‘ਕੈਪਟਨ’ ਹਰਾਏਗਾ ‘ਜਨਰਲ’ ਨੂੰ…!!

‘ਕੈਪਟਨ’ ਹਰਾਏਗਾ ‘ਜਨਰਲ’ ਨੂੰ…!!

ਲਓ! ਕਰ ਲੋ ਗੱਲ!!
ਕਮਲ ਦੁਸਾਂਝ

ਕੁਰਸੀ ਤਾਂ ਮੇਰੀ ਐ…!!
ਭਗਵੰਤ ਮਾਨ- ਮੈਂ ਬਣਾਂਗਾ ਮੁੱਖ ਮੰਤਰੀ, ਮੈਂ ਬਣਾਂਗਾ ਮੁੱਖ ਮੰਤਰੀ! ਆ ਲਓ…ਆਪਾਂ ਤਾਂ ਚੜ੍ਹ ਗਏ ਕੁਰਸੀ ‘ਤੇ, ਹੁਣ ਨੀਂ ਮੈਂ ਛੱਡਦਾ…ਕਰ ਲੋ ਜੋ ਕਰਨੈ…ਮੁੱਖ ਮੰਤਰੀ ਤਾਂ ਮੈਂ ਹੀ ਬਣੂ!
ਸੁਥਰਾ- ਉਹ ਭਗਵੰਤ ਸਿਆਂ…ਤੇਰਾ ਦਿਲ ਵਾਲਾ ਆਗੂ ਸੰਜੇ ਸੂੰਹ ਤਾਂ ਕਹੀ ਜਾਂਦੈ ਬਈ, ਭਗਵੰਤ ਨੂੰ ਅਸੀਂ ਕੁਰਸੀ ਨੀਂ ਦੇਣੀ…ਨਾਲੇ ਨਤੀਜੇ ਤਾਂ ਆ ਲੈਣ ਦਿਓ…ਮਗਰੋਂ ਦੱਸਾਂਗੇ ਕਿ ਕੌਣ ਕੁਰਸੀ ‘ਤੇ ਬਹਿੰਦੈ…।
ਮਾਨ- ਬਈ…ਮੈਂ ਏਨੀ ਮਿਹਨਤ ਕਰ ਰਿਹਾਂ…ਮੇਰੇ ਟੋਟਕਿਆਂ ਨਾਲ ਈ ਤਾਂ ਲੋਕੀਂ ਜੁੜਦੇ ਨੇ…ਸੰਜੇ ਸਿੰਘ ਨੂੰ ਕੌਣ ਸੁਣਦੈ? ਨਾਲੇ ਜੇ ਮੋਦੀ ਮਨ ਕੀ ਬਾਤ ਕਰ ਸਕਦੇ ਆ ਤਾਂ ਭਲਾ ਮੈਂ ਮਨ ਕੀ ਬਾਤ ਨੀਂ ਕਰ ਸਕਦਾ। ਹੁਣ ਤਾਂ ਆਪਾਂ ਕੁਰਸੀ ਮੱਲ ਲਈ ਸੋ ਮੱਲ ਲਈ…।
ਸੁਥਰਾ- ਭਗਵੰਤ ਸਿਆਂ…ਬਚ ਕੇ ਖੜ੍ਹੀਂ, ਇਹ ਨਾ ਹੋਵੇ ਕੋਈ ਕੁਰਸੀ ਈ ਖਿੱਚ ਕੇ ਲੈ ਜਾਵੇ ਤੇ ਭਾਈ ਤੂੰ ਹਵਾ ‘ਚ ਹੀ ਲਟਕਦਾ ਰਹਿ ਜਾਵੇਂ! ਕੁਰਸੀ ਦੇ ਪਾਵੇ ਫੜਨ ਵਾਲੇ, ਚੁੱਪ-ਚਪੀਤੇ ਕਦੋਂ ਵੱਢ ਦੇਣ, ਤੈਨੂੰ ਪਤਾ ਵੀ ਨੀਂ ਲਗਣਾ…ਤੇਰੇ ਹੱਥ ‘ਚ ਤਾਂ ਮਾਈਕ ਈ ਰਹਿ ਜੂ!!
ਮਾਨ- ਨਾ ਬਾਬਾ ਜੀ ਨਾ…ਹੁਣ ਨੀਂ ਮੈਂ ਕਿਸੇ ਦੀ ਸੁਣਦਾ…ਪਿੰਡ ਪਿੰਡ ਜਾ ਕੇ ਜ਼ੋਰ ਮੈਂ ਲਾਇਆ…ਲੀਡਰਾਂ ਨਾਲ ਮਸਕਰੀਆਂ ਮੈਂ ਕੀਤੀਆਂ, ਖਰੀਆਂ-ਖੋਟੀਆਂ ਮੈਂ ਸੁਣੀਆਂ ਤੇ ਹੁਣ ਜਦੋਂ ਫਸਲ ਪੱਕਣ ਨੂੰ ਤਿਆਰ ਐ ਤਾਂ ਐਵੇਂ ਥੋੜ੍ਹਾ ਕਿਸੇ ਨੂੰ ਵੱਢਣ ਦੇ ਦਊਂ!!!
ਸੁਥਰਾ- ਚੱਲ, ਭਾਈ ਸਾਡਾ ਫਰਜ਼ ਤਾਂ ਤੈਨੂੰ ਸਮਝਾਉਣਾ ਸੀ…ਅੱਗੇ ਤੇਰੀ ਮਰਜ਼ੀ…ਜ਼ਰਾ ਸੰਭਲ ਕੇ ਚੱਲੀਂ…ਪੰਜਾਬ ਦੀ ਕੁਰਸੀ ‘ਤੇ ਚੜ੍ਹਦਾ ਚੜ੍ਹਦਾ ਕਿਤੇ ਦਿੱਲੀ ਵਾਲੀ ਕੁਰਸੀ ਨਾ ਗਵਾ ਲਈਂ!! ਰੱਬ ਭਲੀ ਕਰੇ!!!

