ਅਮਰਤਿਆ ਸੇਨ ਬਾਰੇ ਬਣੀ ਦਸਤਾਵੇਜ਼ੀ ‘ਤੇ ਚੱਲੀ ਸੈਂਸਰ ਬੋਰਡ ਦੀ ਕੈਂਚੀ

ਅਮਰਤਿਆ ਸੇਨ ਬਾਰੇ ਬਣੀ ਦਸਤਾਵੇਜ਼ੀ ‘ਤੇ ਚੱਲੀ ਸੈਂਸਰ ਬੋਰਡ ਦੀ ਕੈਂਚੀ

‘ਗਾਂ’, ‘ਗੁਜਰਾਤ’, ‘ਹਿੰਦੂ ਇੰਡੀਆ’ ਤੇ ‘ਹਿੰਦੂਤਵ’ ਵਰਗੇ ਸ਼ਬਦਾਂ ਮੌਕੇ ਆਵਾਜ਼ ਬੰਦ ਰੱਖਣ ਦੀ ਹਦਾਇਤ
ਕੋਲਕਾਤਾ/ਬਿਊਰੋ ਨਿਊਜ਼ :
ਸੈਂਸਰ ਬੋਰਡ ਨੇ ਨੋਬੇਲ ਪੁਰਸਕਾਰ ਜੇਤੂ ਅਮਰਤਿਆ ਸੇਨ ਬਾਰੇ ਦਸਤਾਵੇਜ਼ੀ ਨੂੰ ਰੋਕ ਦਿੱਤਾ ਹੈ ਅਤੇ ਫਿਲਮਸਾਜ਼ ਸੁਮਨ ਘੋਸ਼ ਨੂੰ ਕਿਹਾ ਕਿ ਜਿਸ ਥਾਂ ‘ਗਾਂ’, ‘ਗੁਜਰਾਤ’, ‘ਹਿੰਦੂ ਇੰਡੀਆ’ ਅਤੇ ‘ਹਿੰਦੂਤਵ’ ਵਰਗੇ ਸ਼ਬਦ ਵਰਤੇ ਗਏ, ਉਸ ਥਾਂ ਆਵਾਜ਼ ਬੰਦ ਕਰ ਦਿੱਤੀ ਜਾਵੇ। ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਦੇ ਖੇਤਰੀ ਦਫ਼ਤਰ ਵੱਲੋਂ ਸੈਂਸਰ ਸਰਟੀਫਿਕੇਟ ਹਾਸਲ ਕਰਨ ਲਈ ਲਾਈ ਇਸ ਸ਼ਰਤ ਕਾਰਨ ਫਿਲਮ ‘ਦਿ ਆਰਗੂਮੈਨਟੇਟਿਵ ਇੰਡੀਅਨ’ ਨੂੰ ਰਿਲੀਜ਼ ਕਰਨ ਬਾਰੇ ਹੁਣ ਬੇਯਕੀਨੀ ਹੈ ਕਿਉਂਕਿ ਘੋਸ਼ ਨੇ ਇਨ੍ਹਾਂ ਚਾਰਾਂ ਸ਼ਬਦਾਂ ਵੇਲੇ ਆਵਾਜ਼ ਬੰਦ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਫਿਲਮ ਨੂੰ ਇਸ ਹਫ਼ਤੇ ਦੇ ਅੰਤ ਵਿੱਚ ਕੋਲਕਾਤਾ ਵਿੱਚ ਰਿਲੀਜ਼ ਕਰਨ ਦੀ ਯੋਜਨਾ ਸੀ। ਸੈਂਸਰ ਬੋਰਡ ਦੇ ਇਸ ਕਦਮ ਦੀ ਸਖ਼ਤ ਨਿਖੇਧੀ ਹੋ ਰਹੀ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਉਤੇ ਚਿੰਤਾ ਪ੍ਰਗਟਾਈ, ਜਦੋਂ ਕਿ ਘੋਸ਼ ਨੇ ਕਿਹਾ ਕਿ ਇਹ ਧੱਕਾ ਹੈ ਅਤੇ ਇਸ ਕਦਮ ਨੂੰ ਵਾਪਸ ਲਿਆ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧ ਦੀ ਹਰੇਕ ਆਵਾਜ਼ ਦਾ ਗਲਾ ਘੁੱਟਿਆ ਜਾ ਰਿਹਾ ਹੈ। ਉਨ੍ਹਾਂ ਟਵੀਟ ਕੀਤਾ ਕਿ ਹੁਣ ਵਾਰੀ ਡਾ. ਅਮਰਤਿਆ ਸੇਨ ਦੀ ਹੈ। ਜੇ ਉਨ੍ਹਾਂ ਵਰਗਾ ਕੱਦਾਵਰ ਸ਼ਖ਼ਸ ਆਜ਼ਾਦੀ ਨਾਲ ਆਪਣੀ ਗੱਲ ਨਹੀਂ ਕਹਿ ਸਕਦਾ ਤਾਂ ਆਮ ਨਾਗਰਿਕ ਲਈ ਆਸ ਦੀ ਕਿਹੜੀ ਕਿਰਨ ਬਚੀ ਹੈ। ਸੁਮਨ ਘੋਸ਼ ਨੇ ਕਿਹਾ ਕਿ ਅਮਰਤਿਆ ਸੇਨ ਅਤੇ ਇੰਟਰਵਿਊ ਲੈਣ ਵਾਲੇ ਅਰਥ ਸ਼ਾਸਤਰੀ ਕੌਸ਼ਿਕ ਬਾਸੂ ਵਿਚਾਲੇ ਹੋਏ ਸੰਵਾਦ ਵਿਚੋਂ ਕੁਝ ਸ਼ਬਦ ਹਟਾਉਣ ਨਾਲ ਇਸ ਦਸਤਾਵੇਜ਼ੀ ਦੀ ਆਤਮਾ ਹੀ ਮਰ ਜਾਵੇਗੀ। 83 ਸਾਲਾ ਸੇਨ ਦੇ ਜੀਵਨ ਬਾਰੇ ਦਸਤਾਵੇਜ਼ੀ ਦਾ ਨਿਰਦੇਸ਼ਨ ਕਰਨ ਵਾਲੇ ਘੋਸ਼ ਨੇ ਕਿਹਾ ਕਿ ਸੀਬੀਐਫਸੀ ਦਾ ਖੇਤਰੀ ਦਫ਼ਤਰ ਚਾਹੁੰਦਾ ਹੈ, ”ਗੁਜਰਾਤ, ਗਾਂ, ਭਾਰਤ ਬਾਰੇ ਹਿੰਦੂਤਵ ਵਿਚਾਰ ਅਤੇ ਹਿੰਦੂ ਇੰਡੀਆ ਵਰਗੇ ਸ਼ਬਦਾਂ ਵੇਲੇ ਆਵਾਜ਼ ਬੰਦ ਕੀਤੀ ਜਾਵੇ। ਮੈਂ ਅਜਿਹਾ ਕਰਨੋਂ ਆਪਣੀ ਅਸਮਰੱਥਾ ਪ੍ਰਗਟਾਈ।”