ਭਾਈ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼-ਪੰਜ ਪਿਆਰੇ ਕਰਨਗੇ ਸਰਬੱਤ ਖ਼ਾਲਸਾ ਦੀ ਅਗਵਾਈ

ਭਾਈ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼-ਪੰਜ ਪਿਆਰੇ ਕਰਨਗੇ ਸਰਬੱਤ ਖ਼ਾਲਸਾ ਦੀ ਅਗਵਾਈ

ਚੰਡੀਗੜ੍ਹ/ਬਿਊਰੋ ਨਿਊਜ਼ :
‘ਸਰਬੱਤ ਖ਼ਾਲਸਾ’ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਥਾਪੇ ਗਏ ਭਾਈ ਜਗਤਾਰ ਸਿੰਘ ਹਵਾਰਾ ਨੇ ਤਿਹਾੜ ਜੇਲ੍ਹ, ਦਿੱਲੀ ਤੋਂ ਭੇਜੀ ਚਿੱਠੀ ਰਾਹੀਂ 10 ਨਵੰਬਰ ਨੂੰ ਸੱਦੇ ਸਰਬੱਤ ਖਾਲਸਾ ਦੀ ਅਗਵਾਈ ਜਥੇਦਾਰਾਂ ਦੀ ਥਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਰਤਰਫ਼ ਕੀਤੇ ਪੰਜ ਪਿਆਰਿਆਂ ਵੱਲੋਂ ਕਰਨ ਦਾ ‘ਹੁਕਮਨਾਮਾ’ ਜਾਰੀ ਕੀਤਾ ਹੈ।
ਸ੍ਰੀ ਹਵਾਰਾ ਦੇ ਵਕੀਲ ਅਮਰ ਸਿੰਘ ਚਾਹਲ ਨੇ ਗੁਰਚਰਨ ਸਿੰਘ ਬਹਾਦਰਗੜ੍ਹ ਅਤੇ ਬਲਵਿੰਦਰ ਸਿੰਘ ਦੌਣਕਲਾਂ ਦੀ ਮੌਜੂਦਗੀ ਵਿੱਚ ਜੇਲ੍ਹ ਤੋਂ ਭੇਜੀ ਚਿੱਠੀ ਪੱਤਰਕਾਰਾਂ ਸਾਹਮਣੇ ਖੋਲ੍ਹ ਕੇ ਪੜ੍ਹੀ। ਚਿੱਠੀ ਵਿੱਚ ਭਾਈ ਜਥੇਦਾਰ ਹਵਾਰਾ ਨੇ ਸਪਸ਼ਟ ਲਿਖਿਆ ਹੈ ਕਿ ਇਸ ਵਾਰ 10 ਨਵੰਬਰ ਨੂੰ ਸੱਦੇ ਗਏ ਸਰਬੱਤ ਖ਼ਾਲਸਾ ਦੀ ਅਗਵਾਈ ਪੰਜ ਪਿਆਰੇ ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਖ਼ਾਲਸਾ, ਭਾਈ ਮੇਜਰ ਸਿੰਘ, ਭਾਈ ਤਰਲੋਕ ਸਿੰਘ ਅਤੇ ਭਾਈ ਮੰਗਲ ਸਿੰਘ ਕਰਨ। ‘ਸਰਬੱਤ ਖ਼ਾਲਸਾ’ ਮੌਕੇ ਥਾਪੇ ਗਏ ਬਾਕੀ ਤਖ਼ਤਾਂ ਦੇ ਜਥੇਦਾਰ ਇਸ ਦੀ ਸਰਪ੍ਰਸਤੀ ਕਰਨਗੇ। ਸਰਬੱਤ ਖਾਲਸਾ ਦੀ ਤਿਆਰੀ, ਮਤਿਆਂ ਅਤੇ ਹੋਰ ਮਾਮਲਿਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਕਾਰਜਕਾਰਨੀ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ ਗਿਆ ਹੈ। ਕਾਰਜਕਾਰਨੀ ਦੀ ਅਗਵਾਈ ਵੀ ਪੰਜ ਪਿਆਰੇ ਹੀ ਜਥੇਦਾਰਾਂ ਨੂੰ ਭਰੋਸੇ ਵਿੱਚ ਲੈ ਕੇ ਕਰਨਗੇ। ਕਾਰਜਕਾਰਨੀ ਕਮੇਟੀ ਦੀ ਇਤਿਹਾਸਕ ਮੀਟਿੰਗ ਛੇਤੀ ਸੱਦੀ ਜਾਵੇਗੀ, ਜਿਸ ਵਿੱਚ ਸਮੁੱਚੇ ਸਿੱਖ ਜਗਤ ਦੀਆਂ ਧਾਰਮਿਕ ਅਤੇ ਰਾਜਸੀ ਧਿਰਾਂ ਸ਼ਾਮਲ ਹੋਣਗੀਆਂ। ਹਵਾਰਾ ਨੇ ਲਿਖਿਆ ਕਿ 24 ਸਤੰਬਰ ਦਾ ਦਿਨ ਸਿੱਖ ਇਤਿਹਾਸ ਵਿੱਚ ਸਦਾ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ ਕਿਉਂਕਿ ਪਿਛਲੇ ਸਾਲ ਇਸ ਦਿਨ ਅਕਾਲ ਤਖ਼ਤ ਅਤੇ ਹੋਰ ਤਖ਼ਤਾਂ ਦੇ ‘ਸਰਕਾਰ’ ਵੱਲੋਂ ਥਾਪੇ ਜਥੇਦਾਰਾਂ ਨੇ ਕੌਮ ਦੀ ਭਾਵਨਾ ਦੇ ਉਲਟ ਡੇਰਾ ਮੁਖੀ ਨੂੰ ਬਿਨਾਂ ਮੰਗਿਆ ਹੀ ਮੁਆਫ਼ੀ ਦੇ ਦਿੱਤੀ। ਹਵਾਰਾ ਨੇ ਆਪਣੀ ਚਾਰ ਸਫਿਆਂ ਦੀ ਚਿੱਠੀ ਦੇ ਅਖੀਰ ਵਿਚ ਜੇਲ੍ਹਾਂ ਕੱਟ ਰਹੇ ਸਿੰਘਾਂ ਨੂੰ ਵੀ ਪੰਥਕ ਏਕਤਾ ਲਈ ਸਹਿਯੋਗ ਦੇਣ ਦਾ ਹੋਕਾ ਦਿੱਤਾ ਹੈ।
ਪੰਜ ਪਿਆਰਿਆਂ ਨੇ ਬਣਾਈ ਸੱਤ ਮੈਂਬਰੀ ਕਮੇਟੀ :
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਵੱਲੋਂ ਬਰਤਰਫ਼ ਕੀਤੇ ਪੰਜ ਪਿਆਰਿਆਂ ਨੇ ਪੰਥਕ ਏਕਤਾ ਵਾਸਤੇ ਸੱਤ ਮੈਂਬਰੀ ਕਮੇਟੀ ਬਣਾਈ ਹੈ। ਕਮੇਟੀ ਵਿੱਚ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ, ਬਾਬਾ ਰਾਮ ਸਿੰਘ ਦਮਦਮੀ ਟਕਸਾਲ, ਭਾਈ ਬਖਸ਼ੀਸ਼ ਸਿੰਘ ਅਖੰਡ ਕੀਰਤਨੀ ਜਥਾ, ਬਾਬਾ ਹਰੀ ਸਿੰਘ ਰੰਧਾਵੇ ਵਾਲੇ ਤੇ ਬਾਬਾ ਪਿਆਰਾ ਸਿੰਘ ਨਿਰਮਲੇ ਸ਼ਾਮਲ ਹਨ।