ਪਾਕਿਸਤਾਨ ‘ਚ ਪਹਿਲੀ ਵਾਰ ਸਿੱਖ ਨੌਜਵਾਨ ਨਜ਼ਰ ਆਏਗਾ ਫ਼ਿਲਮ ਵਿਚ

ਪਾਕਿਸਤਾਨ ‘ਚ ਪਹਿਲੀ ਵਾਰ ਸਿੱਖ ਨੌਜਵਾਨ ਨਜ਼ਰ ਆਏਗਾ ਫ਼ਿਲਮ ਵਿਚ

ਲਾਹੌਰ/ਬਿਊਰੋ ਨਿਊਜ਼ :
ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਪਗੜੀਧਾਰੀ ਸਿੱਖ ਨੌਜਵਾਨ ਵੱਡੇ ਪਰਦੇ ‘ਤੇ ਆਪਣੀ ਅਦਾਕਾਰੀ ਦੇ ਜਲਵੇ ਦਿਖਾਏਗਾ। ਲਾਹੌਰ ਦੇ ਤਰਨਜੀਤ ਸਿੰਘ ਨੂੰ ਵੱਡੇ ਬਜਟ ਦੀ ਬਣਨ ਜਾ ਰਹੀ ਪਾਕਿਸਤਾਨੀ ਫਿਲਮ ‘ਏ ਦਿਲ ਮੇਰੇ ਚਲ ਰੇ’ ਵਿਚ ਸਹਿ-ਅਭਿਨੇਤਾ ਦੇ ਤੌਰ ‘ਤੇ ਲਿਆ ਗਿਆ ਹੈ। ਉਮਰ ਪ੍ਰੋਡਕਸ਼ਨ ਵੱਲੋਂ ਬਣਾਈ ਜਾ ਰਹੀ ਇਸ ਫਿਲਮ ਦੇ ਨਿਰਦੇਸ਼ਕ ਜ਼ਮਾਲ ਸ਼ਾਹ ਹਨ। ਤਰਨਜੀਤ ਸਿੰਘ ਅਨੁਸਾਰ ਉਹ ਪਿਛਲੇ ਸੱਤ ਸਾਲ ਤੋਂ ਵੱਖ-ਵੱਖ ਪਾਕਿਸਾਨ ਟੀ.ਵੀ. ਚੈਨਲਾਂ ਲਈ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਦਾ ਆ ਰਿਹਾ ਹੈ ਤੇ ਉਹ ਹੁਣ ਤੱਕ 200 ਤੋਂ ਵਧੇਰੇ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰ ਚੁੱਕਾ ਹੈ। ਵਿਸ਼ੇਸ਼ ਤੌਰ ‘ਤੇ ਪਾਕਿ ਟੀ. ਵੀ. ਦੇ ਨੌਜਵਾਨ ਲੜਕੇ-ਲੜਕੀਆਂ ਦਾ ਪਸੰਦੀਦਾ ਐਂਕਰ ਬਣ ਚੁੱਕੇ ਤਰਨਜੀਤ ਸਿੰਘ ਨੇ ਆਪਣੀ ਆਉਣ ਵਾਲੀ ਫਿਲਮ ‘ਏ ਦਿਲ ਮੇਰੇ ਚਲ ਰੇ’ ਬਾਰੇ ਦੱਸਿਆ ਕਿ ਫਿਲਮ ਦੀ ਵਧੇਰੇ ਸ਼ੂਟਿੰਗ ਲਾਹੌਰ, ਇਸਲਾਮਾਬਾਦ ਤੇ ਕਰਾਚੀ ਵਿਚ ਕੀਤੀ ਗਈ ਹੈ ਅਤੇ ਦਰਸ਼ਕ ਇਹ ਫਿਲਮ ਇਸ ਸਾਲ ਦੇ ਅਖੀਰ ਤੱਕ ਪਾਕਿਸਤਾਨ ਦੇ ਸਿਨੇਮਾ-ਘਰਾਂ ਵਿਚ ਵੇਖ ਸਕਣਗੇ।