ਅਭੀ ਤੋ ਰੈਲੀ ਸ਼ੁਰੂ ਹੂਈ ਹੈ…!!
ਪੰਜਾਬ ਦੇ ਹੁਸੈਨੀਵਾਲਾ ਤੋਂ ਸ਼ੁਰੂ ਹੋਈ ਭਾਜਪਾ ਦੀ ਵਿਜੈ ਸੰਕਲਪ ਯਾਤਰਾ ਸਮਾਪਤੀ ਵੇਲੇ ਹਾਰ ਗਈ। ਇਸ ਖ਼ਾਸ ਮੌਕੇ ‘ਤੇ ਕੇਂਦਰੀ ਵਿਤ ਮੰਤਰੀ ਅਰੂਣ ਜੇਤਲੀ ਨੂੰ ਵੀ ਸੱਦਿਆ ਗਿਆ। ਅੰਮ੍ਰਿਤਸਰ ਵਿਚ ‘ਕੱਠ ਹੋਇਆ। ਵਿਜੈ ਰੈਲੀ ਉਦੋਂ ਹਾਰ ਵਿਚ ਬਦਲ ਗਈ ਜਦੋਂ ਇਨ੍ਹਾਂ ਲੀਡਰਾਂ ਨੂੰ ਲੋਕਾਂ ਨੇ ਸੁਣਿਆ ਈ ਨਾ, ਉਹ ਉਠ ਉਠ ਕੇ ਭੱਜਣ ਲੱਗੇ। ਫੇਰ ਕੀ ਸੀ, ਉਨ੍ਹਾਂ ਦੇ ਪਿਛੇ ਪਿਛਲੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੌੜੇ-ਬਈ ਆਜੋ, ਇੰਜ ਨਾ ਕਰੋ…ਜੇਤਲੀ ਜੀ ਏਨੀ ਦੂਰੋਂ ਦਿੱਲੀ ਤੋਂ ਆਏ ਆ…ਆਪਣੇ ਮਨ ਕੀ ਬਾਤ ਕਰਨ ਲਈ…ਅਭੀ ਤੋ ਰੈਲੀ ਸ਼ੁਰੂ ਹੂਈ ਹੈ…ਤੁਸੀਂ ਉਠ ਕੇ ਨਾ ਜਾਓ। ਭਲਾਂ ਲੋਕਾਂ ਕੋਲ ਲੀਡਰਾਂ ਦੀਆਂ ਫੌਕੀਆਂ ਗੱਲਾਂ ਸੁਣਨ ਲਈ ਕਿਥੋਂ ਵਿਹਲ ਐ…ਉਹ ਹੱਥ ਮਾਰਦੇ ਹੋਏ ਭੱਜਣ ਲੱਗੇ। ਫੇਰ ਪਿਛੇ ਪਿਛੇ ਭਾਜਪਾ ਦੇ ਸਕੱਤਰ ਤਰੂਣ ਚੁਘ ਵੀ ਮਿੰਨਤਾਂ ਕਰਦੇ ਰਹੇ ਪਰ ਲੋਕ ਸਿਆਣੇ ਨਿਕਲੇ…ਭੱਜ ਲਏ ਉਥੋਂ। ਇਹੀ ਤਾਂ ਮੌਕਾ ਐ ਲੋਕਾਂ ਕੋਲ…ਜਦੋਂ ਉਹ ਆਪਣੇ ਕੰਮ ਕਰਾਉਣ, ਆਪਣੀਆਂ ਮੰਗਾਂ ਲੈ ਕੇ ਇਨ੍ਹਾਂ ਲੀਡਰਾਂ ਕੋਲ ਜਾਂਦੇ ਨੇ ਤਾਂ ਇਨ੍ਹਾਂ ਦੇ ਦਰਸ਼ਨ ਦੁਰਲੱਭ ਹੁੰਦੇ ਆ ਤੇ ਲੋਕ ਪਿਛੇ ਪਿਛੇ ਦੌੜਦੇ ਨੇ ਇਨ੍ਹਾਂ ਲੀਡਰਾਂ ਦੇ…। ਆਹ ਚੰਗਾ ਮੌਕੈ, ਇਨ੍ਹਾਂ ਨੂੰ ਆਪਣੇ ਪਿਛੇ ਲਾਉਣ ਦਾ। ਦੌੜੌ ਦੌੜੌ…ਹੋਰ ਦੌੜੌ…। ਸ਼ਾਇਦ ਭੱਜ ਭੱਜ ਕੇ ਹੀ ਸੁਰਤ ਟਿਕਾਣੇ ਆ ਜਾਵੇ।

