ਅਧਿਆਤਮ ਤੋਂ ਟੁੱਟਣ ਕਾਰਨ ਆਧੁਨਿਕਤਾ ਦਾ ਸੰਕਲਪ ਆਪਣੇ ਨਿਸ਼ਾਨੇ ਤੋਂ ਖੁੰਝ ਰਿਹੈ : ਅਜਮੇਰ ਸਿੰਘ

ਅਧਿਆਤਮ ਤੋਂ ਟੁੱਟਣ ਕਾਰਨ ਆਧੁਨਿਕਤਾ ਦਾ ਸੰਕਲਪ ਆਪਣੇ ਨਿਸ਼ਾਨੇ ਤੋਂ ਖੁੰਝ ਰਿਹੈ : ਅਜਮੇਰ ਸਿੰਘ

‘ਆਧੁਨਿਕਤਾ ਇਕ ਪੜਚੋਲ’ ਵਿਸ਼ੇ ‘ਤੇ ਵਿਚਾਰ-ਚਰਚਾ
ਅਧਿਆਤਮ ਤੇ ਆਧੁਨਿਕਤਾ ਵਿਚਾਲੇ ਡੂੰਘੇ ਵਖਰੇਵੇਂ : ਪ੍ਰੋ. ਕੰਵਲਜੀਤ ਸਿੰਘ
ਲੁਧਿਆਣਾ/ਬਿਊਰੋ ਨਿਊਜ਼
ਉੱਘੇ ਸਿੱਖ ਵਿਦਵਾਨ ਅਤੇ ਇਤਿਹਾਸਕਾਰ ਅਜਮੇਰ ਸਿੰਘ ਦਾ ਕਹਿਣਾ ਹੈ ਕਿ ਅਧਿਆਤਮ ਤੋ ਟੁੱਟ ਕੇ ਆਧੁਨਿਕਤਾ ਦਾ ਸੰਕਲਪ ਆਪਣੇ ਨਿਸ਼ਾਨੇ ਤੋ ਖੁੰਝ ਰਿਹਾ ਹੈ। ਸੰਵਾਦ ਸੰਸਥਾ ਵਲੋਂ ‘ਆਧੁਨਿਕਤਾ ਇਕ ਪੜਚੋਲ’ ਵਿਸ਼ੇ ‘ਤੇ ਸਥਾਨਕ ਪੰਜਾਬੀ ਭਵਨ ਵਿਚ ਲੰਘੇ ਸ਼ਨਿਚਰਵਾਰ ਕਰਵਾਈ ਵਿਚਾਰ ਹੋਈ ਚਰਚਾ ਮੌਕੇ ਜਮਹੂਰੀਅਤ ਪ੍ਰਬੰਧ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਸਿਧਾਂਤ ਸੱਤਾ ਬਦਲਾਅ ਨੂੰ ਨਹੀਂ ਬਲਕਿ ਸਮਾਜਿਕ ਤੇ ਮਾਨਸਿਕ ਬਦਲਾਅ ਨੂੰ ਬਿਆਨਦੇ ਹਨ। ਉਨ੍ਹਾਂ ਕਿਹਾ ਕਿ ਸਿੱਖੀ ਦੀ ਆਤਮਾ ਉਪਰਕੋਤ ਘਟਨਾਕਰਮ ਤੋਂ ਬਹੁਤ ਉਪਰ ਹੈ। ਸਿੱਖੀ ਵਿਚ ਮਨੁੱਖ ਨੂੰ ਸੰਪੂਰਨ ਮਨੁੱਖ ਬਣਾਉਣ ਲਈ ਰਾਜ ਇਕ ਸਾਧਨ ਹੋਵੇਗਾ। ਅਜਮੇਰ ਸਿੰਘ ਨੇ ਕਿਹਾ ਕਿ ਯੂਰਪੀ ਪਦਾਰਥਵਾਦ ਦੇ ਸਿਧਾਂਤ ਵਿਚ ਸੱਤਾ ਪ੍ਰਾਪਤੀ ਦਾ ਮਕਸਦ ਸਾਧਨਾਂ ‘ਤੇ ਕਬਜ਼ਾ ਕਰਨਾ ਹੁੰਦਾ ਹੈ ਜਦਕਿ ਅਧਿਆਤਮਵਾਦ ਵਿਚ ਰਾਜ ਸੱਤਾ ਨੂੰ ਮਨੁੱਖਤਾ ਦੀ ਭਲਾਈ ਲਈ ਸਾਧਨ ਬਣਾਉਣ ਦਾ ਸੰਕਲਪ ਹੈ ਜੋ ਕਿ ਗੁਰਮਤਿ ਵਿਚਾਰਧਾਰਾ ਤੇ ਸਿੱਖ ਸਿਧਾਂਤਾਂ ਦਾ ਮੂਲ ਹੈ। ਆਧੁਨਿਕਤਾ ਦੇ ਉਘੜਵੇਂ ਲੱਛਣ ਜਾਂ ਨੁਕਸ ਬਾਰੇ ਵਿਸਥਾਰ ਨਾਲ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਆਧੁਨਿਕਤਾ ਦਾ ਸੰਕਲਪ ਆਪਣੇ ਨਿਸ਼ਾਨੇ ਤੋਂ ਖੁੰਝ ਰਿਹਾ ਹੈ।
