ਲਾਈਵਓਕ ਦੀਆਂ ਤੀਆਂ ‘ਚ ਬੀਬੀਆਂ ਨੂੰ ਮਿਸ ਪੂਜਾ ਨੇ ਨਚਾਇਆ

ਲਾਈਵਓਕ ਦੀਆਂ ਤੀਆਂ ‘ਚ ਬੀਬੀਆਂ ਨੂੰ ਮਿਸ ਪੂਜਾ ਨੇ ਨਚਾਇਆ

ਲਾਈਵਓਕ/ ਹੁਸਨ ਲੜੋਆ ਬੰਗਾ:
ਹਰ ਵਰ੍ਹੇ ਯੂਬਾਸਿਟੀ ਦੇ ਲਾਗਲੇ ਸ਼ਹਿਰ ਲਾਈਵਓਕ ਦੀਆਂ ਤੀਆਂ ਵਿਚ ਜਿੱਥੇ ਵੱਖ ਵੱਖ ਸਭਿਅਕ ਵੰਨਗੀਆਂ ਦੇਖਣ ਨੂੰ ਮਿਲਦੀਆਂ ਰਹੀਆਂ ਹਨ, ਐਤਕਾਂ ਪ੍ਰੋਗਰਾਮ ‘ਚ ਹੋਰ ਵਾਧਾ ਕਰਦਿਆਂ ਪ੍ਰਬੰਧਕਾਂ ਵੱਲੋਂ ਉੱਘੀ ਅਤੇ ਬਹੁਚਰਚਿਤ ਗਾਇਕਾ ਮਿਸ ਪੂਜਾ ਨੂੰ ਦਰਸ਼ਕ ਬੀਬੀਆਂ ਦਾ ਮੰਨੋਰੰਜਨ ਕਰਨ ਲਈ ਬੁਲਾਇਆ ਗਿਆ ਜਿਸਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਬੀਬੀਆਂ ਦਾ ਖੂਬ ਮੰਨੋਰੰਜਨ ਕੀਤਾ। ਲਾਈਵਓਕ ਤੇ ਗਰਿਡਲੀ ਦੀਆਂ ਸਾਂਝੀਆਂ ਤੀਆਂ ਵਿਚ ਬੀਬੀਆਂ ਨੇ ਮਿਸ ਪੂਜਾ ਦੇ ਗੀਤਾਂ ਤੇ ਖੂਬ ਧਮਾਲ ਪਾਈ। ਗਰਮੀ ਦੇ ਬਾਵਜੂਦ ਬੀਬੀਆਂ ਨੇ ਅੰਤ ਤੱਕ ਸਾਰੀਆਂ ਆਈਟਮਾਂ ਦਾ ਆਨੰਦ ਮਾਣਿਆ। ਇਸ ਤੀਆਂ ਦੇ ਮੇਲੇ ਵਿਚ ਵੱਖ ਵੱਖ ਸ਼ਹਿਰਾਂ ਦੀਆਂ ਤੀਆਂ ਦੇ ਮੇਲਿਆਂ ਦੀਆਂ ਪ੍ਰਬੰਧਕਾਂ ਨੇ ਵੀ ਪੂਰਾ ਯੋਗਦਾਨ ਦਿੱਤਾ।
ਮੁੱਖ ਪ੍ਰਬੰਧਕ ਜਸਮਿੰਦਰ ਮੱਟੂ ਨੇ ਦਸਿਆ ਕਿ ਪਹਿਲੇ ਸਾਲਾਂ ਨਾਲੋਂ ਗਰਮੀ ਦੇ ਬਾਵਜੂਦ ਬੀਬੀਆਂ ਦੀ ਰਿਕਾਰਡ ਤੋੜ ਆਮਦ ਰਹੀ। ਉਨ੍ਹਾਂ ਇਸ ਮੌਕੇ ਸਾਰੇ ਸਪੌਂਸਰਾਂ ਦਾ ਮਾਲੀ ਤੌਰ ਤੇ ਮਦਦ ਕਰਨ ਦਾ ਧੰਨਵਾਦ ਵੀ ਕੀਤਾ।
ਸਟੇਜ ਦੀ ਕਾਰਵਾਈ ਪੰਜਾਬੀ ਸਟੇਜਾਂ ਦੀ ਮਲਿਕਾ ਵਜੋਂ ਜਾਣੀ ਜਾਂਦੀ ਬੀਬੀ ਆਸ਼ਾ ਸ਼ਰਮਾ ਨੇ ਬਾਖੂਬੀ ਨਿਭਾਈ। ਇਸ ਪ੍ਰੋਗਰਾਮ ਵਿਚ ਬੀਬੀਆਂ ਦਾ ਗਿੱਧਾ, ਬੱਚਿਆਂ ਦਾ ਗਿੱਧਾ, ਭੰਗੜੇ ਤੋਂ ਇਲਾਵਾ ਬੀਬੀਆਂ ਦੀਆਂ ਖੁਲ੍ਹੀਆਂ ਬੋਲੀਆਂ ਆਕਰਸ਼ਿਤ ਰਹੀਆਂ। ਬੀਬੀਆਂ ਨੇ ਅਖੀਰ ਵਿਚ ਪਿੜ ਮੱਲ ਲਿਆ ਤੇ ਖੂਬ ਧਮਾਲ ਪਾਈ। ਬਖਸ਼ਿੰਦਰ ਥਿਆੜਾ ਤੇ ਪ੍ਰਬੰਧਕਾਂ ਵੱਲੋਂ ਮਿਸ ਪੂਜਾ ਨੂੰ ਪਲੈਕ ਦੇ ਕੇ ਸਨਮਾਨਿਤ ਵੀ ਕੀਤਾ ਗਿਆ।