‘ਆਪ’ ‘ਚ ਬਗ਼ਾਵਤ ਹੋਈ ਤੇਜ਼, ਵਾਲੰਟੀਅਰਾਂ ਨੇ ਟਿਕਟਾਂ ਬਦਲਣ ਲਈ ਕੇਜਰੀਵਾਲ ਨੂੰ ਦਿੱਤਾ ਅਲਟੀਮੇਟਮ

‘ਆਪ’ ‘ਚ ਬਗ਼ਾਵਤ ਹੋਈ ਤੇਜ਼, ਵਾਲੰਟੀਅਰਾਂ ਨੇ ਟਿਕਟਾਂ ਬਦਲਣ ਲਈ ਕੇਜਰੀਵਾਲ ਨੂੰ ਦਿੱਤਾ ਅਲਟੀਮੇਟਮ

ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਆਪ) ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਾਲੰਟੀਅਰਾਂ ਅਤੇ ਆਗੂਆਂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ 48 ਘੰਟਿਆਂ ਵਿੱਚ ‘ਸੇਲ’ ਕੀਤੀਆਂ 59 ਟਿਕਟਾਂ ਬਦਲਣ ਦਾ ਅਲਟੀਮੇਟਮ ਦਿੱਤਾ ਹੈ। ਵਾਲੰਟੀਅਰਾਂ ਨੇ ਬਦਲੀਆਂ ਜਾਣ ਵਾਲੀਆਂ 59 ਸੀਟਾਂ ਦੀ ਸੂਚੀ ਵੀ ਜਾਰੀ ਕੀਤੀ ਜਿਸ ਵਿਚ ਸਾਹਨੇਵਾਲ, ਬਾਘਾਪੁਰਾਣਾ, ਮੁਹਾਲੀ, ਗਿੱਦੜਬਾਹਾ, ਰਾਜਾਸਾਂਸੀ, ਬਠਿੰਡਾ ਸ਼ਹਿਰੀ, ਤਲਵੰਡੀ ਸਾਬੋ, ਖੰਨਾ, ਨਵਾਂ ਸ਼ਹਿਰ, ਖਰੜ, ਮੋਗਾ, ਧਰਮਕੋਟ, ਨਕੋਦਰ ਵਗੈਰਾ ਸ਼ਾਮਲ ਹਨ।  ਵਾਲੰਟੀਅਰਾਂ ਨੇ ਇਨ੍ਹਾਂ ਵਿੱਚੋਂ 32 ਸੀਟਾਂ ‘ਤੇ ਆਪਣੇ ਵੱਲੋਂ ਉਮੀਦਵਾਰਾਂ ਦੇ ਨਾਂ ਵੀ ਤਜਵੀਜ਼ ਕੀਤੇ ਹਨ।
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਪਾਰਟੀ ਵਾਲੰਟੀਅਰਾਂ ਅਤੇ ਆਗੂਆਂ ਨੇ ਇਥੇ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਾਇਆ ਕਿ ਪਾਰਟੀ ਵੱਲੋਂ ਹੁਣ ਤਕ ਐਲਾਨੇ 91 ਉਮੀਦਵਾਰਾਂ ਵਿੱਚੋਂ 65 ਫੀਸਦ ਉਮੀਦਵਾਰਾਂ (59) ਨੂੰ ਕਥਿਤ ਟਿਕਟਾਂ ਵੇਚੀਆਂ ਗਈਆਂ ਹਨ। ‘ਆਪ’ ਦੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਵਿੱਚ ਸ਼ਾਮਲ ਹਰਿਆਣਾ ਬਿਜਲੀ ਬੋਰਡ ਦੇ ਸਾਬਕਾ ਮੁੱਖ ਇੰਜਨੀਅਰ ਕਾਬਲ ਸਿੰਘ ਕੁਲਾਰ, ਪੰਜਾਬ ਪੁਲੀਸ ਵਿਚੋਂ ਡੀਆਈਜੀ ਸੇਵਾਮੁਕਤ ਦਰਸ਼ਨ ਸਿੰਘ ਮਹਿਮੀ, ਕਿਸਾਨ ਵਿੰਗ ਖਡੂਰ ਸਾਹਿਬ ਦੇ ਜ਼ੋਨਲ ਇੰਚਾਰਜ ਡਾ. ਹਰਿੰਦਰ ਸਿੰਘ ਜ਼ੀਰਾ, ਜੰਡਿਆਲਾ ਗੁਰੂ ਦੇ ਜ਼ੋਨ ਕੋਆਰਡੀਨੇਟਰ ਗੁਪਤੇਸ਼ਵਰ ਬਾਵਾ ਸਮੇਤ ਦਰਜਨਾਂ ਵਾਲੰਟੀਅਰਾਂ ਨੇ ਦੋਸ਼ ਲਾਇਆ ਕਿ ਦਿੱਲੀ ਦੀ ਟੀਮ ਨੇ ਪੰਜਾਬੀਆਂ ਦਾ ਰੱਜ ਕੇ ਸ਼ੋਸ਼ਣ ਕੀਤਾ ਅਤੇ ਵਾਲੰਟੀਅਰਾਂ ਦੀ ਖੂਨ-ਪਸੀਨੇ ਦੀ ਮਿਹਨਤ ਦਾ ਨੋਟਾਂ ਬਦਲੇ ਟਿਕਟਾਂ ਵੰਡ ਕੇ ਮੁੱਲ ਵੱਟਿਆ ਹੈ। ਉਨ੍ਹਾਂ ਸ੍ਰੀ ਕੇਜਰੀਵਾਲ ਨੂੰ 48 ਘੰਟੇ ਦਾ ਅਲਟੀਮੇਟਮ ਦੇ ਕੇ ਪੰਜ ਮੰਗਾਂ ਪ੍ਰਵਾਨ ਕਰਨ ਲਈ ਆਖਿਆ ਹੈ। ਇਨ੍ਹਾਂ ਮੰਗਾਂ ਵਿੱਚ ‘ਸੇਲ’ ਕੀਤੀਆਂ 59 ਟਿਕਟਾਂ ਵਾਪਸ ਲੈ ਕੇ ਵਾਲੰਟੀਅਰਾਂ ਨੂੰ ਦੇਣ, ਦਿੱਲੀ ਦੀ ਤਿੱਕੜੀ ਸੰਜੇ ਸਿੰਘ, ਦੁਰਗੇਸ਼ ਪਾਠਕ ਤੇ ਜਰਨੈਲ ਸਿੰਘ ਨੂੰ ਵਾਪਸ ਸੱਦ ਕੇ ਕਮਾਂਡ ਪੰਜਾਬੀਆਂ ਦੇ ਹੱਥ ਸੌਂਪਣ ਅਤੇ ਪੰਜਾਬ ਤੇ ਵਿਦੇਸ਼ ਵਿੱਚੋਂ ਆਏ ਫੰਡ ਨੂੰ ਜਨਤਕ ਕਰਨ, ਪੰਜਾਬ ਵਿੱਚੋਂ ਇਕੱਠਾ ਕੀਤਾ ਫੰਡ ਇਥੇ ਹੀ ਵਰਤਣ ਅਤੇ ਪਾਰਟੀ ਵਿੱਚੋਂ ਕੱਢੇ ਸੰਸਦ ਮੈਂਬਰਾਂ ਡਾ. ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖ਼ਾਲਸਾ, ਡਾ. ਦਲਜੀਤ ਸਿੰਘ, ਪ੍ਰੋਫੈਸਰ ਮਨਜੀਤ ਸਿੰਘ ਤੇ ਜੱਸੀ ਜਸਰਾਜ ਨੂੰ ਬਹਾਲ ਕਰਨਾ ਸ਼ਾਮਲ ਹੈ।