ਗੁਰਮੇਹਰ ਕੌਰ ਦੀ ਕਿਤਾਬ ‘ਮੂਵਮੈਂਟ ਆਫ਼ ਫ਼ਰੀਡਮ’ ਆਏਗੀ ਅਗਲੇ ਵਰ੍ਹੇ

ਗੁਰਮੇਹਰ ਕੌਰ ਦੀ ਕਿਤਾਬ ‘ਮੂਵਮੈਂਟ ਆਫ਼ ਫ਼ਰੀਡਮ’ ਆਏਗੀ ਅਗਲੇ ਵਰ੍ਹੇ

1947 ਤੋਂ ਲੈ ਕੇ 2017 ਦੀਆਂ ਘਟਨਾਵਾਂ ਦਾ ਹੋਵੇਗਾ ਜ਼ਿਕਰ
ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਦੇ ਰਾਮਜਨ ਕਾਲਜ ਦੌਰਾਨ ਸੋਸ਼ਲ ਮੀਡੀਆ ਰਾਹੀਂ ਵਿਵਾਦਿਤ ਸੁਰਖੀਆਂ ਵਿਚ ਆਈ ਗੁਰਮੇਹਰ ਕੌਰ ਹੁਣ ਕਿਤਾਬ ਰਾਹੀਂ ਲੋਕਾਂ ਨੂੰ ਹਕੀਕਤ ਤੋਂ ਜਾਣੂ ਕਰਵਾਏਗੀ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਰਾਹੀਂ ਬੋਲਣ ਦੀ ਆਜ਼ਾਦੀ ਦਾ ਹੱਕ ਮੰਗਣ ਕਾਰਨ ਸੁਰਖੀਆਂ ਵਿਚ ਆਈ ਗੁਰਮੇਹਰ ਕੌਰ ਦੀ ਕਿਤਾਬ ਵਿਚ 1947 ਤੋਂ 2017 ਤੱਕ ਦੇ ਸਮੇਂ ਦਾ ਜ਼ਿਕਰ ਹੋਵੇਗਾ, ਜਿਸ ਵਿਚ ਉਸ ਦੀ ਦਾਦੀ ਦੇ ਲਾਹੌਰ ਤੋਂ ਭਾਰਤ ਆਉਣ ਤੱਕ, ਫਿਰ ਮਾਂ-ਬਾਪ ਅਤੇ ਗੁਰਮੇਹਰ ਦੇ ਵਿਦਿਆਰਥੀ ਜੀਵਨ ਦਾ ਜ਼ਿਕਰ ਹੋਵੇਗਾ। ‘ਸਮਾਲ ਐਕਟਸ ਆਫ਼ ਫ਼ਰੀਡਮ’ ਨਾਂਅ ਦੀ ਇਹ ਕਿਤਾਬ ਜਨਵਰੀ 2018 ਤੱਕ ਆਉਣ ਦੀ ਉਮੀਦ ਹੈ।
ਇਹ ਕਿਤਾਬ ‘ਪੈਨਗਿਊਨ ਰੈਨਡਮ ਹਾਊਸ ਇੰਡੀਆ’ ਵਲੋਂ ਪ੍ਰਕਾਸ਼ਤ ਕੀਤੀ ਜਾ ਰਹੀ ਹੈ। ਗੁਰਮੇਹਰ ਨੇ ਫੇਸਬੁੱਕ ਤੇ ਟਵਿੱਟਰ ‘ਤੇ ਇਸ ਬਾਰੇ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ ਇਹ ਕਿਤਾਬ ਮਹਿਜ਼ ਪ੍ਰਗਟਾਵੇ ਦੀ ਆਜ਼ਾਦੀ ਨਾਲ ਨਹੀਂ ਜੁੜੀ ਬਲਕਿ ਇਹ ਨਿੱਜੀ ਅਹਿਸਾਸ ਹਨ ਜੋ ਉਸ ਨੇ ਆਪਣੀ ਦਾਦੀ ਦੇ ਰੂਪ ਵਿਚ ਤਿੰਨ ਪੀੜ੍ਹੀਆਂ ਵਿਚ ਮਜ਼ਬੂਤ ਔਰਤ ਵਜੋਂ ਮਹਿਸੂਸ ਕੀਤੇ ਹਨ। ਇਹ ਪਰਿਵਾਰ ਦੀਆਂ ਤਿੰਨ ਔਰਤਾਂ (ਦਾਦੀ, ਮਾਂ ਤੇ ਖ਼ੁਦ) ਦਾ ਜੀਵਨ ਬਿਰਤਾਂਤ ਹੈ, ਜਿਨ੍ਹਾਂ ਨੇ ਆਪਣੀਆਂ ਸ਼ਰਤਾਂ ‘ਤੇ ਜੀਵਨ ਜੀਵਿਆ ਹੈ। ਇਹ 70 ਵਰ੍ਹਿਆਂ ਦਾ ਬਿਆਨ ਹੈ ਜੋ ਪਿਛਲੇ ਤੇ ਮੌਜੂਦਾ ਸਮੇਂ ਨੂੰ ਇਕ ਸੂਤਰ ਵਿਚ ਪੋਰਇਆ ਗਿਆ ਹੈ।
