰਮਦਾਸ, ਜੋਗਿੰਦਰ ਪਾਲ ਢੀਂਗਰਾ ਸਮੇਤ ਹੋਰ ਅਨੇਕਾਂ ਕਾਂਗਰਸੀ ਆਗੂ ਤੇ ਕਈ ਪਿੰਡਾਂ ਦੇ ਪੰਚਾਂ ਸਰਪੰਚਾਂ ਸਮੇਤ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ । ਰਾਹੁਲ ਗਾਂਧੀ, ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ ਤੇ ਲਾਲੀ ਮਜੀਠੀਆ ਦੇ ਭਾਸ਼ਣਾਂ ਦੌਰਾਨ ਪੰਡਾਲ ਵਾਰ ਵਾਰ ਤਾੜੀਆਂ ਤੇ ਜੈਕਾਰਿਆਂ ਨਾਲ ਗੂੰਜਦਾ ਰਿਹਾ । ਔਰਤਾਂ ਦੀ ਵੀ ਭਰਵੀਂ ਸ਼ਮੂਲੀਅਤ ਰਹੀ । ਸਮਾਗਮ ਦੌਰਾਨ ਸਾਰੇ ਬੁਲਾਰਿਆਂ ਦਾ ਗੁੱਸਾ ਅਕਾਲੀ ਦਲ ਤੇ ਬਾਦਲ ਪਰਿਵਾਰ ਤੇ ਬਿਕਰਮ ਸਿੰਘ ਮਜੀਠੀਆ ਤੇ ਹੀ ਕੇਂਦਰਿਤ ਰਿਹਾ ਤੇ ਭਾਜਪਾ ਤੇ ਆਪ ‘ਤੇ ਤਵੇ ਅਕਾਲੀਆਂ ਨਾਲੋਂ ਘੱਟ ਹੀ ਲੱਗੇ