ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੀ ਪਤਨੀ ‘ਤੇ ਹਮਲਾ

ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੀ ਪਤਨੀ ‘ਤੇ ਹਮਲਾ

ਕੈਪਸ਼ਨ-ਹਮਲਾਵਰਾਂ ਵੱਲੋਂ ਭੰਨੀ ਗੱਡੀ ਦਿਖਾਉਂਦੇ ਹੋਏ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਅਤੇ ਉਸ ਦੀ ਪਤਨੀ ਕੋਮਲਪ੍ਰੀਤ ਕੌਰ।
ਲੁਧਿਆਣਾ/ਬਿਊਰੋ ਨਿਊਜ਼ :
ਇਥੇ ਦੁੱਗਰੀ ਦੇ ਬਸੰਤ ਵਿਹਾਰ ਵਿਚ ਆਤਮ ਨਗਰ ਤੋਂ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੀ ਪਤਨੀ ਕੋਮਲਪ੍ਰੀਤ ਕੌਰ ‘ਤੇ ਮੋਟਰਸਾਈਕਲ ਸਵਾਰਾਂ ਨੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਭੱਜ ਕੇ ਆਪਣੇ ਆਪ ਨੂੰ ਬਚਾਇਆ।ਇਸ ਬਾਅਦ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ਦੀ ਕਾਰ ਦੀ ਭੰਨਤੋੜ ਕੀਤੀ।
ਇਸ ਖ਼ਿਲਾਫ਼ ਕਾਂਗਰਸ ਦੇ ਸਮਰਥਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਸੂਚਨਾ ਮਿਲਣ ‘ਤੇ ਸ੍ਰੀ ਕੜਵਲ ਵੀ ਮੌਕੇ ‘ਤੇ ਪੁੱਜ ਗਏ। ਥਾਣਾ ਦੁੱਗਰੀ ਦੀ ਪੁਲੀਸ ਵੀ ਆ ਗਈ ਸੀ ਪਰ ਕਾਂਗਰਸ ਸਮਰਥਕਾਂ ਵੱਲੋਂ ਕੋਈ ਸ਼ਿਕਾਇਤ ਦਰਜ ਨਹੀਂ ਕਰਾਈ ਗਈ। ਕਮਲਜੀਤ ਕੜਵਲ ਨੇ ਡੀਜੀਪੀ ਪੰਜਾਬ ਤੇ ਚੋਣ ਕਮਿਸ਼ਨ ਤੋਂ ਆਤਮ ਨਗਰ ਇਲਾਕੇ ਵਿਚ ਕਾਨੂੰਨ ਵਿਵਸਥਾ ਨੂੰ ਸਹੀ ਰੱਖਣ ਦੀ ਮੰਗ ਕੀਤੀ ਹੈ।
ਸ੍ਰੀ ਕੜਵਲ ਨੇ ਕਿਹਾ, ‘ਮੇਰੀ ਪਤਨੀ ਕੋਮਲਪ੍ਰੀਤ ਸਮਰਥਕਾਂ ਨਾਲ ਬਸੰਤ ਵਿਹਾਰ ਵਿਚ ਚੋਣ ਪ੍ਰਚਾਰ ਕਰਨ ਗਈ ਸੀ। ਜਦੋਂ ਉਹ ਪਰਤ ਰਹੀ ਸੀ ਤਾਂ ਕੁਝ ਲੋਕ ਮੋਟਰਸਾਈਕਲਾਂ ‘ਤੇ ਆਏ ਅਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਮੇਰੀ ਪਤਨੀ ਨੇ ਆਸਪਾਸ ਦੇ ਲੋਕਾਂ ਦੀ ਮਦਦ ਨਾਲ ਖੁਦ ਨੂੰ ਬਚਾਇਆ, ਪਰ ਹਮਲਾਵਰ ਉਸ ਦੀ ਕਾਰ ਦੀ ਭੰਨਤੋੜ ਕਰਕੇ ਫ਼ਰਾਰ ਹੋ ਗਏ। ਹਮਲਾਵਰਾਂ ਦੇ ਮੋਟਰਸਾਈਕਲਾਂ ‘ਤੇ ਲੋਕ ਇਨਸਾਫ਼ ਪਾਰਟੀ ਦੇ ਸਟਿੱਕਰ ਲੱਗੇ ਹੋਏ ਸਨ।’ ਉਨ੍ਹਾਂ ਕਿਹਾ ਕਿ ਸਾਰੇ ਲੋਕ ਜਾਣਦੇ ਹਨ ਕਿ ਹਮਲਾ ਕਰਵਾਉਣ ਵਾਲਾ ਕੌਣ ਹੈ। ਵਿਰੋਧੀ ਉਨ੍ਹਾਂ ਦੀ ਵਧਦੀ ਲੋਕਪ੍ਰਿਯਤਾ ਨੂੰ ਦੇਖ ਕੇ ਬੁਖਲਾ ਗਏ ਹਨ, ਜਿਸ ਕਾਰਨ ਉਹ ਉਨ੍ਹਾਂ ਦੇ ਸਮਰਥਕਾਂ ਤੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਚੋਣ ਕਮਿਸ਼ਨ ਤੇ ਡੀਜੀਪੀ ਤੋਂ ਮੰਗ ਕੀਤੀ ਹੈ ਕਿ ਚੋਣਾਂ ਦੇ ਦਿਨ ਆਤਮ ਨਗਰ ਦੇ ਪੋਲਿੰਗ ਬੂਥਾਂ ‘ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣ ਤਾਂ ਜੋ ਚੋਣ ਅਮਲ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਸਕਣ।
ਸ੍ਰੀ ਕੜਵਲ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ‘ਤੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਠੀਕ ਕੀਤਾ ਜਾਵੇਗਾ। ਥਾਣਾ ਦੁੱਗਰੀ ਦੇ ਐਸਐਚਓ ਇੰਸਪੈਕਟਰ ਪ੍ਰੇਮ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ ਹੈ ਪਰ ਫਿਰ ਵੀ ਉਹ ਆਪਣੇ ਪੱਧਰ ‘ਤੇ ਜਾਂਚ ਕਰ ਰਹੇ ਹਨ।