ਵਲੇਹੋ ਦੇ ਮੇਲੇ ‘ਚ ਗਾਇਕਾਂ ਨੇ ਲਾਈ ਗੀਤਾਂ ਦੀ ਛਹਿਬਰ

ਵਲੇਹੋ ਦੇ ਮੇਲੇ ‘ਚ ਗਾਇਕਾਂ ਨੇ ਲਾਈ ਗੀਤਾਂ ਦੀ ਛਹਿਬਰ

‘ਸਰਬੱਤ ਦਾ ਭਲਾ’ ਸੰਸਥਾ ਨੇ ਲੋੜਵੰਦਾਂ ਲਈ 1 ਹਜ਼ਾਰ ਡਾਲਰ ਇਕੱਤਰ ਕੀਤੇ
ਵਲੇਹੋ/ਬਿਊਰੋ ਨਿਊਜ਼ :
ਇੰਡੀਅਨ ਕੇਅਰ ਐਸੋਸੀਏਸ਼ਨ ਵਲੋਂ ਸਾਲਾਨਾ ਸਭਿਆਚਾਰਕ ਮੇਲਾ ਇਥੇ ਸੋਲਾਨੋ ਕਾਊਂਟੀ, ਫੇਅਰ ਗਰਾਊਂਡ ਵਿਖੇ ਕਰਵਾਇਆ ਗਿਆ। ਦੁਪਹਿਰ 2 ਵਜੇ ਸ਼ੁਰੂ ਹੋਇਆ ਇਹ ਮੇਲਾ ਰਾਤ ਦੇ 8 ਵਜੇ ਤੱਕ ਚੱਲਿਆ। ਦਰਸ਼ਕਾਂ ਦੇ ਰਿਕਾਰਡ ਤੋੜ ਇਕੱਠ ਨੇ ਮੇਲੇ ਨੂੰ ਸਿਖ਼ਰ ‘ਤੇ ਪਹੁੰਚਾ ਦਿੱਤਾ। ਇਸ ਵਾਰ ਪੰਜਾਬੀ ਦੇ ਉਘੇ ਗਾਇਕ ਮਿਸ ਪੂਜਾ, ਰੌਸ਼ਨ ਪਿੰ੍ਰਸ, ਹਰਮਨਦੀਪ, ਸੱਤੀ ਸਤਵਿੰਦਰ ਨੇ ਆਪਣੇ ਗੀਤਾਂ ਰਾਹੀਂ ਆਏ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਸਟੇਜ ਸੰਚਾਲਨ ਆਸ਼ਾ ਸ਼ਰਮਾ ਨੇ ਕੀਤਾ ਤੇ ਉਨ੍ਹਾਂ ਦਾ ਸਾਥ ਕੈਪਟਨ ਕਰਨਬੀਰ ਸਿੰਘ ਔਲਖ ਅਤੇ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ। ਇਨ੍ਹਾਂ ਨੇ ਸਮੇਂ-ਸਮੇਂ ‘ਤੇ ਇੰਡੀਅਨ ਕੇਅਰ ਐਸੋਸੀਏਸ਼ਨ ਦੀ ਕਾਰਗੁਜ਼ਾਰੀਆਂ ਬਾਰੇ ਵਿਸਥਾਰ ਨਾਲ ਦੱਸਿਆ। ਇਹ ਸੰਸਥਾ ਸਭਿਆਚਾਰਕ ਸਮਾਗਮਾਂ ਤੋਂ ਇਲਾਵਾ ਸਮਾਜ ਭਲਾਈ ਦੇ ਕੰਮਾਂ ਵਿਚ ਵੀ ਵੱਧ-ਚੜ੍ਹ ਕੇ ਹਿੱਸਾ ਪਾਉਂਦੀ ਹੈ। ਜ਼ਿਕਰਯੋਗ ਹੈ ਕਿ ਇੰਡੀਅਨ ਕੇਅਰ ਐਸੋਸੀਏਸ਼ਨ ਵੱਲੋਂ ਇਸ ਮੇਲੇ ਲਈ ਕੋਈ ਐਂਟਰੀ ਫੀਸ ਨਹੀਂ ਰੱਖੀ ਗਈ, ਜਿਸ ਕਰਕੇ ਦਰਸ਼ਕਾਂ ਵਿਚ ਹੋਰ ਵੀ ਉਤਸ਼ਾਹ ਨਜ਼ਰ ਆਇਆ। ਇਸੇ ਲਈ ਦਰਸ਼ਕ ਵੱਡੀ ਗਿਣਤੀ ਵਿਚ ਪਰਿਵਾਰਾਂ ਸਮੇਤ ਪਹੁੰਚੇ।
