ਮੈਨੂੰ ਗੋਲੀ ਮਾਰ ਦਿਓ ਪਰ ਦਲਿਤ ਭਰਾਵਾਂ ‘ਤੇ ਹਮਲੇ ਬੰਦ ਕਰੋ : ਮੋਦੀ

ਮੈਨੂੰ ਗੋਲੀ ਮਾਰ ਦਿਓ ਪਰ ਦਲਿਤ ਭਰਾਵਾਂ ‘ਤੇ ਹਮਲੇ ਬੰਦ ਕਰੋ : ਮੋਦੀ

ਵਿਰੋਧੀ ਧਿਰ ਨੇ ਮੋਦੀ ਦੇ ਬਿਆਨ ਨੂੰ ਦੱਸਿਆ ਪਾਖੰਡ
ਹੈਦਰਾਬਾਦ/ਬਿਊਰੋ ਨਿਊਜ਼ :
ਜਾਤੀ ਆਧਾਰ ‘ਤੇ ਸਮਾਜ ਵਿਚ ਵਧਦੀ ਵੰਡ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿੰਤਾ ਜ਼ਾਹਰ ਕੀਤੀ ਹੈ। ਦਲਿਤਾਂ ‘ਤੇ ਅਤਿਆਰ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਉਨ੍ਹਾਂ ਕਿਹਾ, ”ਜੇਕਰ ਕਿਸੇ ‘ਤੇ ਹਮਲਾ ਕਰਨਾ ਹੈ ਤਾਂ ਮੇਰੇ ‘ਤੇ ਕਰੋ, ਕਿਸੇ ਨੇ ਗੋਲੀ ਚਲਾਉਣੀ ਹੈ ਤਾਂ ਮੇਰੇ ‘ਤੇ ਚਲਾਓ ਪਰ ਦਲਿਤ ਭਰਾਵਾਂ ‘ਤੇ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।” ਉਧਰ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਵੱਲੋਂ ਗਊ ਰਕਸ਼ਕਾਂ ਖ਼ਿਲਾਫ਼ ਦਿੱਤੇ ਗਏ ਬਿਆਨ ਨੂੰ ਪਾਖੰਡ ਕਰਾਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਵਿਚਾਰਧਾਰਕ ਸਾਂਝ ਵਾਲੇ ਇਹ ਲੋਕ ਗਊ ਦੀ ਰਾਖੀ ਦੇ ਨਾਮ ‘ਤੇ ਦਹਿਸ਼ਤ ਫੈਲਾ ਰਹੇ ਹਨ। ਕਾਂਗਰਸ ਆਗੂ ਮਨੀਸ਼ ਤਿਵਾੜੀ ਨੇ ਪਿਛਲੇ ਸਾਲ ਵਾਪਰੇ ਦਾਦਰੀ ਕਾਂਡ ‘ਤੇ ਸ੍ਰੀ ਮੋਦੀ ਦੀ ਖਾਮੋਸ਼ੀ ‘ਤੇ ਸਵਾਲ ਉਠਾਏ ਅਤੇ ਦੋਸ਼ ਲਾਇਆ ਕਿ ਉਹ ਚੋਣਵੇਂ ਮੁੱਦਿਆਂ ‘ਤੇ ਹੀ ਆਪਣਾ ਮੂੰਹ ਖੋਲ੍ਹਦੇ ਹਨ।
ਇਸ ਤੋਂ ਪਹਿਲਾਂ ਤੇਲੰਗਾਨਾ ਦੇ ਗਜੇਵਲ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਲੋਕਾਂ ਨੂੰ ‘ਨਕਲੀ’ ਗਊ ਰੱਖਿਅਕਾਂ ਤੋਂ ਸੁਚੇਤ ਰਹਿਣ ਲਈ ਕਿਹਾ। ਉਨ੍ਹਾਂ ਸੂਬਾ ਸਰਕਾਰਾਂ ਨੂੰ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਦਮ ਚੁੱਕਣ ਲਈ ਕਿਹਾ। ਉਹ ਇੱਥੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਪੁੱਜੇ ਸਨ। ਸ੍ਰੀ ਮੋਦੀ ਨੇ ਦੋਸ਼ ਲਾਇਆ ਕਿ ਗਊ ਰੱਖਿਅਕ ਸਮਾਜ ਵਿੱਚ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਸਭ ਨੂੰ ਦੱਸ ਦੇਣਾ ਚਾਹੁੰਦੇ ਹਨ ਕਿ ਫ਼ਰਜ਼ੀ ਗਊ ਰੱਖਿਅਕਾਂ ਤੋਂ ਸਾਵਧਾਨ ਰਹਿਣ। ਇਨ੍ਹਾਂ ਮੁੱਠੀ ਭਰ ਗਊ ਰੱਖਿਅਕਾਂ ਦਾ ਗਾਂਵਾਂ ਨੂੰ ਬਚਾਉਣ ਨਾਲ ਕੋਈ ਸਬੰਧ ਨਹੀਂ। ਉਹ ਸਮਾਜ ਵਿੱਚ ਸਿਰਫ਼ ਤਣਾਅ ਪੈਦਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਗਾਂਵਾਂ ਦੀ ਰੱਖਿਆ ਦੇ ਨਾਮ ਉਤੇ ਇਹ ਫ਼ਰਜ਼ੀ ਗਊ ਰੱਖਿਅਕ ਦੇਸ਼ ਵਿੱਚ ਸ਼ਾਂਤੀ ਤੇ ਸਦਭਾਵਨਾ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਅਸਲੀ ਗਊ ਰੱਖਿਅਕ ਨਕਲੀ ਗਊ ਰੱਖਿਅਕਾਂ ਦਾ ਭਾਂਡਾ ਭੰਨਣ ਅਤੇ ਸੂਬਾ ਸਰਕਾਰਾਂ ਨੂੰ ਇਨ੍ਹਾਂ ਵਿਰੁੱਧ ਸਖ਼ਤ ਕਦਮ ਚੁੱਕਣਾ ਚਾਹੀਦਾ ਹੈ। ਗਾਂਵਾਂ ਨੂੰ ਦੇਸ਼ ਉਤੇ ਬੋਝ ਨਹੀਂ, ਸਗੋਂ ਸਰਮਾਇਆ ਦੱਸਦਿਆਂ ਪ੍ਰਧਾਨ ਮੰਤਰੀ ਨੇ ਬੇਸਹਾਰਾ ਗਾਂਵਾਂ ਨੂੰ ਸੰਭਾਲ ਲਈ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਵੱਲੋਂ ਸ਼ੁਰੂ ਕੀਤੀ ਮੁਹਿੰਮ ਦਾ ਜ਼ਿਕਰ ਕੀਤਾ। ਇਸ ਮੁਹਿੰਮ ਤਹਿਤ ਬੇਸਹਾਰਾ ਗਾਂਵਾਂ ਨੂੰ ਖੇਤੀਬਾੜੀ ਗਤੀਵਿਧੀਆਂ ਲਈ ਕਿਸਾਨਾਂ ਨੂੰ ਸੌਂਪਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਾਂ ਕਦੇ ਵੀ ਬੋਝ ਨਹੀਂ ਬਣਦੀ। ਗਾਂ ਦਾ ਪਿਸ਼ਾਬ ਤੇ ਗੋਹਾ ਖੇਤੀਬਾੜੀ ਵਿੱਚ ਵਰਤਿਆ ਜਾਂਦਾ ਹੈ। ਗਾਂ ਨੂੰ ਦੇਸ਼ ਦੇ ਅਰਥਚਾਰੇ ਦੇ ਵਿਕਾਸ ਨਾਲ ਜੋੜਨਾ ਚਾਹੀਦਾ ਹੈ।
ਭਾਰਤ ਵੰਨ ਸੁਵੰਨਤਾ ਦੀ ਧਰਤੀ ਹੋਣ ਦਾ ਤਰਕ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਕਾਇਮ ਰੱਖਣਾ ਸਾਡੀ ਮੁੱਢਲੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਇਸ ਦੀ ਪੂਰਤੀ ਲਈ ਸਾਰੇ ਦੇਸ਼ ਵਾਸੀਆਂ ਨੂੰ ਗਊ ਰੱਖਿਆ ਅਤੇ ਗਊ ਸੇਵਾ ਕਰਨੀ ਚਾਹੀਦੀ ਹੈ। ਅਜਿਹੇ ਯੋਗਦਾਨ ਨਾਲ ਕੌਮੀ ਸਰਮਾਇਆ ਵਧੇਗਾ ਅਤੇ ਇਸ ਨਾਲ ਦੇਸ਼ ਲਈ ਕੋਈ ਸਮੱਸਿਆ ਪੈਦਾ ਨਹੀਂ ਹੋਵੇਗੀ ਪਰ ਨਕਲੀ ਗਊ ਰੱਖਿਅਕ ਸਮਾਜ ਤੇ ਦੇਸ਼ ਨੂੰ ਤਬਾਹ ਕਰ ਰਹੇ ਹਨ।