ਪ੍ਰਕਾਸ਼ਕਾਂ ਅਨੁਸਾਰ ਇਹ ਕਹਾਣੀ ਦਾਦੀ ਤੋਂ ਸ਼ੁਰੂ ਹੁੰਦੀ ਹੈ ਜੋ ’47 ਦੀ ਵੰਡ ਵੇਲੇ ਲਾਹੌਰ ਤੋਂ ਭਾਰਤ ਆਉਂਦੀ ਹੈ, ਫੇਰ ਉਸ ਦੇ ਮਾਂ-ਬਾਪ ਵਿਚਲਾ ਰੁਮਾਂਸ, ਆਪਣੇ ਪਿਤਾ ਨੂੰ ਗਵਾਉਣਾ, ਆਪਣੇ ਕਾਲਜ ਦਿਨਾਂ ਦੀਆਂ ਗਤੀਵਿਧੀਆਂ ਦਾ ਜ਼ਿਕਰ ਹੈ।
ਗੁਰਮੇਹਰ ਕੌਰ ਲਿਖਦੀ ਹੈ, ‘ਮੈਂ ਉਦੋਂ ਸਿਰਫ਼ 8 ਵਰ੍ਹਿਆਂ ਦੀ ਸੀ ਜਦੋਂ ਮੈਂ ਕੋਈ ਮੁਕੰਮਲ ਕਿਤਾਬ ਪੜ੍ਹੀ ਸੀ। ਇਹ ਕਿਤਾਬ ਸੀ ਐਨਿਡ ਬਲੇਟੋਨ ਦੀ ‘ਮਿਸਟਰ ਪਿੰਕ ਵਿਸਲਜ਼ ਗੈੱਟਸ ਅ ਲਾਫ਼’। ਤੇ ਇਹ ਕਿਤਾਬ ਪੜ੍ਹ ਕੇ ਮੈਨੂੰ ਪੜ੍ਹਨ ਦੀ ਚੇਟਕ ਲੱਗੀ। ਮੈਂ ਕਹਾਣੀਆਂ ਦੇ ਸੰਸਾਰ ਵਿਚ ਵਿਚਰਦੀ ਇਹ ਮਹਿਸੂਸ ਕਰਨ ਲੱਗੀ ਕਿ ਇਕ ਦਿਨ ਮੈਂ ਵੀ ਕੋਈ ਕਹਾਣੀ ਦੁਨੀਆ ਅੱਗੇ ਪੇਸ਼ ਕਰਾਂਗੀ। ਤੇ ਇਹ ਸ਼ੁਰੂਆਤ ਡਾਇਰੀ ਦੇ ਰੂਪ ਵਿਚ ਹੋਈ ਤੇ ਛੋਟੀਆਂ ਛੋਟੀਆਂ ਕਵਿਤਾਵਾਂ, ਲੇਖ ਲਿਖੇ।’
ਪੈਨਗਿਊਨ ਰੈਨਡਮ ਹਾਊਸ ਇੰਡੀਆ ਦੀ ਸੀਨੀਅਰ ਕਮਿਸ਼ਨਿੰਗ ਐਡਿਟਰ ਮਾਨਸੀ ਸੁਬਰਾਮਨੀਅਮ ਦਾ ਕਹਿਣਾ ਹੈ ਕਿ ਗੁਰਮੇਹਰ ਕੋਈ ਸਾਧਾਰਨ ਲੜਕੀ ਨਹੀਂ ਹੈ, ਜਿਸ ਨੂੰ ਛੋਟੀ ਜਿਹੀ ਪਰਿਭਾਸ਼ਾ ਰਾਹੀਂ ਸੀਮਤ ਕੀਤਾ ਜਾ ਸਕੇ। ਜੋ ਉਹ ਨਜ਼ਰ ਆਉਂਦੀ ਹੈ, ਉਸ ਦੀਆਂ ਸੀਮਾਵਾਂ ਉਸ ਤੋਂ ਵੀ ਪਰ੍ਹੇ ਹਨ। ਪੈਨਗਿਊਨ ਰੈਨਡਮ ਹਾਊਸ ਇੰਡੀਆ ਦੀ ਐਡਿਟਰ ਇਨ ਚੀਫ਼ ਮੀਰੂ ਗੋਖਲੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੁਰਮੇਹਰ ਦੇ ਵਿਲੱਖਣ ਤੇ ਖ਼ਾਸ ਲਹਿਜ਼ੇ ਨੂੰ ਪੰਨਿਆਂ ‘ਤੇ ਉਤਾਰ ਕੇ ਬੇਹੱਦ ਖ਼ੁਸ਼ੀ ਮਿਲੇਗੀ।