ਸ੍ਰੀ ਗੁਰੂ ਅੰਗਦ ਦੇਵ ਕਾਲਜ ਦੇ ਪ੍ਰੋ. ਕੰਵਲਜੀਤ ਸਿੰਘ ਨੇ ਕਿਹਾ ਕਿ ਅਧਿਆਤਮ ਤੋਂ ਆਧੁਨਿਕਤਾ ਵਿਚਾਲੇ ਮੂਲ ਵਖਰੇਵੇਂ ਬੇਹੱਦ ਡੂੰਘੇ ਹਨ। ਉਨ੍ਹਾਂ ਕਿਹਾ ਕਿ ਅਧਿਆਤਮ ਦਾ ਮੂਲ ਸਿਧਾਂਤ ਕਾਦਰ ਵੱਲੋਂ ਕਾਇਨਾਤ ਵਿਚ ਬਖ਼ਸ਼ੀਆਂ ਸਹੂਲਤਾਂ ਤੇ ਵਸਤੂਆਂ ਲਈ ਸ਼ੁਕਰਗੁਜਾਰ ਹੋਣਾ ਸਿਖਾਇਆ ਜਾਂਦੈ ਜਦਕਿ ਆਧੁਨਿਕਤਾ ਦਾ ਮੂਲ ਸਿਧਾਂਤ ਕੇਵਲ ਜੀਵਨ ਲਈ ਸੁਖ ਸਹੂਲਤਾਂ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਆਧੁਨਿਕਤਾ ਦੇ ਪ੍ਰਭਾਵ ਹੇਠ ਆ ਕੇ ਪੁਰਾਤਨ ਵਿਦਵਾਨਾਂ ਵਲੋਂ ਕੀਤੇ ਗੁਰਬਾਣੀ ਦੇ ਅਰਥਾਂ ਨੇ ਵੀ ਗੁਰਮਤਿ ਵਿਚਾਰਧਾਰਾ ਦੇ ਮੂਲ ਅਧਿਆਤਮ ਨੂੰ ਵੱਖਰੇ ਢੰਗ ਨਾਲ ਪੇਸ ਕਰਨ ਦਾ ਯਤਨ ਕੀਤਾ, ਇਸੇ ਯਤਨ ਕਾਰਨ ਸਿੱਖ ਕੌਮ ਵਿਚ ਕਈ ਨਵੇਂ ਬਖੇੜਿਆਂ ਨੇ ਜਨਮ ਲਿਆ।
ਮਨਧੀਰ ਸਿੰਘ ਨੇ ਵਿਚਾਰ ਚਰਚਾ ਦੌਰਾਨ ਸਟੇਜ ਸਕੱਤਰ ਦੀ ਜੁੰਮੇਵਾਰੀ ਨਿਭਾਉਂਦਿਆਂ ਦੋਵਾਂ ਵਿਦਵਾਨਾਂ ਦੇ ਵਿਚਾਰਾਂ ਦਾ ਤੱਤ ਨਾਲੋ ਨਾਲ ਬਹੁਤ ਹੀ ਸੰਖੇਪ ਅਤੇ ਸੇਧਤ ਰੂਪ ਵਿੱਚ ਸਰੋਤਿਆਂ ਨਾਲ ਸਾਝਾ ਕੀਤਾ।
ਇਸ ਮੌਕੇ ਭਾਈ ਦਲਜੀਤ ਸਿੰਘ ਬਿੱਟੂ, ਡਾ.ਸੇਵਕ ਸਿੰਘ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਪ੍ਰੋ. ਸਿਕੰਦਰ ਸਿੰਘ, ਪ੍ਰੋ. ਦਰਸ਼ਨ ਸਿੰਘ, ਪ੍ਰੋ. ਜਗਮੋਹਣ ਸਿੰਘ ਟੋਨੀ, ਪਰਮਜੀਤ ਸਿੰਘ ਗਾਜ਼ੀ ਅਤੇ ਹੋਰ ਸਿੱਖ ਚਿੰਤਕ ਵੀ ਹਾਜ਼ਰ ਸਨ।