ਈਡੀ ਵੱਲੋਂ ਮੋਦੀ-ਚੋਕਸੀ ਦੇ ਅਸਾਸਿਆਂ ਬਾਰੇ ਵੇਰਵੇ ਦੇਣ ਤੋਂ ਇਨਕਾਰ

ਈਡੀ ਵੱਲੋਂ ਮੋਦੀ-ਚੋਕਸੀ ਦੇ ਅਸਾਸਿਆਂ ਬਾਰੇ ਵੇਰਵੇ ਦੇਣ ਤੋਂ ਇਨਕਾਰ

ਨਵੀਂ ਦਿੱਲੀ/ਬਿਊਰੋ ਨਿਊਜ਼:
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਨੀਰਵ ਮੋਦੀ ਤੇ ਮੇਹੁਲ ਚੋਕਸੀ ਦੇ ਟਿਕਾਣਿਆਂ ‘ਤੇ ਮਾਰੇ ਛਾਪਿਆਂ ਦੌਰਾਨ ਜ਼ਬਤ ਕੀਤੇ ਅਸਾਸਿਆਂ ਦੇ ਵੇਰਵੇ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਨਸ਼ਰ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। ਇਹ ਦੋਵੇਂ ਮੁਲਜ਼ਮ ਪੰਜਾਬ ਨੈਸ਼ਨਲ ਬੈਂਕ ਦਾ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਮਾਰ ਕੇ ਵਿਦੇਸ਼ ਜਾ ਛੁਪੇ ਹਨ। ਹਾਲਾਂਕਿ ਈਡੀ ਨੇ ਕੁਝ ਦੇਰ ਪਹਿਲਾਂ ਟਵਿਟਰ ‘ਤੇ ਦੱਸਿਆ ਸੀ ਕਿ ਉਸ ਨੇ ਮਾਮੇ-ਭਾਣਜੇ ਨਾਲ ਜੁੜੇ ਕੇਸਾਂ ਵਿੱਚ ਲਗਪਗ 7664 ਕਰੋੜ ਰੁਪਏ ਦੇ ਅਸਾਸੇ ਜ਼ਬਤ ਕੀਤੇ ਹਨ। ਈਡੀ ਨੇ ਦੋਵੇਂ ਵਪਾਰੀਆਂ ਨੂੰ ਦੇਸ਼ ਵਾਪਸ ਲੈ ਕੇ ਆਉਣ ਦੀਆਂ ਚਾਰਾਜੋਈਆਂ ‘ਤੇ ਕੀਤੇ ਜਾ ਰਹੇ ਖਰਚੇ ਦੇ ਵੇਰਵੇ ਦੱਸਣ ਤੋਂ ਵੀ ਮਨ੍ਹਾਂ ਕਰ ਦਿੱਤਾ ਹੈ। ਨੀਰਵ ਮੋਦੀ ਜਨਵਰੀ ਮਹੀਨੇ ਦੇਸ਼ ਛੱਡ ਕੇ ਦੌੜ ਗਿਆ ਸੀ ਜਦਕਿ ਉਸ ਤੋਂ ਕੁਝ ਦਿਨ ਪਹਿਲਾਂ ਉਹ ਦਾਵੋਸ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗਏ ਕਾਰੋਬਾਰੀਆਂ ਦੇ ਵਫ਼ਦ ਵਿੱਚ ਸ਼ਾਮਲ ਸੀ। ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਆਰਟੀਆਈ ਐਕਟ ਦੀ ਧਾਰਾ 24 ਤਹਿਤ ਜਾਣਕਾਰੀ ਨਸ਼ਰ ਕਰਨ ਤੋਂ ਛੋਟ ਮਿਲੀ ਹੋਈ ਹੈ ਪਰ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਇਹ ਛੋਟ ਹਾਸਲ ਨਹੀਂ ਹੈ। ਸੀਬੀਆਈ ਨੇ ਮੇਹੁਲ ਚੋਕਸੀ ਤੇ ਨੀਰਵ ਮੋਦੀ ਖ਼ਿਲਾਫ਼ ਭ੍ਰਿਸ਼ਟਾਚਾਰ ਤੇ ਧੋਖਾਧੜੀ ਦੇ ਦੋਸ਼ ਦਰਜ ਕੀਤੇ ਹਨ।
ਪੁਣੇ ਦੇ ਕਾਰਕੁਨ ਵਿਹਾਰ ਧੁਵਰੇ ਨੇ ਚੋਕਸੀ ਤੇ ਮੋਦੀ ਨੂੰ ਭਾਰਤ ਵਾਪਸ ਲਿਆਉਣ ਲਈ ਈਡੀ ਦੇ ਅਫ਼ਸਰਾਂ ਦੇ ਹਵਾਈ ਖਰਚਿਆਂ, ਵਕੀਲਾਂ ਦੀਆਂ ਫੀਸਾਂ ਆਦਿ ‘ਤੇ ਖਰਚ ਦੇ ਵੇਰਵੇ ਮੰਗੇ ਸਨ। ਧੁਵਰੇ ਨੇ ਚੋਕਸੀ ਤੇ ਮੋਦੀ ਦੇ ਘਪਲੇ ਦੀ ਰਕਮ, ਮੁਆਹਿਦਾ ਪੱਤਰਾਂ ਬਦਲੇ ਵੱਖ ਵੱਖ ਬੈਂਕਾਂ ਵੱਲੋਂ ਜਾਰੀ ਕੀਤੀਆ ਰਕਮਾਂ ਤੇ ਈਡੀ ਦੇ ਛਾਪਿਆਂ ਦੌਰਾਨ ਜ਼ਬਤ ਕੀਤੇ ਅਸਾਸਿਆਂ ਦੀ ਕੀਮਤ ਦੇ ਵੇਰਵੇ ਵੀ ਮੰਗੇ ਸਨ।