ਐਲਕ ਗਰੋਵ ਪਾਰਕ ‘ਚ ‘ਤੀਆਂ ਤੀਜ ਦੀਆਂ’ ਮੌਕੇ ਪੰਜਾਬਣਾਂ ਨੇ ਲਾਈਆਂ ਰੌਣਕਾਂ

ਐਲਕ ਗਰੋਵ ਪਾਰਕ ‘ਚ ‘ਤੀਆਂ ਤੀਜ ਦੀਆਂ’ ਮੌਕੇ ਪੰਜਾਬਣਾਂ ਨੇ ਲਾਈਆਂ ਰੌਣਕਾਂ

ਸੈਕਰਾਮੈਂਟੋ/ਬਿਊਰੋ ਨਿਊਜ਼ :
ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ ਸਾਲਾਨਾ ਤੀਆਂ ਦਾ ਮੇਲਾ ਐਲਕ ਗਰੋਵ ਦੇ ਛਾਂ-ਦਾਰ ਪਾਰਕ ਵਿਖੇ ਲਾਇਆ ਗਿਆ। ਇਸ ਦੌਰਾਨ ਸੈਂਕੜੇ ਔਰਤਾਂ ਦੀ ਸ਼ਮੂਲੀਅਤ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। 6 ਘੰਟੇ ਚੱਲੇ ਇਸ ਮੇਲੇ ਵਿਚ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਲਾਵਾਂ-ਫੇਰੇ ਡੈਕੋਰੇਸ਼ਨ, ਸੈਕਰਾਮੈਂਟੋ ਦੇ ਸਹਿਯੋਗ ਨਾਲ ਸਟੇਜ ਨੂੰ ਪਿੰਡ ਦੀ ਦਿੱਖ ਦਿੱਤੀ ਗਈ ਸੀ।
‘ਤੀਆਂ ਤੀਜ ਦੀਆਂ’ ਦੇ ਨਾਂ ਹੇਠ ਹੋਏ ਇਸ ਮੇਲੇ ਵਿਚ ਸਭ ਤੋਂ ਪਹਿਲਾਂ ਸਿੱਠਣੀਆਂ, ਸੁਹਾਗ, ਬੋਲੀਆਂ, ਘੋੜੀਆਂ ਅਤੇ ਟੱਪੇ ਗਾਏ ਗਏ। ਉਪਰੰਤ ਇਨ੍ਹਾਂ ਤੀਆਂ ਦੀਆਂ ਪ੍ਰਬੰਧਕਾਂ ਪਿੰਕੀ ਰੰਧਾਵਾ ਅਤੇ ਪਰਨੀਤ ਗਿੱਲ ਨੇ ਦਰਸ਼ਕਾਂ ਦਾ ਸਵਾਗਤ ਕੀਤਾ। ਆਸ਼ਾ ਸ਼ਰਮਾ ਨੇ ਸਟੇਜ ਸੰਚਾਲਨ ਬਾਖੂਬੀ ਕੀਤਾ। ਪਰਨੀਤ ਸਿੱਧੂ, ਗੂੰਜਨ, ਸਿਮਰਨ ਸੰਘੇੜਾ, ਗਗਨ ਭੱਠਲ, ਅਵਨੀਤ ਚੀਮਾ ਦੀ ਕੋਚਿੰਗ ਹੇਠ ਵੱਖ-ਵੱਖ ਟੀਮਾਂ ਨੇ ਆਪਣੀ ਪੇਸ਼ਕਾਰੀ ਕੀਤੀ।
ਕੁਲਦੀਪ ਮਾਣਕ ਦੀ ਬੇਟੀ ਸ਼ਕਤੀ ਮਾਣਕ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਪੂਨਮ ਮਲਹੋਤਰਾ, ਟਿੰਮੀ ਤੱਖਰ, ਮਨਿੰਦਰ ਸੰਧੂ ਅਤੇ ਡਾ. ਦਲਜੀਤ ਸੇਖੋਂ ਨੇ ਗੀਤ ਪੇਸ਼ ਕੀਤੇ।
ਇਸ ਮੇਲੇ ਵਿਚ ਖਾਣ-ਪੀਣ ਤੋਂ ਇਲਾਵਾ ਕੱਪੜੇ, ਗਹਿਣੇ, ਮਹਿੰਦੀ, ਦੇਸੀ ਜੁੱਤੀਆਂ ਦੇ ਕਰੀਬ 30 ਸਟਾਲ ਲਗਾਏ ਗਏ। ਸਤਬੀਰ ਸਿੰਘ ਬਾਜਵਾ ਅਤੇ ਪਰਿਵਾਰ ਵੱਲੋਂ ਪਾਣੀ, ਸੋਢੇ ਅਤੇ ਜੂਸ ਦੀ ਛਬੀਲ ਲਗਾਈ ਗਈ। ਫਲਮਿੰਗੋ ਪੈਲੇਸ ਵੱਲੋਂ ਵੀ ਖਾਣ-ਪੀਣ ਦਾ ਸਟਾਲ ਲਾਇਆ ਗਿਆ ਸੀ।