ਗਊ ਰੱਖਿਅਕ ਦਲ ਦੇ ਮੈਂਬਰਾਂ ਖ਼ਿਲਾਫ਼ ਕੇਸ :
ਪਟਿਆਲਾ : ਰਾਜਪੁਰਾ ਪੁਲੀਸ ਨੇ ਪਸ਼ੂਆਂ ਵਾਲੇ ਟਰੱਕ ਦੇ ਡਰਾਈਵਰ ਦੀ ਗੰਭੀਰ ਕੁੱਟਮਾਰ ਦੇ ਮਾਮਲੇ ਵਿੱਚ ਗਊ ਰੱਖਿਆ ਦਲ ਦੇ ਸੂਬਾ ਪ੍ਰਧਾਨ ਸਤੀਸ਼ ਕੁਮਾਰ ਸ਼ਰਮਾ ਸਮੇਤ ਵੀਹ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਕੁਝ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਚੱਲ ਰਹੀ ਕੁੱਟਮਾਰ ਦੀ ਇਸ ਘਟਨਾ ‘ਤੇ ਆਧਾਰਤ ਵੀਡੀਓ ਕਲਿੱਪ ਨੂੰ ਆਧਾਰ ਬਣਾ ਕੇ ਪੁਲੀਸ ਨੇ ਇਹ ਕੇਸ ਖ਼ੁਦ ਦਰਜ ਕੀਤਾ ਹੈ। ਇਸ ਵਿੱਚ ਸਤੀਸ਼ ਕੁਮਾਰ, ਕਾਲਾ ਸੁਨਿਆਰਾ, ਅਨੂ, ਗੌਰੀ ਤੇ ਗੁਰਪ੍ਰੀਤ ਹੈਪੀ ਸਮੇਤ 15-20 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਕੇਸ ਦੇ ਤਫ਼ਤੀਸ਼ੀ ਅਫ਼ਸਰ ਪੁਲੀਸ ਚੌਕੀ ਬੱਸ ਸਟੈਂਡ ਰਾਜਪੁਰਾ ਦੇ ਇੰਚਾਰਜ ਗੁਰਿੰਦਰ ਸਿੰਘ ਨੇ ਭਾਵੇਂ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ, ਪਰ ਰਾਜਪੁਰਾ ਦੇ ਐਸਪੀ ਰਾਜਿੰਦਰ ਸਿੰਘ ਸੋਹਲ ਨੇ ਕੇਸ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਇਨ੍ਹਾਂ ‘ਤੇ ਪੰਜਾਬ ਵਿੱਚੋਂ ਬਾਹਰਲੇ ਸੂਬਿਆਂ ਵਿੱਚ ਪਸ਼ੂ ਲੈ ਕੇ ਜਾਣ ਵਾਲੇ ਮੁਸਲਮਾਨ ਟਰੱਕ ਡਰਾਈਵਰਾਂ ਦੀ ਕੁੱਟਮਾਰ ਅਤੇ ਉਗਰਾਹੀ ਕਰਨ ਵਰਗੇ ਗੰਭੀਰ ਦੋਸ਼ ਵੀ ਲੱਗੇ ਹਨ, ਜਦੋਂਕਿ ਸਤੀਸ਼ ਕੁਮਾਰ ਨੇ ਇਸ ਦਾ ਖੰਡਨ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਉਹ ਗਊ ਰੱਖਿਆ ਦੇ ਕਾਰਜਾਂ ਤੋਂ ਪਿੱਛੇ ਨਹੀਂ ਹਟਣਗੇ, ਭਾਵੇਂ ਕਿ ਇਸ ਬਦਲੇ ਉਨ੍ਹਾਂ ‘ਤੇ ਗੁੰਡਾਗਰਦੀ ਵਰਗੇ ਇਲਜ਼ਾਮ ਹੀ ਕਿਉਂ ਨਾ ਲੱਗਣ।