ਪਤਨੀ ਦੀ ਥਾਂ ਨਵਜੋਤ ਸਿੱਧੂ ਲੜਨਗੇ ਕਾਂਗਰਸ ਦੀ ਟਿਕਟ ਉਪਰ ਚੋਣ

ਪਤਨੀ ਦੀ ਥਾਂ ਨਵਜੋਤ ਸਿੱਧੂ ਲੜਨਗੇ ਕਾਂਗਰਸ ਦੀ ਟਿਕਟ ਉਪਰ ਚੋਣ

ਜੇ ਸਿੱਧੂ ਨੂੰ ਉਪ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਤਾਂ ਸਵੀਕਾਰ ਕਰਨਗੇ : ਨਵਜੋਤ ਕੌਰ ਸਿੱਧੂ
ਅੰਮ੍ਰਿਤਸਰ/ਬਿਊਰੋ ਨਿਊਜ਼ :
ਭਾਜਪਾ ਛੱਡ ਕੇ ਘਰ ਤੇ ਘਾਟ ਦੀ ਭਾਲ ਵਿੱਚ ਇਧਰ ਉਧਰ ਭੱਜ ਰਹੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਥਾਂ ਉਨ੍ਹਾਂ ਦੇ ਪਤੀ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਕਾਂਗਰਸ ਦੀ ਟਿਕਟ ਉਪਰ ਚੋਣ ਲੜਨਗੇ।  ਡਾ. ਸਿੱਧੂ ਨੇ ਖੁਲਾਸਾ ਕੀਤਾ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਉਹ ਨਹੀਂ ਲੜ ਰਹੇ ਹਨ, ਸਗੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਉਮੀਦਵਾਰ ਹੋਣਗੇ। ਉਨ੍ਹਾਂ ਆਖਿਆ ਕਿ ਜਲਦੀ ਹੀ ਉਨ੍ਹਾਂ ਦੇ ਪਤੀ ਕਾਂਗਰਸ ਵਿੱਚ ਰਸਮੀ ਤੌਰ ‘ਤੇ ਸ਼ਾਮਲ ਹੋ ਜਾਣਗੇ। ਉਨ੍ਹਾਂ ਸਪਸ਼ਟ ਕੀਤਾ ਕਿ ਕਾਂਗਰਸ ਦੇ ਨਿਯਮ ਮੁਤਾਬਕ ਇਕ ਪਰਿਵਾਰ ਵਿਚੋਂ ਇਕ ਜੀਅ ਹੀ ਚੋਣ ਲੜੇਗਾ ਤੇ ਉਹ ਪਤੀ ਦੀ ਸਹਾਇਕ ਵਜੋਂ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਵੀ ਸਿੱਧੂ ਪਰਿਵਾਰ ਦਾਅਵੇਦਾਰ ਨਹੀਂ ਹੋਵੇਗਾ। ਸਿੱਧੂ ਪਰਿਵਾਰ ਕਾਂਗਰਸ ਵਲੋਂ ਬਣਾਏ ਨਿਯਮਾਂ ਦੀ ਪਾਲਣਾ ਕਰੇਗਾ।
ਸ੍ਰੀ ਸਿੱਧੂ ਵੱਲੋਂ ਕਾਂਗਰਸ ਵਿੱਚ ਬਿਨਾਂ ਸ਼ਰਤ ਸ਼ਮੂਲੀਅਤ ਦਾ ਦਾਅਵਾ ਕਰਦਿਆਂ ਡਾ. ਸਿੱਧੂ ਨੇ ਆਖਿਆ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਕਮਾਂਡ ਹੇਠ ਸੂਬੇ ਦੇ ਵਿਕਾਸ ਲਈ ਕੰਮ ਕਰਨਗੇ। ਪਾਰਟੀ ਵਲੋਂ ਜੋ ਵੀ ਸੇਵਾ ਸੌਂਪੀ ਜਾਵੇਗੀ, ਉਸ ਨੂੰ ਖੁਸ਼ੀ ਨਾਲ ਪੂਰਾ ਕਰਨਗੇ। ਜੇਕਰ ਪਾਰਟੀ ਹਾਈਕਮਾਂਡ ਵੱਲੋਂ ਕਾਂਗਰਸ ਸਰਕਾਰ ਆਉਣ ‘ਤੇ ਉਪ ਮੁੱਖ ਮੰਤਰੀ ਦਾ ਅਹੁਦਾ ਸੌਂਪਿਆ ਗਿਆ ਤਾਂ ਸ੍ਰੀ ਸਿੱਧੂ ਉਸ ਨੂੰ ਸਵੀਕਾਰ ਕਰਨਗੇ। ਮੁੱਖ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਦੇ ਪਤੀ ਦਾਅਵੇਦਾਰ ਨਹੀਂ ਹਨ।

ਸਿੱਧੂ ਨੇ ਕੀਤੀ ਰਾਹੁਲ ਗਾਂਧੀ ਨਾਲ ਮੁਲਾਕਾਤ :
ਨਵੀਂ ਦਿੱਲੀ:  ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਇਥੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਰਿਹਾਇਸ਼ ਉਪਰ ਮੁਲਾਕਾਤ ਕੀਤੀ। ਦੋਵਾਂ ਵਿਚਾਲੇ 45 ਮਿੰਟ ਤੱਕ ਮੀਟਿੰਗ ਚੱਲੀ। ਵਰਨਣਯੋਗ ਹੈ ਕਿ ਸ੍ਰੀ ਸਿੱਧੂ ਦੀ ਪਤਨੀ ਡਾ. ਸਿੱਧੂ ਪਹਿਲਾਂ ਹੀ ਕਾਂਗਰਸ ਦਾ ਲੜ ਫੜ ਚੁੱਕੇ ਹਨ। ਕਾਂਗਰਸ ਨੇ ਹਾਲ ਹੀ ਦੌਰਾਨ ਆਪਣੇ 61 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ ਤੇ ਉਸ ਵੱਲੋਂ ਦੂਜੀ ਸੂਚੀ ਛੇਤੀ ਹੀ ਜਾਰੀ ਕੀਤੀ ਜਾਣ ਵਾਲੀ ਹੈ। ਪਾਰਟੀ ਵੱਲੋਂ ਉਮੀਦਵਾਰੀ ਹਾਸਲ ਕਰਨ ਲਈ ਸਿੱਧੂ ਨੇ ਕਾਂਗਰਸ ਵਿੱਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਉਨ੍ਹਾਂ ਦੀ ਕਾਂਗਰਸ ਵਿੱਚ ਸ਼ਮੂਲੀਅਤ ਅੱਜ-ਭਲਕ ਹੋ ਸਕਦੀ ਹੈ।