ਕੈਲੀਫੋਰਨੀਆ ਦੇ ਕਮਿਸ਼ਨਰ ਮਰਹੂਮ ਸ਼੍ਰੀ ਲਾਹੌਰੀ ਰਾਮ ਦੀ ਪਤਨੀ ਪ੍ਰੀਤੋ ਰਾਮ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਡਾ. ਪਰਮਜੀਤ ਤੱਖਰ (ਐੱਮ.ਡੀ. ਅਤੇ ਡਾ. ਤੱਖਰ ਮੈਡੀਕਲ ਸਪਾ), ਗੁੱਡੀ ਤੱਖਰ, ਇੰਡੀਅਨ ਕੇਅਰ ਐਸੋਸੀਏਸ਼ਨ ਫੇਅਰਫੀਲਡ ਅਤੇ ਗੁਲਿੰਦਰ ਗਿੱਲ ਮੇਲੇ ਦੇ ਗਰੈਂਡ ਸਪਾਂਸਰ ਸਨ। ਇਸ ਤੋਂ ਇਲਾਵਾ ਸਤਬੀਰ ਸਿੰਘ ਬਾਜਵਾ,  ਧੀਰਾ ਨਿੱਜਰ (ਕੈਂਪ ਲੋਜੀਸਟਿਕ), ਦਵਿੰਦਰ ਸਿੰਘ (ਯੂ.ਐੱਸ. ਟਰੱਕ ਐਂਡ ਟਰੇਲਰ ਰਿਪੇਅਰ), ਬਕਸ਼ੋ ਕੌਰ ਵੀਸਲਾ (ਐੱਲ.ਏ. ਮਰਚਨਡਾਇਸ, ਯੂਬਾ ਸਿਟੀ), ਸੁਖਦੇਵ ਸਿੰਘ ਢਿੱਲੋਂ (ਰੇਡੀਓ ਪੰਜਾਬ), ਮਾਈਕਲ ਬਾਠਲਾ (ਮਾਰਸ ਵਨ ਟੈਕਸ), ਸ਼ੇਰੂ ਭਾਟੀਆ (ਪੀਟਸ), ਸ਼ਿਕਾਗੋ ਪੀਜ਼ਾ, ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਗੁਰਬੀਰ ਰੰਧਾਵਾ, ਪਰਦੀਪ ਪਾਲ (ਫਲਮਿੰਗੋ ਪੈਲੇਸ), ਭੁਪਿੰਦਰ ਸੰਘੇੜਾ, ਜਸਮੇਲ ਸਿੰਘ ਚਿੱਟੀ (ਫਾਈਵ ਸਟਾਰ ਟੋਇੰਗ ਇੰਕ.), ਜੌਨੀ (ਬੱਗਾ ਜਿਊਲਰਜ਼), ਸਤਿੰਦਰ ਪਾਲ ਹੇਅਰ, ਹਰਜਿੰਦਰ ਧਾਮੀ, ਗੁਰਪਾਲ ਡਡਵਾਲ, ਹੁਸ਼ਿਆਰ ਸਿੰਘ ਡਡਵਾਲ, ਸੰਦੀਪ ਸਿੰਘ ਢਾਂਡਾ (ਵੈਲਸ ਫਾਰਗੋ), ਅਮਿਤ ਪਾਲ, ਸ਼ਸ਼ੀ ਪਾਲ, ਅਪਾਪਾ ਤੇ ਗੁਰਜਤਿੰਦਰ ਸਿੰਘ ਰੰਧਾਵਾ (ਰਿਐਲਟਰ) ਸਪਾਂਸਰ ਸਨ।
ਮੇਲੇ ਵਿਚ ਐਲਕ ਗਰੋਵ ਦੇ ਮੇਅਰ ਸਟੀਵ ਲੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਨੇ ਪੰਜਾਬੀ ਭਾਈਚਾਰੇ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਐਲਕ ਗਰੋਵ ਸਿਟੀ ਦੇ ਵੱਖ-ਵੱਖ ਨਸਲਾਂ ਦੇ ਭਾਈਚਾਰੇ ਵੱਲੋਂ ਇਹ ਸਭਿਆਚਾਰਕ ਮਹੀਨਾ ਮਨਾਇਆ ਜਾ ਰਿਹਾ ਹੈ। ਇਸ ਕਰਕੇ ਇਸ ਮੇਲੇ ਨੂੰ ਸਿਟੀ ਕੈਲੰਡਰ ਦੇ ਪ੍ਰੋਗਰਾਮ ਵਿਚ ਜੋੜਿਆ ਗਿਆ ਸੀ। ਇਸ ਤੋਂ ਇਲਾਵਾ ਸਾਬਕਾ ਸਟੇਟ ਸੈਨੇਟਰ ਰੋਜਰ ਡਿਕਨਸਨ ਅਤੇ ਡੇਵਿਸ ਵਿਸ਼ੇਸ਼ ਤੌਰ ‘ਤੇ ਪਧਾਰੇ ਅਤੇ ਪ੍ਰਬੰਧਕਾਂ ਨੂੰ ਇਸ ਕਾਮਯਾਬ ਮੇਲੇ ਲਈ ਵਧਾਈ ਦਿੱਤੀ।
ਇਸ ਮੇਲੇ ਨੂੰ ਕਾਮਯਾਬ ਕਰਨ ਲਈ ਪਰਮਜੀਤ ਬਾਜਵਾ, ਪ੍ਰੀਤ ਝਾਵਰ, ਸੰਦੀਪ ਨਿੱਜਰ, ਕਿਸਮਤ ਸੰਘੇੜਾ, ਕੰਤੀ ਰੰਧਾਵਾ, ਕਿਰਨ ਬਾਜਵਾ, ਅਮਰਜੀਤ ਚਿੱਟੀ ਤੇ ਅਮਰਬੀਰ ਕੌਰ ਨੇ ਵੀ ਸਹਿਯੋਗ ਦਿੱਤਾ।