ਦੇਸੀ ਸਵੈਗ ਇੰਟਰਨੈਸ਼ਨਲ ਵੱਲੋਂ ਕਰਵਾਏ ਸ਼ੈਰੀ ਮਾਨ, ਰੁਪਿੰਦਰ ਹਾਂਡਾ ਤੇ ਜੈਸਮੀਨ ਦੀ ਗਾਇਕੀ ਦੇ ਸ਼ੋਅ ਦਾ ਲੋਕਾਂ ਨੇ ਖੂਬ ਆਨੰਦ ਮਾਣਿਆ

ਦੇਸੀ ਸਵੈਗ ਇੰਟਰਨੈਸ਼ਨਲ ਵੱਲੋਂ ਕਰਵਾਏ ਸ਼ੈਰੀ ਮਾਨ, ਰੁਪਿੰਦਰ ਹਾਂਡਾ ਤੇ ਜੈਸਮੀਨ ਦੀ ਗਾਇਕੀ ਦੇ ਸ਼ੋਅ ਦਾ ਲੋਕਾਂ ਨੇ ਖੂਬ ਆਨੰਦ ਮਾਣਿਆ

ਸੈਕਰਾਮੈਂਟੋ/ਹੁਸਨ ਲੜੋਆ ਬੰਗਾ :
ਸਥਾਨਕ ਸਭਿਆਚਾਰਕ ਸੰਸਥਾ ”ਦੇਸੀ ਸਵੈਗ ਇੰਟਰਨੈਸ਼ਨਲ” ਵੱਲੋਂ ਸ਼ੈਰੀ ਮਾਨ, ਰੁਪਿੰਦਰ ਹਾਂਡਾ ਤੇ ਜੈਸਮੀਨ ਦਾ ਸ਼ੋਅ ਸਥਾਨਕ ਲੂਥਰ ਬਰਬੈਂਕ ਹਾਈ ਸਕੂਲ ਫਲੋਰਨ ਰੋਡ ਸੈਕਰਾਮੈਂਟੋ ‘ਚ ਕਰਵਾਇਆ ਗਿਆ। ਇਸ ਸ਼ੋਅ ਦੌਰਾਨ ਉਪਰੋਕਤ ਕਲਾਕਾਰਾਂ ਨੇ ਭਾਰੀ ਗਿਣਤੀ ‘ਚ ਆਏ ਦਰਸ਼ਕਾਂ ਦਾ ਪੂਰਾ ਮੰਨੋਰੰਜਨ ਕੀਤਾ। ਸ਼ੈਰੀ ਮਾਨ ਨੇ ਪਰਿਵਾਰਕ ਗੀਤਾਂ ਤੋਂ ਇਲਾਵਾ ਅੱਜ ਦੇ ਰੋਮੀÀ ਲਈ ਵੀ ਗੀਤ ਸੁਣਾਏ। ਸ਼ੈਰੀ ਮਾਨ ਵੱਲੋਂ ਗਾਏ ਕੁਝ ਗੀਤਾਂ ‘ਚ ”ਬੇਬੇ ਤੇਰੀ ਆਟੇ ਦੀ ਚਿੱੜੀ”, ”ਦਿਨ ਢਲ੍ਹਦੇ ਨੂੰ ਜਦ ਕੰਮ ਤੋਂ ਆਵਾਂ ਮੈਂ”, ”ਵਜਦੇ ਟਰਾਂਸਪੋਰਟੀਏ” ਗੀਤਾਂ ਨੂੰ ਆਏ ਦਰਸ਼ਕਾਂ ਨੇ ਪਸੰਦ ਕੀਤਾ। ਇਵੇਂ ਹੀ ਕੁਝ ਰੁਪਿੰਦਰ ਹਾਂਡਾ ਨੇ ਵੀ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਦਰਸ਼ਕਾਂ ਦਾ ਭਰਪੂਰ ਮੰਨੋਰੰਜਨ ਕੀਤਾ ਜਿਨ੍ਹਾਂ ‘ਚ ਉਸਨੇ ਆਪਣੇ ਚਰਚਿਤ ਗੀਤ ”ਤਖਤਪੋਸ਼”, ”ਸੂਟ ਦਰਜੀ ਤੋਂ ਮੈਂ ਸਵਾ ਲਿਆ ਚੰਨਾ ਵੇ ਤੇਰੀ ਪੱਗ ਨਾਲ ਦਾ” ਅਤੇ ”ਮਿਰਜਾ” ਗਾਏ। ਇਸ ਮੌਕੇ ਜਸਮੀਨ ਸੈਂਡਲਸ, ਜੋ ਕਿ ਸਟਾਕਟਨ ਕੈਲੀਫੋਰਨੀਆ ਦੀ ਹੀ ਗਾਇਕਾ ਹੈ, ਨੇ ਆਪਣੇ ਹੀ ਹਿਸਾਬ ਨਾਲ ਗਾਇਆ । ਉਸਨੇ ਹੋਰ ਪੰਜਾਬੀ ਗਾਇਕਾਂ ਦੇ ਗੀਤਾਂ ਦੀ ਖਿਚੜੀ ਬਣਾ ਕੇ ਗੱਲਾਂਬਾਤਾਂ ਨਾਲ ਤੇ ਸੀ ਡੀ ਲਾ ਕੇ ਲੋਕਾਂ ਨੂੰ ਪਰੋਸਿਆ। ਸਥਾਨਕ ਗਾਇਕ ਜੀਤਾ ਗਿੱਲ ਨੇ ਵੀ ਆਪਣੇ ਗੀਤਾਂ ਰਾਹੀਂ ਭਰਵੀਂ ਹਾਜਰੀ ਲੁਆਈ।
ਇਸ ਮੌਕੇ ਸੈਕਰਾਮੈਂਟੋ ਦੀ ਨਵੀਂ ਗਾਇਕਾ ਮਨਿੰਦਰ ਸੰਧੂ ਨੇ ”ਤੇਰੀਆਂ ਮੁਹੱਬਤਾਂ” ਨਾਲ ਗਾਇਕੀ ‘ਚ ਦਸਤੱਕ ਦਿੱਤੀ। ਇਸ ਸਮਾਗਮ ਦੀ ਸਟੇਜ ਤੇ ਇਕ ਰਾਤ ਪਹਿਲਾਂ ਰੱਖੇ ਗਏ ਡਿਨਰ ਦੀ ਸੰਚਾਲਨਾ ਆਸ਼ਾ ਸ਼ਰਮਾ ਨੇ ਇਕਸਾਰ ਨਿਭਾਈ। ਸ਼ੋਅ ਦੇ ਮੁੱਖ ਮਹਿਮਾਨ ਸ਼ੀਨਾ ਜਿਊਲਰਜ ਦੇ ਇੰਦਰਜੀਤ ਸਿੰਘ ਸਨ। ਇਸ ਪ੍ਰੋਗਰਾਮ ਨੂੰ ਪਰਿਵਾਰਕ ਰੱਖਣ ਲਈ ਪ੍ਰਬੰਧਕਾਂ ਵੱਲੋਂ ਸਕਿਊਰਿਟੀ ਦੇ ਖ਼ਾਸ ਪ੍ਰਬੰਧ ਕੀਤੇ ਗਏ ਸਨ, ਪਰ ਸ਼ਰਾਬੀ ਬਿਰਤੀ ਵਾਲੇ ਲੋਕ ਹਰਕਤਾਂ ਤੋਂ ਫਿਰ ਵੀ ਬਾਜ ਨਹੀਂ ਆਉਂਦੇ।
ਪ੍ਰੋਗਰਾਮ ਦੇ ਪ੍ਰਬੰਧਕਾਂ ‘ਚ ਹਰਪਿੰਦਰ ਸਹੋਤਾ, ਸੰਜੀਵ ਮਸੀਹ, ਮਨਿੰਦਰ ਪਵਾਰ, ਜਤਿੰਦਰ ਮਾਨ, ਜੋਗੀ ਗਿੱਲ ਤੇ ਹਰਿੰਦਰ ਸਹੋਤਾ ਤੇ ਹੋਰਨਾਂ ਨੇ ਕੁਝ ਸ਼ੋਅ ਦੇ ਪਰਮੋਟਰਾਂ ਨੂੰ ਯਾਦਗਾਰੀ ਪਲੈਕਾਂ ਦੇ ਕੇ ਸਨਮਾਨਿਤ ਵੀ ਕੀਤਾ।