ਮੇਲੇ ਦੀ ਰੌਣਕ ਵਧਾਉਣ ਲਈ ਵੱਖ-ਵੱਖ ਤਰ੍ਹਾਂ ਦੇ ਸਟਾਲ ਲੱਗੇ ਹੋਏ ਸਨ। ਖਾਣ-ਪੀਣ ਤੋਂ ਇਲਾਵਾ ਗਹਿਣੇ, ਕੱਪੜੇ, ਜੁੱਤੀਆਂ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਸਾਮਾਨ ਦੇ ਸਟਾਲਾਂ ਤੋਂ ਲੋਕਾਂ ਨੇ ਖਰੀਦੋ-ਫਰੋਖ਼ਤ ਕੀਤੀ।
ਇਸ ਦੌਰਾਨ ਇੰਡੀਅਨ ਕੇਅਰ ਐਸੋਸੀਏਸ਼ਨ ਦੇ ਪ੍ਰਬੰਧਕਾਂ ਦੇ ਬੱਚਿਆਂ ਨੇ ਆਪਣੀ ਇਕ ਸੰਸਥਾ ਵੀ ਬਣਾਈ ਹੈ, ਜਿਸ ਦਾ ਨਾਂ ਉਨ੍ਹਾਂ ਨੇ ‘ਸਰਬੱਤ ਦਾ ਭਲਾ’ ਰੱਖਿਆ ਹੈ। ਇਨ੍ਹਾਂ ਬੱਚਿਆਂ ਨੇ ਵੀ ਆਪਣੇ ਮਾਤਾ-ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਇਸ ਮੇਲੇ ਵਿਚ ਸਟਾਲ ਲਾਇਆ ਸੀ, ਜਿੱਥੇ ਉਨ੍ਹਾਂ ਨੇ ਪਾਣੀ ਅਤੇ ਹੋਰ ਸਾਮਾਨ ਵੇਚ ਕੇ 1 ਹਜ਼ਾਰ ਡਾਲਰ ਤੋਂ ਵੱਧ ਇਕੱਤਰ ਕੀਤਾ। ਇਹ ਰਕਮ ਉਨ੍ਹਾਂ ਬੱਚਿਆਂ ਨੇ ਲੋਕ ਭਲਾਈ ਦੇ ਕੰਮਾਂ ‘ਤੇ ਖਰਚ ਕਰਨੇ ਹਨ। ਕੁੱਲ ਮਿਲਾ ਕੇ ਇਹ ਮੇਲਾ ਪੂਰੀ ਤਰ੍ਹਾਂ ਕਾਮਯਾਬ ਰਿਹਾ।
ਮੇਲੇ ਨੂੰ ਕਾਮਯਾਬ ਕਰਨ ਲਈ ਇੰਡੀਅਨ ਕੇਅਰ ਐਸੋਸੀਏਸ਼ਨ ਦੇ ਪ੍ਰਬੰਧਕਾਂ ਨੇ ਦਿਨ-ਰਾਤ ਇਕ ਕਰ ਦਿੱਤੀ। ਇਨ੍ਹਾਂ ਮੈਂਬਰਾਂ ਵਿਚ ਕਰਨਬੀਰ ਸਿੰਘ ਔਲਖ, ਸਤਿੰਦਰਪਾਲ ਸਿੰਘ ਹੇਅਰ, ਹਰਜਿੰਦਰ ਸਿੰਘ ਧਾਮੀ, ਹੁਸ਼ਿਆਰ ਸਿੰਘ ਡਡਵਾਲ, ਸ਼ਸ਼ੀਪਾਲ, ਗੁਰਪਾਲ ਡਡਵਾਲ, ਜਸਪਾਲ ਡਡਵਾਲ, ਸੁਰਜੀਤ ਰੱਤੂ, ਕੁਲਵੰਤ ਬੈਂਸ, ਸੁਰਿੰਦਰ ਹੇਅਰ, ਪ੍ਰਦੀਪ ਸ਼ਰਮਾ, ਰਾਜੇਸ਼ ਮਲਹੋਤਰਾ, ਰੋਮੀ ਉੱਪਲ, ਅਮਿਤ ਪਾਲ, ਸੰਜੀਵ ਵਡੇਰਾ, ਰਣਬੀਰ, ਦੇਸ਼ਦੀਪ ਤੱਖਰ ਸ਼ਾਮਲ ਸਨ।