ਪਾਕਿਸਤਾਨ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ‘ਤੇ ਸਾਹਿਤਕ ਐਵਾਰਡ ਇਕਬਾਲ ਕੇਸਰ ਨੂੰ ਭੇਟ

ਪਾਕਿਸਤਾਨ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ‘ਤੇ ਸਾਹਿਤਕ ਐਵਾਰਡ ਇਕਬਾਲ ਕੇਸਰ ਨੂੰ ਭੇਟ

ਲਾਹੌਰ/ਬਿਊਰੋ ਨਿਊਜ਼ :
ਪਾਕਿਸਤਾਨ ਸਰਕਾਰ ਨੇ ਪੰਜਾਬੀ ਵਿਚ ਕੰਮ ਕਰਨ ਵਾਲੇ ਸਾਹਿਤਕਾਰਾਂ ਨੂੰ ਪ੍ਰੋਤਸਾਹਿਤ ਕਰਨ ਲਈ ਗੁਰੂ ਨਾਨਕ ਦੇਵ ਜੀ ਦੇ ਨਾਂਅ ‘ਤੇ ਸਾਹਿਤਕ ਐਵਾਰਡ ਦੇਣ ਦੀ ਸ਼ੁਰੂਆਤ ਕੀਤੀ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਸੂਚਨਾ ਅਤੇ ਸਭਿਆਚਾਰਕ ਵਿਭਾਗ ਵੱਲੋਂ ਪੰਜਾਬ ਇੰਸਟੀਚਿਉਟ ਆਫ਼ ਲੈਂਗਵੇਜ਼ ਐਂਡ ਕਲਚਰ (ਲਾਹੌਰ) ਵਿਚ ਸਰਕਾਰੀ ਪੱਧਰ ‘ਤੇ ਕਰਵਾਏ ਗਏ ਇਕ ਸਮਾਗਮ ਵਿਚ ਪਾਕਿਸਤਾਨ ਵਿਚ ਪੰਜਾਬੀ ਦੇ ਇਨਸਾਈਕਲੋਪੀਡੀਆ ਨਾਂਅ ਨਾਲ ਮਸ਼ਹੂਰ ਕਵੀ ਤੇ ਲੇਖਕ ਜਨਾਬ ਇਕਬਾਲ ਕੇਸਰ ਨੂੰ ਇਹ ਐਵਾਰਡ ਭੇਟ ਕੀਤਾ ਗਿਆ। ਸੰਸਥਾ ਦੀ ਡਾਇਰੈਕਟਰ ਬੀਬੀ ਸ਼ੂਗਰਾ ਸਦਫ਼, ਮੌਜੂਦਾ ਮੰਤਰੀ ਮੁਜ਼ਤਬਾ ਸ਼ਰੂ, ਸਾਬਕਾ ਮੰਤਰੀ ਅਫ਼ਜ਼ਲ ਹੈਦਰ ਵੱਲੋਂ ਇਕਬਾਲ ਕੇਸਰ ਨੂੰ ਦਿੱਤੇ ਗਏ ‘ਗੁਰੂ ਨਾਨਕ ਦੇਵ ਸਾਹਿਤਕ ਐਵਾਰਡ’ ਨਾਲ ਸਰਟੀਫਿਕੇਟ, ਯਾਦਗਾਰੀ ਚਿੰਨ੍ਹ ਅਤੇ ਇਕ ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਸ਼ੂਗਰਾ ਸਦਫ਼ ਨੇ ਦੱਸਿਆ ਕਿ ਇਹ ਐਵਾਰਡ ਸੂਬਾ ਸਰਕਾਰ ਵੱਲੋਂ ਅਗਾਂਹ ਵੀ ਹਰ ਵਰ੍ਹੇ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਕੰਮ ਕਰਨ ਵਾਲੇ ਸਾਹਿਤਕਾਰਾਂ ਨੂੰ ਦਿੱਤਾ ਜਾਂਦਾ ਰਹੇਗਾ। ਪੰਜਾਬੀ ਖੋਜਗੜ੍ਹ ਸੰਸਥਾ ਦੇ ਮੁਖੀ ਇਕਬਾਲ ਕੇਸਰ ਨੇ ਇਸ ਮੌਕੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਮਾਂ ਬੋਲੀ ਪੰਜਾਬੀ ਨੂੰ ਉਸ ਦਾ ਬਣਦਾ ਹੱਕ ਦਿਵਾਉਣ ਲਈ ਸੂਬਾ ਸਰਕਾਰ ਨੂੰ ਸੂਬੇ ਦੇ ਸਕੂਲਾਂ ਦੇ ਸਿਲੇਬਸ ਵਿਚ ਅੰਗਰੇਜ਼ੀ ਤੇ ਹਿਸਾਬ ਵਿਸ਼ਿਆਂ ਵਾਂਗ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਤੌਰ ‘ਤੇ ਸ਼ਾਮਲ ਕਰਨ ਦੀ ਮੰਗ ਕੀਤੀ। ਉਪਰੋਕਤ ਸਮਾਗਮ ਵਿਚ ਆਰਿਫ਼ ਲੁਹਾਰ, ਫ਼ਖ਼ਰ ਜ਼ਮਾਨ, ਅਨਵਰ ਮਸੂਰ, ਬਾਬਾ ਨਜ਼ਮੀ, ਮੰਨੂੰ ਭਾਈ ਅਤੇ ਬਾਬਰ ਜਲੰਧਰੀ ਵੀ ਮੌਜੂਦ ਸਨ।