‘ਕੈਪਟਨ’ ਹਰਾਏਗਾ ‘ਜਨਰਲ’ ਨੂੰ…!!
ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਤੋਂ ਆਪਣੇ ਮੁਕਾਬਲੇ ਵਿਚ ਉਤਰੇ ਜਨਰਲ ਜੇ.ਜੇ. ਸਿੰਘ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਜਦੋਂ ਕੋਈ ਕੈਪਟਨ ਕਿਸੇ ਜਨਰਲ ਨੂੰ ਹਰਾਏਗਾ। ਬੱਸ ਫੇਰ ਕੀ ਸੀ, ਅਕਾਲੀ ਦਲ ਨੂੰ ਮਿਰਚਾਂ ਲੱਗ ਗਈਆਂ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਕਹਿੰਦੇ-ਅਖੇ, ਇਹ ਤਾਂ ਜਨਰਲ ਸਾਹਿਬ ਦਾ ਅਪਮਾਨ ਐ…ਉਨ੍ਹਾਂ ਬਾਰੇ ਇਹੋ ਜਿਹੀਆਂ ਟਿੱਪਣੀਆਂ ਕਰਨਾ ਸ਼ੋਭਾ ਨਹੀਂ ਦਿੰਦਾ। ਪਰ ਚੀਮਾ ਸਾਹਿਬ ਇਹ ਤਾਂ ਸਿਆਸਤ ਐ…ਤੇ ਸਿਆਸਤ ਤੇ ਜੰਗ ਵਿਚ ਸਭ ਕੁਝ ਜਾਇਜ਼ ਹੁੰਦੈ…ਨਾਲੇ ਲੀਡਰ ਕਿਸੇ ਦਾ ਝੱਗਾ ਚੁੱਕਣ ਵਿਚ ਕੋਈ ਕਸਰ ਛਡਦੇ ਆ…ਏਨੀ ਅਭੱਦਰ ਭਾਸ਼ਾ ਤਾਂ ਕੋਈ ਨਹੀਂ ਬੋਲਦਾ…ਜਿੰਨੀ ਵੱਡੇ ਵੱਡੇ ਨੇਤਾ ਬੋਲਦੇ ਆ…ਤੇ ਸਿਆਸਤ ‘ਚ ਹੋਣ ਕਾਰਨ ਸਭ ਕੁਝ ਇਨ੍ਹਾਂ ਨੂੰ ਮਾਫ਼ ਐ। ਸੋ, ਜੇ ਹੁਣ ਜਨਰਲ ਜੇ.ਜੇ. ਸਿੰਘ ਆਪਣਾ ਰੁਤਬਾ ਘਟਾ ਕੇ ਸਿਆਸਤ ਵਿਚ ਕੁੱਦ ਹੀ ਪਏ ਹਨ ਤਾਂ ਹੁਣ ਜਰਨੈਲੀ ਛੱਡ ਕੇ ਲੀਡਰਾਂ ਵਾਂਗ ਮੈਦਾਨ ਵਿਚ ਆਉਣ ਤੇ ਮੋੜਵੇਂ ਵਾਰ ਕਰਨ…!! ਇਹੀ ਤਾਂ ਅਸਲੀ ਸਿਆਸਤ ਐ…!! ਐਹੋ ਜਿਹੇ ਬੋਲ-ਕਬੋਲ ਵਾਲੇ ਗੁਣ ਤਾਂ ਉਨ੍ਹਾਂ ਨੂੰ ਸਿੱਖਣੇ ਈ ਪੈਣੇ ਆ!!